ਆਓ! ਜਾਣੀਏ ਕੀ ਹੁੰਦੀ ਹੈ ਸੁਫ਼ਨਿਆਂ ਦੀ ਦੁਨੀਆਂ

ਆਓ! ਜਾਣੀਏ ਕੀ ਹੁੰਦੀ ਹੈ ਸੁਫ਼ਨਿਆਂ ਦੀ ਦੁਨੀਆਂ

ਸੁਫ਼ਨੇ ਸਾਰਿਆਂ ਨੂੰ ਆਉਂਦੇ ਹਨ। ਅਮੀਰ-ਗਰੀਬ ਅੱਖਾਂ ਵਿੱਚ ਸੁਪਨੇ ਬੁਣਦੇ ਹਨ। ਕਈ ਲੋਕ ਸੁਫ਼ਨੇ ਦਿਨ ਵੇਲੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਨ। ਸੁਫ਼ਨੇ ਬੜੇ ਅਜ਼ੀਬ ਜਿਹੇ ਹੁੰਦੇ ਹਨ ਕਈ ਵਾਰ ਬਹੁਤ ਖੁਸ਼ੀ ਦਿੰਦੇ ਹਨ ਤੇ ਕਈ ਵਾਰ ਬਹੁਤ ਡਰ ਪੈਦਾ ਕਰਦੇ ਹਨ। ਸੁਫ਼ਨੇ ਉਹ ਬਿਰਤਾਂਤ ਹਨ ਜੋ ਅਸੀਂ ਗੂੜ੍ਹੀ ਨੀਂਦ ਵਿੱਚ ਦੇਖਦੇ ਹਾਂ, ਅਨੁਭਵ ਕਰਦੇ ਹਾਂ ਅਤੇ ਮਹਿਸੂਸ ਕਰਦੇ ਹਾਂ। ਸੁਫ਼ਨੇ ਕਲਪਨਾ ਵਰਗੇ ਹੁੰਦੇ ਹਨ। ਸੁਪਨੇ ਮਨੁੱਖੀ ਜ਼ਿੰਦਗੀ ਦਾ ਖੂਬਸੂਰਤ ਅਨੁਭਵ ਹੁੰਦੇ ਹਨ।

ਜੇਕਰ ਇਨ੍ਹਾਂ ਅਨੁਭਵਾਂ ਨੂੰ ਬੂਰ ਨਹੀਂ ਪੈਂਦਾ ਤਾਂ ਸਾਡੇ ਸੁਫ਼ਨੇ ਮਰ ਜਾਂਦੇ ਹਨ। ਕਈ ਵਾਰ ਹਾਲਾਤ ਸਾਨੂੰ ਇੰਨਾ ਤੋੜ ਦਿੰਦੇ ਹਨ ਕਿ ਸਾਡੇ ਦੇਖੇ ਹੋਏ ਸੁਫ਼ਨੇ ਟੁੱਟ ਕੇ ਚਕਨਾਚੂਰ ਹੋ ਜਾਂਦੇ ਹਨ। ਕਈ ਵਾਰ ਸੁਫ਼ਨੇ ਏਨੇ ਅਨੰਦਦਾਇਕ ਹੁੰਦੇ ਹਨ ਕਿ ਰੋਜ਼ ਹੀ ਦਿਲ ਕਰਦਾ ਹੈ ਕਿ ਜਲਦੀ ਸੌਂ ਜਾਈਏ ਤੇ ਫਿਰ ਸੁਪਨੇ ਲਈਏ। ਪਰ ਸਵੇਰ ਹੋਣ ’ਤੇ ਫਿਰ ਟੁੱਟ ਜਾਂਦੇ ਹਨ।

ਸੁਫ਼ਨੇ ਸਿਰਜਣਾਤਮਕ, ਅਜੀਬ, ਸੰਭਾਵਨਾਵਾਂ ਨਾਲ ਭਰੇ ਸਾਡੀ ਪਦਾਰਥਕ ਸੰਸਾਰ ਦੀਆਂ ਸਰੀਰਕ ਸੀਮਾਵਾਂ ਤੋਂ ਪਰੇ ਜਾਂਦੇ ਹਨ। ਸੁਫ਼ਨੇ ਇੱਕ ਪ੍ਰਤੀਬਿੰਬ, ਕਈ ਵਾਰ ਬੇਤਰਤੀਬੇ ਵੀ ਹੁੰਦੇ ਹਨ। ਕਈ ਵਾਰ ਇਨਸਾਨ ਸੁਫ਼ਨੇ ਨੀਂਦ ਵਿੱਚ ਦੇਖਦਾ ਹੈ ਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਹੋੜ ਵਿੱਚ ਲੱਗਾ ਰਹਿੰਦਾ ਹੈ ਤੇ ਉਹ ਕਦੇ ਵੀ ਪੂਰੇ ਨਹੀਂ ਹੁੰਦੇ। ਅਸਲ ਵਿੱਚ ਜੋ ਇਨਸਾਨ ਸੁਫ਼ਨੇ ਹੋਸ਼-ਹਵਾਸ ਜਾਂ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਨ

ਜ਼ਿਆਦਾਤਰ ਉਹੀ ਸੁਫ਼ਨਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੁੰਦੇ ਹਨ। ਅਕਸਰ ਇਹੋ ਸੁਣਿਆ ਗਿਆ ਹੈ ਲੋਕਾਂ ਤੋਂ ਕਿ ਸਾਡੇ ਸੁਫ਼ਨੇ ਮਰ ਗਏ ਹਨ ਉਹ ਗੂੜ੍ਹੀ ਨੀਂਦ ਵਿੱਚ ਆਏ ਖਿਆਲਾਂ ਨੂੰ ਹੀ ਆਪਣੀ ਜਿੰਦਗੀ ਦਾ ਜਰੂਰੀ ਹਿੱਸਾ ਬਣਾ ਲੈਂਦੇ ਹਨ ਤੇ ਜਦੋਂ ਜਾਗ ਆਉਂੁਦੀ ਹੈ ਫਿਰ ਅਸਲੀਅਤ ਜਾਣ ਕੇ ਉਦਾਸ ਹੋ ਜਾਂਦੇ ਹਨ। ਪਰ ਉਹ ਦੇਖੇ ਸੁਫ਼ਨੇ ਬੜੇ ਹੀ ਰੋਮਾਂਚਿਤ ਹੁੰਦੇ ਹਨ। ਜੋ ਅਲੱਗ ਜਿਹੀ ਖੁਸ਼ੀ ਦਿੰਦੇ ਹਨ। ਕਈ ਵਾਰ ਸਾਡੇ ਸੁਫ਼ਨੇ ਸਾਕਾਰ ਨਹੀਂ ਹੁੰਦੇ ਤੇ ਟੀਚੇ ਦੀ ਪ੍ਰਾਪਤ ਨਹੀਂ ਹੁੰਦੀ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਹਾਰ ਮੰਨ ਲੈਂਦੇ ਹਾਂ, ਕਹਿੰਦੇ ਹਾਂ ਕਿ ਮੇਰੇ ਸੁਫ਼ਨੇ, ਚਾਅ ਮਰ ਗਏ ਹਨ

ਆਪਣੀ ਇੱਛਾ ਨਾ ਪੂਰੀ ਹੋਣ ’ਤੇ ਜਾਂ ਕਿਸੇ ਚੀਜ ਦੇ ਨਾ ਮਿਲਣ ’ਤੇ ਅਕਸਰ ਅਸੀਂ ਕਿਸੇ ਨੂੰ ਜਾਂ ਕਿਸੇ ਚੀਜ ਨੂੰ ਦੋਸ਼ੀ ਠਹਿਰਾਉਂਦੇ ਹਾਂ। ਕਈ ਵਾਰ ਅਸੀਂ ਆਪਣੇ-ਆਪ ਨੂੰ ਸਵੀਕਾਰ ਨਹੀਂ ਕਰ ਪਾਉਂਦੇ ਕਿ ਇਸ ਸੰਸਾਰ ਵਿੱਚ ਕੁਝ ਅਜਿਹਾ ਹੋ ਸਕਦਾ ਹੈ ਜੋ ਅਸੀਂ ਆਪਣੇ ਲਈ ਸੋਚਿਆ ਸੀ ਉਹ ਤੁਹਾਨੂੰ ਕੁਝ ਪਤਾ ਨਹੀਂ ਹੋ ਸਕਦਾ; ਕਿ ਇੱਥੇ ਕੁਝ ਅਜਿਹਾ ਹੈ ਜੋ ਸਾਡੇ ਨਿਯੰਤਰਣ ਤੋਂ ਬਗੈਰ ਵਾਪਰਦਾ ਹੈ। ਕਈ ਵਾਰ ਆਪਾਂ ਕਈ ਚੀਜਾਂ ਜਿੰਨਾਂ ਨੂੰ ਆਪਣੇ ਕੰਟਰੋਲ ਹੇਠ ਕਰਨ ਲਈ ਸੁਪਨੇ ਦੇਖ ਲੈਂਦੇ ਹਾਂ ਜੋ ਕਿ ਪੂਰੇ ਹੋਣੇ ਅਸੰਭਵ ਹਨ।

ਸੁਫਨੇ ਅਸਪੱਸ਼ਟ ਤੇ ਗੁੰਝਲਦਾਰ ਹੁੰਦੇ ਹਨ। ਮਨੋਵਿਗਿਆਨੀਆਂ ਨੇ ਕਿਹਾ ਹੈ ਕਿ ਸੁਫ਼ਨੇ ਮਨ ਅੰਦਰ ਦੱਬੀਆਂ ਖੁਵਾਹਿਸ਼ਾਂ ਦੀ ਪੂਰਤੀ ਹੁੰਦੇ ਹਨ। ਮਨੋਚਿਕਿਤਸਕ ਸਿਗਮੰਡ ਫਰਾਇਡ ਅਤੇ ਜੁੰਗ ਦਾ ਵਿਚਾਰ ਸੀ ਕਿ ਸੁਫ਼ਨਿਆਂ ਦੁਆਰਾ ਅਸੀਂ ਗੁਪਤ ਖਾਹਿਸ਼ਾਂ ਨੂੰ ਸੁਖਦਾਇਕ ਪ੍ਰਤੀਕਾਂ ਦਾ ਬਦਲ ਦੇ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਸਤਾ ਰਹੀਆਂ ਬਿਰਤੀਆਂ ਨੂੰ ਛੁਪਾ ਲੈਂਦੇ ਹਾਂ। ਉਸ ਨੇ ਸੁਪਨਿਆਂ ਨੂੰ ਦੱਬੀਆਂ ਖਾਹਿਸ਼ਾਂ ਦੀ ਪੂਰਤੀ ਦੱਸਿਆ ਹੈ। ਸੁਫਨੇ ਲੈਂਦੇ ਸਮੇਂ ਇੰਝ ਪ੍ਰਤੀਤ ਹੁੰਦਾ ਹੈ

ਜਿਵੇਂ ਉਹ ਸਭ ਹੁਬਹੂ ਵਾਪਰ ਰਿਹਾ ਹੋਵੇ ਅਸੀਂ ਅਸਲੀ ਜਿੰਦਗੀ ਜੀ ਰਹੇ ਹੋਈਏ ਪਰ ਜਦੋਂ ਜਾਗ ਆਉਂਦੀ ਹੈ ਤਾਂ ਇਹ ਕਲਪਨਾ ਜਿਹੀ ਪ੍ਰਤੀਤ ਹੁੰਦੀ ਹੈ।ਤੇ ਜਦੋਂ ਅਸੀਂ ਨੀਂਦ ’ਚੋਂ ਬਾਹਰ ਹੋ ਕੇ ਦੇਖਦੇ ਹਾਂ ਤਾਂ ਸਭ ਕੁੱਝ ਇਸਦੇ ਉਲਟ ਹੁੰਦਾ ਹੈ। ਸੋ, ਜੋ ਅਸੀਂ ਕਲਪਨਾ ਵਿੱਚ ਦੇਖਦੇ ਹਾਂ ਸੋਚਦੇ ਹਾਂ ਉਹ ਸੁਫ਼ਨੇ ਕਦੇ ਵੀ ਪੂਰੇ ਨਹੀਂ ਹੁੰਦੇ। ਇਸ ਲਈ ਨਰਾਜ ਨਾ ਹੋਵੋ ਸੁਫ਼ਨੇ ਹਮੇਸ਼ਾ ਜਾਗਦੇ ਹੋਏ ਦੇਖੋ ਤਾਂ ਜੋ ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ।
ਬਰਨਾਲਾ ।
ਗਗਨਦੀਪ ਧਾਲੀਵਾਲ ਝਲੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।