ਪੰਜਾਬੀ ਯੂਨੀਵਰਸਿਟੀ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੇ ਵਿਸ਼ੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ

Punjabi University Sachkahoon

ਪੰਜਾਬੀ ਯੂਨੀਵਰਸਿਟੀ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੇ ਵਿਸ਼ੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ

(ਸੱਚ ਕਹੂੰ ਨਿਊਜ) ਪਟਿਆਲਾ। ਤਕਨਾਲੋਜੀ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਵੱਧਦੇ ਪ੍ਰਭਾਵ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਵਿਭਾਗ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਵਿਸ਼ੇ ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਅੱਜ ਕਾਨਫ਼ਰੰਸ ਦੀ ਸ਼ੁਰੂਆਤ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਉਦਘਾਟਨੀ ਸਮਾਰੋਹ ਨਾਲ ਹੋਈ। ਵਿਭਾਗ ਦੇ ਮੁਖੀ ਅਤੇ ਕਾਨਫਰੰਸ ਦੇ ਕਨਵੀਨਰ ਡਾ. ਰਮਨ ਮੈਣੀ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਤਕਨਾਲੋਜੀ ਵਿਸ਼ਵ ਦੇ ਹਰੇਕ ਖ਼ੇਤਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੇਂਸ ਅਤੇ ਮਸ਼ੀਨ ਲਰਨਿੰਗ ਹਰ ਤਕਨੀਕ ਦਾ ਜ਼ਰੂਰੀ ਹਿੱਸਾ ਬਣਨ ਜਾ ਰਹੀ ਹੈ।

ਡਾ. ਰਮਨ ਮੈਣੀ ਨੇ ਅੱਗੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਜਿੱਥੇ ਵਿਸ਼ਵ ਭਰ ਦੀਆਂ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋ ਰਹੇ ਨੇ ਉੱਥੇ ਇਹ ਕਾਨਫਰੰਸ ਵੱਖ ਵੱਖ ਯੂਨੀਵਰਸਿਟੀਆਂ ਦੇ ਰਿਸਰਚ ਸਕਾਲਰਾਂ ਨੂੰ ਵੀ ਆਪਣੇ ਖੋਜ ਕਾਰਜ ਦੁਨੀਆ ਨਾਲ ਸਾਂਝੇ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗੀ । ਭਾਰਤ ਸਰਕਾਰ ਦੀ ਵੱਕਾਰੀ ਰਿਸਰਚ ਸੰਸਥਾ ਸੀ.ਐੱਸ.ਆਈ.ਆਰ. ਦੇ ਡਾਇਰੈਕਟਰ ਡਾ. ਸੁਬਰਾਮਨੀਅਮ ਏ. ਰਾਮਾਕਰਿਸ਼ਨਾ ਨੇ ਮੁੱਖ ਮਹਿਮਾਨ ਵਜੋਂ ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ । ਡਾ. ਰਾਮਾਕਰਿਸ਼ਨਾ ਨੇ ਆਉਣ ਵਾਲੇ ਸਮੇਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਂ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਿਸ਼ਵ ਪੱਧਰੀ ਕਾਨਫਰੰਸਾਂ ਆਪਣੀ ਰਿਸਰਚ ਨੂੰ ਹੋਰ ਵੀ ਅਗਲੇਰੇ ਪੱਧਰ ’ਤੇ ਲੈ ਕੇ ਜਾਣ ਵਿੱਚ ਸਹਾਈ ਹੁੰਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਅਰਵਿੰਦ ਨੇ ਇਸ ਉਦਘਾਟਨੀ ਸਮਾਰੋਹ ਵਿੱਚ ਉਦਘਾਟਨੀ ਭਾਸ਼ਨ ਦਿੱਤਾ । ਇਸ ਉਦਘਾਟਨੀ ਸਮਾਰੋਹ ਵਿੱਚ ਇਟਲੀ ਤੋਂ ਯੂਨੀਵਰਸਿਟੀ ਆਫ ਮਿਲਾਨ ਦੇ ਸੀਨੀਅਰ ਪ੍ਰੋਫੈਸਰ ਅਤੇ ਯੂਰਪ ਦੇ ਚੁਣੇ ਹੋਏ ਡਾਇਰੈਕਟਰ ਡਾ ਵਿਨਸੇਨਜਿਓ ਪਿਊਰੀ ਅਤੇ ਯੂਨੀਵਰਸਿਟੀ ਆਫ ਕਲੇਗਨਫੇਰਤ ਆਸਟ੍ਰੀਆ ਤੋਂ ਡਾ ਰਾਡੂ ਪ੍ਰੋਡਾਨ ਉਚੇਚੇ ਤੌਰ ਤੇ ਆਨਲਾਈਨ ਵਿਧੀ ਰਾਹੀਂ ਸ਼ਾਮਿਲ ਹੋਏ। ਡਾ. ਪਿਊਰੀ ਜੋ ਕੇ ਇਸ ਕਾਨਫਰੰਸ ਦੇ ਅੰਤਰਾਸ਼ਟਰੀ ਚੇਅਰ ਵੀ ਹਨ ਨੇ ਆਪਣਾ ਕੁੰਜੀਵਤ ਭਾਸ਼ਣ ਫੋਗ ਕੰਪਿਊਟਿੰਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੇਂਸ ਵਿਸ਼ੇ ਤੇ ਦਿੱਤਾ। ਕਾਨਫ਼ਰੰਸ ਵਿੱਚ ਦੂਸਰਾ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਰਾਡੂ ਨੇ ਵਧਦੇ ਮੋਬਾਈਲ ਯੂਜ਼ਰ ਅਤੇ ਆਉਣ ਵਾਲੇ ਸਮੇਂ ਵਿੱਚ ਲੋੜ ਪੈਣ ਵਾਲੀ ਪੈਰਲਲ ਕੰਪਿਊਟਿੰਗ ਅਤੇ ਲੋੜੀਂਦੇ ਇਨਫਰਾਸਟਰਕਚਰ ਦੀ ਗੱਲ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਲਖਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਦੋ ਦਿਨਾ ਕਾਨਫਰੰਸ ਦਾ ਸਮਾਪਤੀ ਸਮਾਰੋਹ 3 ਦਸੰਬਰ ਨੂੰ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ