ਝਾੜੂਆਂ ਨੂੰ ਅੱਗ ਲਗਾ ਕੰਪਿਊਟਰ ਅਧਿਆਪਕਾਂ ਨੇ ਜਤਾਇਆ ਰੋਸ
Computer Teachers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਸੁਨਾਮ ਵਿੱਚ ਸੂਬੇ ਭਰ ਤੋਂ ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਆਮ ਆਦਮੀ ਪਾਰਟੀ ਦੇ ਚੋਣ ਚਿੰਨ੍ਹ ‘ਝਾੜੂ’ ਨੂੰ ਵੱਡੀ ਗਿਣਤੀ ਵਿੱਚ ਫੂਕ ਕੇ ਸਰਕਾਰ ਦੇ “ਝੂਠੇ ਵਾਅਦਿਆਂ ਦੀ ਲੋਹੜੀ” ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਅਮਨ ਅਰੋੜਾ ਦੀ ਕੋਠੀ ਤੋਂ ਕੁਝ ਦੂਰੀ ਤੇ ਬੈਰੀਕੇਡ ਲਗਾ ਕੇ ਰੋਕਿਆ
ਸਵੇਰ ਤੋਂ ਜਿਉਂ ਹੀ ਕੰਪਿਊਟਰ ਅਧਿਆਪਕ ਸੁਨਾਮ ‘ਚ ਪੁੱਜਣੇ ਸ਼ੁਰੂ ਹੋਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਕੇ ਕੰਪਿਊਟਰ ਅਧਿਆਪਕਾਂ ਨੂੰ ਅਮਨ ਅਰੋੜਾ ਦੀ ਕੋਠੀ ਅੱਗੇ ਜਾਣ ਤੋਂ ਰੋਕਣ ਲਈ ਵੱਡੇ ਪ੍ਰਬੰਧ ਕੀਤੇ ਹੋਏ ਸਨ ਅਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾਈ ਗਈ ਸੀ। ਕੰਪਿਊਟਰ ਅਧਿਆਪਕਾਂ ਨੂੰ ਸਥਾਨਕ ਸ਼ਹਿਰ ਦੇ ਓਵਰਬ੍ਰਿਜ ਦੇ ਥੱਲੇ ਰੋਕ ਲਿਆ ਗਿਆ ਅਤੇ ਕੰਪਿਊਟਰ ਅਧਿਆਪਕਾਂ ਵੱਲੋਂ ਉੱਥੇ ਹੀ ਬੈਠ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਜਦੋਂ ਤੱਕ ਵੱਡੀ ਗਿਣਤੀ ਦੇ ਵਿੱਚ ਕੰਪਿਊਟਰ ਅਧਿਆਪਕ ਉੱਥੇ ਇਕੱਤਰ ਹੋਏ ਤਾਂ ਉਹ ਅਮਨ ਅਰੋੜਾ ਦੀ ਕੋਠੀ ਅੱਗੇ ਜਾਣ ਲਈ ਰਵਾਨਾ ਹੋਏ।
ਕੰਪਿਊਟਰ ਅਧਿਆਪਕ ਵੱਡੀ ਗਿਣਤੀ ਦੇ ਵਿੱਚ ਰੋਸ ਮੁਜ਼ਾਰਾ ਕਰਦੇ ਹੋਏ ਅਮਨ ਅਰੋੜਾ ਦੀ ਕੋਠੀ ਵੱਲ ਵਧੇ ਤਾਂ ਅਮਨ ਅਰੋੜਾ ਦੀ ਕੋਠੀ ਤੋਂ ਕੁਝ ਦੂਰੀ ’ਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਕੇ ਕੰਪਿਊਟਰ ਅਧਿਆਪਕਾਂ ਨੂੰ ਰੋਕ ਲਿਆ ਗਿਆ ਅਤੇ ਉਥੇ ਹੀ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਵੱਡੀ ਗਿਣਤੀ ਦੇ ਵਿੱਚ ਝਾੜੂ ਰੱਖ ਕੇ ਝਾੜੂਆਂ ਨੂੰ ਅੱਗ ਲਗਾਈ ਗਈ ਤੇ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕੀਤਾ ਗਿਆ, ਇਸ ਦੌਰਾਨ ਥੋੜੀ ਕਿਣ ਮਿਣ ਕਣੀ ਹੋ ਰਹੀ ਸੀ ਪ੍ਰੰਤੂ ਇਸ ਹੋ ਰਹੀ ਹਲਕੀ ਵਾਰਸ ਦੇ ਵਿੱਚ ਵੀ ਕੰਪਿਊਟਰ ਅਧਿਆਪਕ ਸੜਕ ’ਤੇ ਡਟੇ ਰਹੇ। Computer Teachers Protest
ਇਹ ਵੀ ਪੜ੍ਹੋ: Punjab News: ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ
ਇਸ ਮੌਕੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਹਰਜਿੰਦਰ ਕੌਰ ਜ਼ਿਲ੍ਹਾ ਕੰਨਵਿਨਰ ਤਰਨਤਾਰਨ ਅਤੇ ਜਥੇਬੰਦੀ ਦੇ ਹੋਰ ਆਗੂਆਂ ਨੇ ਕਿਹਾ ਕਿ ਸੰਗਰੂਰ ਵਿੱਚ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ 133 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਡੀ.ਸੀ. ਦਫ਼ਤਰ ਦੇ ਸਾਹਮਣੇ ਚੱਲ ਰਹੇ ਇਸ ਅੰਦੋਲਨ ਵਿੱਚ ਜੌਨੀ ਸਿੰਗਲਾ ਅਤੇ ਕਾਮਰੇਡ ਰਣਜੀਤ ਸਿੰਘ ਦੁਆਰਾ ਸ਼ੁਰੂ ਕੀਤਾ ਗਿਆ ਮਰਨ ਵਰਤ ਹੁਣ 21ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ। ਅੱਜ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਚੋਣ ਚਿੰਨ੍ਹ ‘ਝਾੜੂ’ ਨੂੰ ਵੱਡੀ ਗਿਣਤੀ ਵਿੱਚ ਫੂਕ ਕੇ “ਝੂਠੇ ਵਾਅਦਿਆਂ ਦੀ ਲੋਹੜੀ” ਮਨਾਈ ਜਾਵੇਗੀ ਅਤੇ ਕੈਬਨਟ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਮੰਤਰੀ ਦੀ ਕੋਠੀ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ।
14 ਜਨਵਰੀ ਦੀ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ, ਜੇਕਰ ਨਾ ਹੋਇਆ ਹੱਲ ਤਾਂ ਹੋਵੇਗਾ ਵੱਡਾ ਸੰਘਰਸ਼ : ਸੂਬਾ ਪ੍ਰਧਾਨ
ਉਨ੍ਹਾਂ ਅੱਗੇ ਕਿਹਾ ਕਿ ਇਸ ਐਕਸ਼ਨ ਵਿੱਚ ਪ੍ਰਦੇਸ਼ ਭਰ ਦੇ ਕੰਪਿਊਟਰ ਅਧਿਆਪਕਾਂ ਦੇ ਨਾਲ ਹੋਰ ਸੰਗਠਨਾਂ ਦੇ ਆਗੂ ਅਤੇ ਕਾਰਕੁਨ ਸੁਨਾਮ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੰਪਿਊਟਰ ਅਧਿਆਪਕ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਆਗੂਆਂ ਨੇ ਅੱਗੇ ਦੱਸਿਆ ਕਿ ਅੱਜ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ 14 ਜਨਵਰੀ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਜੇਕਰ ਇਹ 14 ਦੀ ਮੀਟਿੰਗ ਦੇ ਵਿੱਚ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਕੰਪਿਊਟਰ ਅਧਿਆਪਕ ਵੱਡਾ ਸੰਘਰਸ਼ ਉਲੀਕਣਗੇ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਸਰਕਾਰ ਅਤੇ ਮੰਤਰੀਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਸਹਿਮਤੀ ਬਣਨ ਦੇ ਬਾਵਜ਼ੂਦ ਹੁਣ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਜਿਸ ਕਾਰਨ ਅਧਿਆਪਕ ਵਰਗ ਦਾ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ। ਜਿਸ ਲਈ ਉਹ ਹੁਣ ਆਰ ਪਾਰ ਦੀ ਲੜਾਈ ਲੜ ਰਹੇ ਹਨ। Computer Teachers Protest