ਚੰਡੀਗੜ੍ਹ। ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਣ ‘ਤੇ ਚੋਣ ਕਮਿਸ਼ਨ ਵੱਲੋਂ ਜਗਰਾਓਂ ਦੇ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਦਾਖਾ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਖਿਲਾਫ਼ ਬਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਐੱਸ.ਡੀ.ਐੱਮ. ਖਿਲਾਫ਼ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਅਤੇ ਐੱਸ.ਐੱਚ.ਓ. ਖਿਲਾਫ਼ ਅਕਾਲੀ ਦਲ ਵੱਲੋਂ ਰਾਜ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ।
ਬੈਂਸ ਵੱਲੋਂ ਜਗਰਾਓਂ ਦੇ ਐੱਸ.ਡੀ.ਐੱਮ. ਖਿਲਾਫ਼ ਕੀਤੀ ਗਈ ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਕਿ ਉਹ ਦਾਖਾ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਹੱਕ ‘ਚ ਕੰਮ ਕਰ ਰਹੇ ਹਨ। ਦੋਸ਼ ਲਾਇਆ ਗਿਆ ਹੈ ਕਿ ਸੰਧੂ ਦੇ ਮੁੱਖ ਮੰਤਰੀ ਦੇ ਨਜ਼ਦੀਕੀ ਹੋਣ ਕਾਰਣ ਸਰਕਾਰੀ ਪ੍ਰਭਾਵ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਗਰਾਓਂ ਹਲਕੇ ਦੇ ਕਾਫ਼ੀ ਪਿੰਡ ਦਾਖਾ ਹਲਕੇ ‘ਚ ਪੈਂਦੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਦਾਖਾ ਦੇ ਐੱਸ. ਐੱਚ. ਓ. ‘ਤੇ ਖੁੱਲ੍ਹੇਆਮ ਕਾਂਗਰਸ ਦੇ ਹੱਕ ‘ਚ ਕੰਮ ਕਰਨ ਦਾ ਦੋਸ਼ ਲਾਉਂਦਿਆਂ ਉਸ ਵੱਲੋਂ ਪਿਛਲੀਆਂ ਚੋਣਾਂ ‘ਚ ਨਿਭਾਈ ਭੂਮਿਕਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਜਗਰਾਓਂ ਦੇ ਐੱਸ.ਡੀ.ਐੱਮ. ਖਿਲਾਫ਼ ਸ਼ਿਕਾਇਤ ਦੇ ਸਬੰਧ ‘ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੋਂ 24 ਘੰਟੇ ਅੰਦਰ ਜਾਂਚ ਕਰ ਕੇ ਰਿਪੋਰਟ ਮੰਗੀ ਗਈ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਦਾਖਾ ਦੇ ਐੱਸ.ਐੱਚ.ਓ. ਦੇ ਮਾਮਲੇ ‘ਚ ਵੀ ਸਥਾਨਕ ਚੋਣ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਡਾ. ਰਾਜੂ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਜੋ ਵੀ ਇਸ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ਼ ਬਿਨਾਂ ਪੱਖਪਾਤ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।