ਨਵ ਜੰਮੀਆਂ ਧੀਆਂ ਦੇ ਪਾਏ ਜਾਂਦੇ ਨੇ ਚਾਂਦੀ ਦੇ ਕੰਗਣ
- ਸਾਲ 2024-25 ਦੌਰਾਨ 21 ਲੜਕੀਆਂ ਤੇ 18 ਲੜਕਿਆਂ ਨੇ ਜਨਮ ਲਿਆ | Bathinda News
ਬਠਿੰਡਾ (ਸੁਖਜੀਤ ਮਾਨ)।Bathinda News: ਗ੍ਰਾਮ ਪੰਚਾਇਤ ਬੱਲ੍ਹੋ ਵੱਲੋਂ ਮੰਡੇ-ਕੁੜੀਆਂ ’ਚ ਕੋਈ ਫ਼ਰਕ ਨਾ ਸਮਝਦਿਆਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ। ਜਾਗਰੂਕਤਾ ਸਦਕਾ ਪਿੰਡ ’ਚ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ। ਮਹਿਲਾ ਸਰਪੰਚ ਅਮਰਜੀਤ ਕੌਰ ਵੱਲੋਂ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨਾਲ ਮਿਲ ਕੇ ਲੜਕੀਆਂ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਵੇਰਵਿਆਂ ਮੁਤਾਬਿਕ ਪਿੰਡ ਬੱਲ੍ਹੋ ਦੀ ਅਗਾਂਹਵਧੂ ਸੋਚ ਵਾਲੀ ਪੰਚਾਇਤ ਅਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਅਹੁਦੇਦਾਰ ਹਮੇਸ਼ਾ ਪਿੰਡ ਦੀ ਭਲਾਈ ਲਈ ਸੋਚਦੇ ਹੀ ਨਹੀਂ ਬਲਕਿ ਅਮਲੀ ਰੂਪ ’ਚ ਕੰਮ ਕਰਦੇ ਹਨ।
ਇਹ ਵੀ ਪੜ੍ਹੋ : SYL Canal Controversy: ਪੰਜਾਬ ਨੇ ਪਾਣੀ ’ਚ ਕੀਤੀ ਕਟੌਤੀ, ਹਰਿਆਣਾ ਦੇ ਪੰਜ ਜ਼ਿਲ੍ਹਿਆਂ ’ਚ ਜਲ ਸੰਕਟ ਪੈਦਾ ਹੋਣ ਦਾ ਡਰ…
ਪਿੰਡ ਦੇ ਹੋਰਨਾਂ ਵਿਕਾਸ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕਾਰਜਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਪਿੰਡ ਵਾਸੀਆਂ ਨੇ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਪਿੰਡ ’ਚ ਧੀਆਂ ਨੂੰ ਐਨਾ ਸਤਿਕਾਰ ਦਿੱਤਾ ਹੈ ਕਿ ਇਸ ਸਾਲ ’ਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਜਨਮ ਦਰ ’ਚ ਵਾਧਾ ਹੋਇਆ ਹੈ। ਏਐੱਨਐੱਮ ਅਮਰਿੰਦਰ ਕੌਰ ਮਾਣ ਨਾਲ ਦੱਸਦੇ ਹਨ ਕਿ ਸਾਲ 2024-25 ਦੌਰਾਨ ਪਿੰਡ ਬੱਲ੍ਹੋ ’ਚ 21 ਲੜਕੀਆਂ ਤੇ 18 ਲੜਕਿਆਂ ਨੇ ਜਨਮ ਲਿਆ। ਇਸ ਸਾਲ ਦੌਰਾਨ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਜੋ ਕਿ ਪਿੰਡ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ । ਲੋਕਾਂ ਵਿੱਚ ਦਿਨੋ-ਦਿਨ ਜਾਗਰੂਕਤਾ ਵਧ ਰਹੀ ਹੈ। Bathinda News
ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਵੱਲੋਂ ਲੋਕਾਂ ਵਿੱਚ ਲੜਕੀਆਂ ਪ੍ਰਤੀ ਭੇਦਭਾਵ ਮਿਟਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੰਸਥਾ ਤੇ ਪੰਚਾਇਤ ਨੇ ਸਾਂਝੇ ਰੂਪ ਵਿੱਚ ਧੀਆਂ ਦੇ ਸਤਿਕਾਰ ਲਈ ਕਦਮ ਚੁੱਕਦਿਆਂ ਇਸ ਵਰ੍ਹੇ ਧੀਆਂ ਦੀ ਲੋਹੜੀ ਮਨਾਉਂਦਿਆਂ ਨਵ ਜੰਮੀਆਂ ਧੀਆਂ ਦੇ ਚਾਂਦੀ ਦੇ ਕੰਗਣ ਪਾਏ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਗ੍ਰਾਮ ਪੰਚਾਇਤ ਨੇ ਲੜਕੀਆਂ ਦੀ ਭਲਾਈ ਲਈ ਪਿੰਡ ਪੱਧਰ ’ਤੇ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਹਨ ਜਿੰਨ੍ਹਾ ਵਿੱਚ ਲੜਕੀ ਦੇ ਜਨਮ ’ਤੇ 11 ਸੌ ਰੁਪਏ ਸ਼ਗਨ ਤੇ ਮਾਤਾ ਨੂੰ 5 ਕਿੱਲੋ ਪੰਜੀਰੀ, ਲਾਇਬ੍ਰੇਰੀ ਵਿੱਚ ਲੜਕੀਆਂ ਨੂੰ ਮੁਫਤ ਵਿੱਚ ਟੈਸਟਾਂ ਦੀ ਤਿਆਰੀ ਲਈ ਕੋਚਿੰਗ, ਸਿਲਾਈ ਸੈਂਟਰ। Bathinda News
ਮਹਿਲਾ ਦਿਵਸ ’ਤੇ ਹੋਣਹਾਰ ਧੀਆਂ ਦਾ ਸਨਮਾਨ ਕਰਨਾ ਅਤੇ ਧੀਆਂ ਦੀ ਲੋਹੜੀ ਮਨਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਪਿੰਡ ਦੀਆਂ ਸਾਝੀਆਂ ਥਾਵਾਂ ’ਤੇ ਧੀਆਂ ਦੇ ਸਤਿਕਾਰ ਲਈ ਸਲੋਗਨ ਲਿਖੇ ਹੋਏ ਹਨ । ਇਨ੍ਹਾਂ ਕਾਰਜਾਂ ਵਿੱਚ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ, ਪ੍ਰਧਾਨ ਕਰਮਜੀਤ ਸਿੰਘ, ਪਰਮਜੀਤ ਭੁੱਲਰ ਗ੍ਰਾਮ ਸੇਵਕ ਅਤੇ ਪੰਚ ਹਰਵਿੰਦਰ ਕੌਰ, ਰਾਜਵੀਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਹਰਬੰਸ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਰਾਮ ਸਿੰਘ ਅਤੇ ਹਾਕਮ ਸਿੰਘ ਸਹਿਯੋਗ ਕਰਦੇ ਹਨ। Bathinda News