ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News ਪਰਮਾਣੂ ਹਥਿਆਰਾ...

    ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ਤੇ ਚਿੰਤਾ

    ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ਤੇ ਚਿੰਤਾ

    ਰੂਸ ਅਤੇ ਯੂਕਰੇਨ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਜੰਗ ਭਿਆਨਕ ਤਬਾਹੀ ਅਤੇ ਸਰਵਨਾਸ਼ ਦਾ ਕਾਰਨ ਬਣਦੀ ਦਿਸ ਰਹੀ ਹੈ ਰੂਸ ਵੱਲੋਂ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕੀਤੇ ਜਾਣ ਅਤੇ ਯੂਕਰੇਨ ਵੱਲੋਂ ‘ਡਰਟੀ ਬੰਬ’ ਦਾ ਇਸਤੇਮਾਲ ਕੀਤੇ ਜਾਣ ਦੀਆਂ ਧਮਕੀਆਂ, ਦੁਨੀਆ ਲਈ ਡਰ ਦਾ ਕਾਰਨ ਬਣ ਰਹੀਆਂ ਹਨ ਭਿਆਨਕ ਤਬਾਹੀ ਦੀਆਂ ਸੰਭਾਵਨਾਵਾਂ ਵਿਚਕਾਰ ਸਮੁੱਚੀ ਦੁਨੀਆ ਸਹਿਮੀ ਹੋਈ ਹੈ ਜੇਕਰ ਪਰਮਾਣੂ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਤਾਂ ਇਹ ਮਾਨਵਤਾ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ਼ ਹੋਵੇਗਾ ਅਤੇ ਦੁਨੀਆ ਨੂੰ ਅਸ਼ਾਂਤੀ ਵੱਲ ਤੋਰਨ ਵਾਲਾ ਹੋਵੇਗਾ ਇਸ ਮਸਲੇ ਦਾ ਹੱਲ ਕੂਟਨੀਤੀ ਅਤੇ ਆਪਸੀ ਗੱਲਬਾਤ ਨਾਲ ਹੀ ਕੱਢਣ ਦੇ ਯਤਨ ਕੀਤੇ ਜਾਣ ਦੀ ਜ਼ਰੂਰਤ ਭਾਰਤ ਲਗਾਤਾਰ ਪ੍ਰਗਟ ਕਰਦਾ ਰਿਹਾ ਹੈ

    ਸ਼ਾਂਤੀ ਦਾ ਉਜਾਲਾ ਅਤੇ ਅਹਿੰਸਾ-ਸਹਿਜੀਵਨ ਦੀ ਕਾਮਨਾ ਹੀ ਭਾਰਤ ਦਾ ਟੀਚਾ ਰਿਹਾ ਹੈ ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਜੰਗ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਦੋਵਾਂ ਹੀ ਦੇਸ਼ਾਂ ਨੂੰ ਦਿਸ਼ਾ-ਦਰਸ਼ਨ ਦਿੰਦੇ ਰਹੇ ਹਨ ਪਰਮਾਣੂ ਜੰਗ ਨਾ ਹੋਵੇ, ਇਸ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਅਪੀਲ ਆਪਣੇ ਰੂਸੀ ਹਮਰੁਤਬਾ ਸਰਗੋਈ ਸ਼ੋਇਗੁ ਨਾਲ ਗੱਲਬਾਤ ਦੌਰਾਨ ਕੀਤੀ ਇਹ ਗੱਲਬਾਤ ਰੂਸ ਦੀ ਪਹਿਲ ’ਤੇ ਹੀ ਹੋਈ ਸੀ ਹਾਲਾਂਕਿ ਕਹਿਣਾ ਮੁਸ਼ਕਲ ਹੈ ਕਿ ਰੂਸ ਭਾਰਤ ਦੀ ਇਸ ਅਪੀਲ ਨੂੰ ਕਿੰਨੀ ਗੰਭੀਰਤਾ ਨਾਲ ਲਵੇਗਾ ਜਦੋਂ ਜੰਗ ਸ਼ੁਰੂ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਕਈ ਵਾਰ ਇਹ ਗੱਲ ਦੁਹਰਾ ਚੁੱਕਾ ਹੈ, ਪਰ ਦੋਵਾਂ ’ਚੋਂ ਕਿਸੇ ਵੀ ਦੇਸ਼ ਨੇ ਆਪਣੇ ਰੁਖ ’ਚ ਲਚੀਲਾਪਣ ਲਿਆਉਣ ਦਾ ਯਤਨ ਨਹੀਂ ਕੀਤਾ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਵੱਲੋਂ ਯੂਰੇਨੀਅਮ ਜਿਵੇਂ ਰੇਡੀਓਐਕਟਿਵ ਐਲੀਮੈਂਟ ਨਾਲ ਜੁੜੇ ‘ਡਰਟੀ ਬੰਬ’ ਦੇ ਇਸਤੇਮਾਲ ਦੀ ਸੰਭਾਵਨਾ ਪ੍ਰਗਟਾਏ ਜਾਣ ਤੋਂ ਬਾਅਦ ਜਿੱਥੇ ਸਮੁੱਚੀ ਦੁਨੀਆ ਅਨਰਥ ਹੋਣ ਦੀ ਸੰਭਾਵਨਾ ਨਾਲ ਭੈਅਭੀਤ ਅਤੇ ਡਰੀ ਹੋਈ ਹੈ, ਉੱਥੇ ਇਸ ਜੰਗ ਦੇ ਕਿਤੇ ਖਤਰਨਾਕ ਦੌਰ ’ਚ ਪ੍ਰਵੇਸ਼ ਕਰਨ ਦਾ ਡਰ ਵਧ ਗਿਆ ਹੈ ਯੂਕਰੇਨ ਅਤੇ ਉਸ ਦੇ ਸਹਿਯੋਗੀ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੇ ਬੇਸ਼ੱਕ ਹੀ ਇਸ ਦੋਸ਼ ਨੂੰ ਬੇਬੁਨਿਆਦ ਅਤੇ ਬੇਤੁਕਾ ਦੱਸਿਆ ਹੋਵੇ ਜਾਂ ਪੱਛਮੀ ਦੇਸ਼ਾਂ ਵੱਲੋਂ ਰੂਸ ਵੱਲੋਂ ਪਰਮਾਣੂ ਹਥਿਆਰਾਂ ਦੇ ਪ੍ਰਯੋਗ ਦੀਆਂ ਸੰਭਾਵਾਨਾਵਾਂ ਪ੍ਰਗਟਾਏ ਜਾਣਾ, ਇਨ੍ਹਾਂ ਦੋਵਾਂ ਹੀ ਸਥਿਤੀਆਂ ਨੇ ਇੱਕ ਅਜਿਹਾ ਹਨ੍ਹੇਰਾ ਫੈਲਾਇਆ ਹੈ ਜਿਸ ਨਾਲ ਮਾਨਵਤਾ ਦਾ ਭਵਿੱਖ ਧੁੰਦਲਾ ਦਿਸ ਰਿਹਾ ਹੈ

    ਹੁਣ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦਾ ਖਤਰਾ ਇਸ ਲਈ ਵਧ ਗਿਆ ਹੈ ਕਿਉਂਕਿ ਯੂਕਰੇਨ ਨੂੰ ਐਨੇ ਲੰਮੇ ਸਮੇਂ ਤੋਂ ਝੁਕਦਾ ਨਾ ਦੇਖ ਰੂਸ ਦੀ ਈਗੋ ਸੱਟ ਖਾ ਰਹੀ ਹੈ ਹਲਾਂਕਿ ਪਰਮਾਣੂ ਹਥਿਆਰਾਂ ਦੇ ਮਾੜੇ ਨਤੀਜਿਆਂ ਤੋਂ ਦੋਵੇਂ ਦੇਸ਼ ਅਣਜਾਣ ਨਹੀਂ ਹਨ ਇਸ ਜੰਗ ਨੂੰ ਚੱਲਦੇ ਲੰਮਾ ਸਮਾਂ ਹੋ ਗਿਆ ਇਸ ਤਰ੍ਹਾਂ ਜੰਗ ਚੱਲਦੀ ਰਹਿਣਾ ਖੁਦ ’ਚ ਇੱਕ ਅਸਾਧਾਰਨ ਅਤੇ ਅਤਿ-ਸੰਵੇਦਨਸ਼ੀਲ ਮਾਮਲਾ ਹੈ, ਜੋ ਸਮੁੱਚੀ ਦੁਨੀਆ ਨੂੰ ਤਬਾਹੀ ਵੱਲ ਧੱਕਣ ਵਰਗਾ ਹੈ ਅਜਿਹੀ ਜੰਗ ਜੇਤੂ ਅਤੇ ਅਜੇਤੂ ਦੋਵਾਂ ਹੀ ਰਾਸ਼ਟਰਾਂ ਨੂੰ ਸਦੀਆਂ ਤੱਕ ਪਿੱਛੇ ਧੱਕ ਦੇਵੇਗੀ, ਇਹ ਭੌਤਿਕ ਨੁਕਸਾਨ ਤੋਂ ਇਲਾਵਾ ਮਾਨਵਤਾ ਦੇ ਅਪਾਹਿਜ਼ ਅਤੇ ਅੰਗਹੀਣ ਹੋਣ ਦਾ ਵੱਡਾ ਕਾਰਨ ਬਣੇਗਾ ਭਾਰਤ ਇਸ ਸਮੱਸਿਆ ਦਾ ਹੱਲ ਕੂਟਨੀਤੀ ਦੇ ਰਸਤੇ ਨਾਲ ਦੇਖਣਾ ਚਾਹੁੰਦਾ ਹੈ ਉਹ ਜੰਗ ਦਾ ਹਨ੍ਹੇਰਾ ਨਹੀਂ, ਸ਼ਾਂਤੀ ਦਾ ਉਜਾਲਾ ਚਾਹੁੰਦਾ ਹੈ

    ਇੱਕ ਡਰਟੀ ਬੰਬ ਸ਼ਾਰਟਹੈਂਡ ਹੈ ਇਸ ਨੂੰ ਪਰਮਾਣੂ ਸੁਰੱਖਿਆ ਅਧਿਕਾਰੀ ਰੇਡੀਓਲਾਜ਼ਿਕਲ ਡਿਸਪਰਸਲ ਡਿਵਾਇਸ ਕਹਿੰਦੇ ਹਨ ਭਾਵ ਇੱਕ ਅਜਿਹਾ ਉਪਕਰਨ ਜੋ ਰੇਡੀਓਧਰਮੀ ਪਦਾਰਥਾਂ ਦੇ ਫੈਲਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸ ’ਚ ਆਮ ਤੌਰ ’ਤੇ ਡਾਇਨਾਮਾਇਟ ਵਰਗੇ ਅਹਿਮ ਧਮਾਕਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਰੇਡੀਓਧਰਮੀ ਕਚਰੇ ਦਾ ਇਸਤੇਮਾਲ ਕੀਤਾ ਜਾਂਦਾ ਹੈ

    ਇਹ ਧਮਾਕੇ ਕਰਨ ’ਤੇ ਗੰਦਗੀ ਫੈਲਾਉਂਦੇ ਹਨ ਇਨ੍ਹਾਂ ਅੱਤਵਾਦ ਫੈਲਾਉਣ ਦੇ ਹਥਿਆਰ ਦੇ ਤੌਰ ’ਤੇ ਵੀ ਦੇਖਿਆ ਜਾਂਦਾ ਹੈ ਇਸ ਤਰ੍ਹਾਂ ਇਹ ਅੱਤਵਾਦ ਫੈਲਾਉਣ ਦੇ ਨਾਲ ਹੀ ਆਰਥਿਕ ਨੁਕਸਾਨ ਕਰਨ ਲਈ ਜਾਣੇ ਜਾਂਦੇ ਹਨ ਇਸ ’ਚ ਪਰਮਾਣੂ ਹਥਿਆਰਾਂ ਦੀ ਊਰਜਾ ਜਾਂ ਤਬਾਹਕਾਰੀ ਸਮਰੱਥਾ ਦੂਰ-ਦੂਰ ਤੱਕ ਨਹੀਂ ਹੁੰਦੀ ਇਹ ਸੰਭਾਵਨਾ ਵੀ ਨਹੀਂ ਹੈ ਕਿ ਇੱਕ ਡਰਟੀ ਬੰਬ ਦੇ ਵਿਕਿਰਨ ਦੀ ਭਰਪੂਰ ਮਾਤਰਾ ਸਿਹਤ ’ਤੇ ਤੁਰੰਤ ਅਸਰ ਪਾਵੇ ਜਾਂ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਦੀ ਵਜ੍ਹਾ ਬਣੇ ਫ਼ਿਰ ਵੀ ਤਬਾਹੀ ਦੇ ਤਿੱਖੇ ਵਾਰ ਦੇ ਰੂਪ ’ਚ ਇਸ ਦਾ ਇਸਤੇਮਾਲ ਖਤਰਨਾਕ ਹੈ

    ਬੀਤੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਖਤਰਨਾਕ ਅਤੇ ਤਬਾਹਕਾਰੀ ਹਥਿਆਰਾਂ ਦਾ ਲਗਾਤਾਰ ਇਸਤੇਮਾਲ ਹੋਣ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਦੁਨੀਆ ’ਚ ਆਰਥਿਕ ਅਸੰਤੁਲਨ ਵਧ ਰਿਹਾ ਹੈ, ਮਹਿੰਗਾਈ ਵਧ ਰਹੀ ਹੈ ਕਰੀਬ ਦੋ ਹਫ਼ਤੇ ਪਹਿਲਾਂ ਯੂਕਰੇਨ ਵੱਲੋਂ ਕੀਤੇ ਗਏ ਇੱਕ ਵੱਡੇ ਹਮਲੇ ਦੇ ਜਵਾਬ ’ਚ ਰੂਸ ਜਿਸ ਤਰ੍ਹਾਂ ਯੂਕਰੇਨ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਿਹਾ ਹੈ, ਉਸ ਨਾਲ ਭਾਰੀ ਤਬਾਹੀ ਦੀ ਸੰਭਾਵਨਾ ਡੂੰਘੀ ਹੁੰਦੀ ਜਾ ਰਹੀ ਹੈ

    ਇਨ੍ਹਾਂ ਅਸ਼ਾਂਤ ਅਤੇ ਜੰਗ ਦੀਆਂ ਸਥਿਤੀਆਂ ਤੋਂ ਨਿਜਾਤ ਦਿਵਾਉਣ ਲਈ ਭਾਰਤ ਲਗਾਤਾਰ ਯਤਨਸ਼ੀਲ ਹੈ ਰੂਸ ਨੇ ਜਦੋਂ ਯੂਕਰੇਨੀ ਸ਼ਹਿਰਾਂ ’ਤੇ, ਖਾਸ ਕਰਕੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੂਜ਼ ਮਿਜ਼ਾਇਲਾਂ ਦਾਗੀਆਂ ਤਾਂ ਭਾਰਤ ਨੇ ਲੜਾਈ ਫੈਲਣ ਸਬੰਧੀ ਗੰਭੀਰ ਚਿੰਤਾ ਜਾਹਿਰ ਕੀਤੀ ਸੀ ਇਸ ਤੋਂ ਪਹਿਲਾਂ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲਬਾਤ ’ਚ ਕਿਹਾ ਸੀ ਕਿ ਇਹ ਜੰਗ ਦਾ ਦੌਰ ਨਹੀਂ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਤੱਥ ਇਹ ਹੈ ਕਿ ਸ਼ਾਂਤੀ ਸਥਾਪਨਾ ਦੇ ਹੁਣ ਤੱਕ ਦੇ ਸਾਰੇ ਯਤਨ ਨਾਕਾਮ ਰਹੇ ਹਨ ਅੱਜ ਯੂਕਰੇਨ ਅਤੇ ਰੂਸ ਦੇ ਵਿਚਕਾਰ ਜਾਰੀ ਜੰਗ ਦੀ ਕੀਮਤ ਲਗਭਗ ਪੂਰੀ ਦੁਨੀਆ ਚੁਕਾ ਰਹੀ ਹੈ ਇਸ ਲਈ ਜੰਗ ਬੰਦ ਕਰਨ ਦੀ ਕੋਈ ਰਾਹ ਛੇਤੀ ਤੋਂ ਛੇਤੀ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਸਾਰੇ ਸਬੰਧਿਤ ਪੱਖਾਂ ਵੱਲੋਂ ਪੂਰੀ ਗੰਭੀਰਤਾ ਨਾਲ ਅੱਗੇ ਵਧਾਏ ਜਾਣ ਦੀ ਜ਼ਰੂਰਤ ਹੈ

    ਮੋਦੀ ਦੋਵਾਂ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਆਪਸੀ ਸੰਵਾਦ ਜਰੀਏ ਹੱਲ ਕੱਢਣ ਦੀ ਸਲਾਹ ਦੇ ਚੁੱਕੇ ਹਨ ਸਮਰਕੰਦ ’ਚ ਸ਼ੰਘਾਈ ਸਿਖਰ ਸੰਮੇਲਨ ਦੌਰਾਨ ਜਦੋਂ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਹੋਈ ਉਦੋਂ ਵੀ ਉਨ੍ਹਾਂ ਨੇ ਇਹ ਗੱਲ ਕਹੀ ਸੀ ਉਸ ਸਮੇਂ ਪੁਤਿਨ ਨੇ ਉਨ੍ਹਾਂ ਦੀ ਸਲਾਹ ’ਤੇ ਅਮਲ ਦਾ ਭਰੋਸਾ ਵੀ ਪ੍ਰਗਟਾਇਆ ਸੀ ਪਰ ਉਸ ਤੋਂ ਕੁਝ ਦਿਨ ਬਾਅਦ ਹੀ ਰੂਸ ਨੇ ਯੂਕਰੇਨ ’ਤੇ ਭਾਰੀ ਹਮਲੇ ਸ਼ੁਰੂ ਕਰ ਦਿੱਤੇ ਸਨ

    ਖੁਦ ਨੂੰ ਇੱਕ ਮਹਾਂਸ਼ਕਤੀ ਮੰਨਣ ਵਾਲਾ ਰੂਸ ਚਾਹੁੰਦਾ ਹੈ ਕਿ ਯੂਕਰੇਨ ਆਤਮ-ਸਪੱਰਪਣ ਕਰ ਦੇਵੇ, ਪਰ ਯੂਕਰੇਨ ਝੁਕਣ ਲਈ ਤਿਆਰ ਨਹੀਂ ਦਰਅਸਲ, ਸੋਵੀਅਤ ਸੰਘ ਟੁੱਟਣ ਤੋਂ ਬਾਅਦ ਯੂਕਰੇਨ ਨੇ ਰੂਸ ਤੋਂ ਵੱਖ ਹੋ ਕੇ ਅਜ਼ਾਦ ਰਾਸ਼ਟਰ ਦੇ ਰੂਪ ’ਚ ਆਪਣੀ ਪਛਾਣ ਕਾਇਮ ਕੀਤੀ ਸੀ

    ਹੁਣ ਉਹ ਯੂਰਪੀ ਦੇਸ਼ਾਂ ਦੇ ਸੰਗਠਨ ਨਾਟੋ ਦਾ ਮੈਂਬਰ ਬਣ ਕੇ ਆਪਣੀ ਸੁਰੱਖਿਆ ਯਕੀਨੀ ਕਰਨਾ ਚਾਹੁੰਦਾ ਹੈ ਰੂਸ ਨੂੰ ਲੱਗਣਾ ਹੈ ਕਿ ਜੇਕਰ ਯੂਕਰੇਨ ਨਾਟੋ ਦਾ ਮੈਂਬਰ ਬਣ ਗਿਆ, ਤਾਂ ਯੂਰਪੀ ਸੇਵਾਵਾਂ ਉਸ ਦੀ ਸਰਹੱਦ ’ਤੇ ਆ ਖੜ੍ਹੀਆਂ ਹੋਣਗੀਆਂ ਇਸ ਲਈ ਉਸ ਨੇ ਯੂਕਰੇਨ ’ਤੇ ਇਹ ਮੈਂਬਰਸ਼ਿਪ ਨਾ ਲੈਣ ਦਾ ਦਬਾਅ ਬਣਾਇਆ ਯੂਕਰੇਨ ਨਹੀਂ ਮੰਨਿਆ, ਤਾਂ ਰੂਸ ਨੇ ਉਸ ’ਤੇ ਹਮਲਾ ਕਰ ਦਿੱਤਾ ਹਾਲਾਂਕਿ ਇਸ ਮਾਮਲੇ ਨੂੰ ਆਪਸ ’ਚ ਮਿਲ-ਬੈਠ ਕੇ ਵੀ ਸੁਲਝਾਇਆ ਜਾ ਸਕਦਾ ਸੀ, ਪਰ ਦੋਵੇਂ ਆਪਣੀ ਜਿੱਦ ’ਤੇ ਅੜੇ ਹੋਏ ਹਨ ਅਤੇ ਦੁਨੀਆ ਤਬਾਹੀ ਦੇਖ ਰਹੀ ਹੈ ਯਥਾਰਥ ਇਹ ਹੈ ਕਿ ਹਨ੍ਰੇਰਾ ਰੌਸ਼ਨੀ ਵੱਲ ਚੱਲਦਾ ਹੈ, ਪਰ ਅੰਨ੍ਹਾਪਣ ਮੌਤ-ਤਬਾਹੀ ਵੱਲ ਪਰ ਰੂਸ ਨੇ ਆਪਣੀ ਸ਼ਕਤੀ ਅਤੇ ਸਮਰੱਥਾ ਦਾ ਅਹਿਸਾਸ ਇੱਕ ਗਲਤ ਸਮੇਂ ’ਤੇ ਗਲਤ ਮਕਸਦ ਲਈ ਕਰਵਾਇਆ ਹੈ

    ਇਸ ਜੰਗ ਨਾਲ ਹੋਣ ਵਾਲੀ ਤਬਾਹੀ ਰੂਸ-ਯੂਕਰੇਨ ਦੀ ਨਹੀਂ, ਸਗੋਂ ਸਮੁੱਚੀ ਦੁਨੀਆ ਦੀ ਤਬਾਹੀ ਹੋਵੇਗੀ, ਕਿਉਂਕਿ ਰੂਸ ਪਰਮਾਣੂ ਧਮਾਕੇ ਕਰਨ ਲਈ ਮਜ਼ਬੂਰ ਹੋਵੇਗਾ, ਜੋ ਦੁਨੀਆ ਦੀ ਵੱਡੀ ਚਿੰਤਾ ਦਾ ਸਬੱਬ ਹੈ ਵੱਡੇ ਸ਼ਕਤੀਸ਼ਾਲੀ ਰਾਸ਼ਟਰਾਂ ਨੂੰ ਇਸ ਜੰਗ ਨੂੰ ਵਿਰਾਮ ਦੇਣ ਦੇ ਯਤਨ ਕਰਨੇ ਚਾਹੀਦੇ ਹਨ ਜਦੋਂ ਤੱਕ ਰੂਸ ਦੇ ਹੰਕਾਰ ਦਾ ਖ਼ਾਤਮਾ ਨਹੀਂ ਹੁੰਦਾ ਉਦੋਂ ਤੱਕ ਜੰਗ ਦੀਆਂ ਸੰਭਾਵਨਾਵਾਂ ਮੈਦਾਨਾਂ ’ਚ , ਸਮੁੰਦਰਾਂ ’ਚ, ਆਕਾਸ਼ ’ਚ ਤੈਰਦੀਆਂ ਰਹਿਣਗੀਆਂ, ਇਸ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜੰਗ ਹੁਣ ਵਿਸ਼ਵ ’ਚ ਨਹੀਂ, ਹਥਿਆਰਾਂ ਨੂੰ ਲੱਗੇ ਮੰਗਲ ਕਾਮਨਾ ਹੈ ਕਿ ਹੁਣ ਮਨੁੱਖ ਯੰਤਰ ਦੇ ਬਲ ’ਤੇ ਨਹੀਂ, ਭਾਵਨਾ, ਵਿਕਾਸ ਅਤੇ ਪ੍ਰੇਮ ਦੇ ਬਲ ’ਤੇ ਜੀਵੇ ਅਤੇ ਜਿੱਤੇ
    ਲਲਿਤ ਗਰਗ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here