ਆਓ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ! ਘਰੇਲੂ ਬਾੜੀ (ਕਿਚਨ ਗਾਰਡਨ)

Come. Make Paoison,Home Garden, Kitchen Garden

ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜੀ ਨਾਲ ਪਤਨ ਹੋ ਰਿਹਾ ਹੈ। ਘਰੇਲੂ ਬਗੀਚੀ ਘਰ ਵਿੱਚ ਜਾਂ ਘਰ ਦੇ ਨੇੜੇ ਦੀ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿੱਥੇ ਪਰਿਵਾਰ ਦੀ ਲੋੜ ਅਨੁਸਾਰ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਤੋਂ ਰਹਿਤ ਵੱਖ-ਵੱਖ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ, ਜੜ੍ਹੀ-ਬੂਟੀਆਂ ਅਤੇ ਕਈ ਵਾਰ ਕੁੱਝ ਫਲ ਉਗਾਏ ਜਾਂਦੇ ਹਨ।

ਘਰੇਲੂ ਬਗੀਚੀ ਦਾ ਮਹੱਤਵ ਸਿਰਫ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਉਸ ਤੋਂ ਕਿਤੇ ਵੱਧ ਹੈ। ਇਹ ਨਾ ਸਿਰਫ ਸਾਨੂੰ ਜ਼ਹਿਰ ਮੁਕਤ ਸਬਜ਼ੀਆਂ ਦਿੰਦੀ ਹੈ ਬਲਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਉਸ ਕੁਦਰਤ ਨਾਲ ਵੀ ਜੋੜਦੀ ਹੈ ਜਿਸ ਨਾਲ ਕਦੇ ਸਾਡਾ ਮਾਂ-ਪੁੱਤ ਵਾਲਾ ਰਿਸ਼ਤਾ ਹੁੰਦਾ ਸੀ।

ਘਰੇਲੂ ਬਗੀਚੀ ਦੀ ਲੋੜ ਕਿਉਂ?

ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜੀ ਨਾਲ ਪਤਨ ਹੋ ਰਿਹਾ ਹੈ। ਨਤੀਜੇ ਵਜੋਂ ਜਿੱਥੇ ਇੱਕ ਪਾਸੇ ਸਮੂਹ ਪੰਜਾਬੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ, ਉੱਥੇ ਹੀ ਪ੍ਰਜਨਣ ਸਿਹਤ ਅਰਥਾਤ ਬੱਚੇ ਜਨਣ ਦੀ ਸਮੱਰਥਾ ਵੀ ਸਾਡੀ ਖ਼ੁਰਾਕ ਲੜੀ ਵਿੱਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ। ਪੰਜਾਬ ਮੰਦਬੁੱਧੀ ਅਤੇ ਜਮਾਂਦਰੂ ਅਪਾਹਜ ਬੱਚਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ।

ਔਰਤਾਂ ਵਿੱਚ ਬਿਨਾਂ ਦਵਾਈਆਂ ਤੋਂ ਗਰਭ ਨਹੀਂ ਠਹਿਰਦੇ ਅਤੇ ਜੇ ਦਵਾਈਆਂ ਨਾਲ ਠਹਿਰ ਵੀ ਜਾਂਦੇ ਹਨ ਤਾਂ ਉਹ ਸਿਰੇ ਵੀ ਦਵਾਈਆਂ ਨਾਲ ਹੀ ਲੱਗਦੇ ਹਨ। ਇੱਥੇ ਹੀ ਬੱਸ ਨਹੀਂ ਅੱਜ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਛਿਮਾਹੇ, ਸਤਮਾਹੇ ਤੇ ਅਠਮਾਹੇ ਬੱਚਿਆਂ ਦਾ ਜਨਮ ਹੋ ਰਿਹਾ ਹੈ। ਜਿਹਨਾਂ ਵਿੱਚੋਂ ਬਹੁਤੇ ਜਨਮ ਉਪਰੰਤ ਤੁਰੰਤ ਕਾਲ ਦਾ ਗ੍ਰਾਸ ਬਣ ਜਾਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਅਸੀਂ ਬਜ਼ਾਰੂ ਸਬਜ਼ੀਆਂ ਰਾਹੀਂ ਸਭ ਤੋਂ ਵੱਧ ਮਾਤਰਾ ਵਿੱਚ ਜ਼ਹਿਰ ਦਾ ਸੇਵਨ ਕਰ ਰਹੇ ਹਾਂ। ਜਿਹੜਾ ਕਿ ਅੱਗੇ ਚੱਲ ਕਿ ਸਾਡੇ ਸਿਹਤ, ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਸਭ ਨੂੰ ਆਪਣੇ ਲਈ ਸੁਰੱਖਿਅਤ ਅਤੇ ਨਿਰਮਲ ਖ਼ੁਰਾਕ ਜੁਟਾਉਣ ਵਾਸਤੇ ਘਰ-ਘਰ ਵਿੱਚ ਘਰੇਲੂ ਬਗੀਚੀਆਂ ਬਣਾਉਣ ਦੀ ਲੋੜ ਹੈ ਤੇ ਇਹ ਹੀ ਸਮੇਂ ਦੀ ਮੰਗ ਵੀ ਹੈ।

ਆਓ! ਘਰੇਲੂ ਬਗੀਚੀ ਬਣਾਈਏ:

ਉੱਪਰ ਦਿੱਤੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੇ ਵਿਹੜੇ ਜਾਂ ਘਰ ਵਿੱਚ ਉਪਲੱਬਧ ਜਗ੍ਹਾ ਨੂੰ ਘਰੇਲੂ ਬਗੀਚੀ ਵਜੋਂ ਵਿਕਸਿਤ ਕਰਕੇ ਤਾਜ਼ੇ ਪਾਣੀ ਦੇ ਨਾਲ-ਨਾਲ ਰਸੋਈ ਦੇ ਅਣਉਪਯੋਗੀ ਪਾਣੀ ਨੂੰ ਵਰਤ ਕੇ ਆਪਣੀ ਜ਼ਰੂਰਤ ਦੀਆਂ ਸਬਜ਼ੀਆਂ ਉਗਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਘਰੇਲੂ ਬਗੀਚੀ ਅੱਗੇ ਚੱਲ ਕੇ ਵਾਤਾਵਰਨ ਪ੍ਰਦੂਸ਼ਣ ਦਾ ਜ਼ਰੀਆ ਬਣਨ ਵਾਲੇ ਅਣਉਪਯੋਗੀ ਪਾਣੀ ਨੂੰ ਵਰਤਣ ਦਾ ਸਹੀ ਢੰਗ ਹੋ ਸਕਦੀ ਹੈ। ਛੋਟੇ ਖੇਤਰ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੁੱਝ ਘਰੇਲੂ ਪਰ ਕੁਦਰਤੀ ਸਾਧਨ ਵਰਤ ਕੇ ਕੀਟਾਂ ਤੋਂ ਵੀ ਬੜੀ ਅਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸੋ ਘਰੇਲੂ ਬਾੜੀ ਸਦਕੇ ਸਾਨੂੰ ਉੱਤਮ ਦਰਜ਼ੇ ਦੀਆਂ ਜ਼ਹਿਰ ਅਤੇ ਰਸਾਇਣ ਮੁਕਤ ਸਬਜ਼ੀਆਂ ਆਸਾਨੀ ਨਾਲ ਉਪਲੱਬਧ ਹੋ ਸਕਦੀਆਂ ਹਨ।

ਜਗ੍ਹਾ ਦੀ ਚੋਣ ਅਤੇ ਆਕਾਰ:

ਘਰੇਲੂ ਬਗੀਚੀ ਲਈ ਪਿੰਡਾਂ ਵਿੱਚ ਘਰ ਦੇ ਵਿਹੜੇ ਜਾਂ ਵਾੜੇ ਨੂੰ ਚੁਣਿਆ ਜਾਂਦਾ ਹੈ। ਇਹ ਜ਼ਿਆਦਾ ਸੁਵਿਧਾਪੂਰਨ ਵੀ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਸਬਜ਼ੀਆਂ ਵੱਲ ਲੋੜੀਂਦਾ ਧਿਆਨ ਦੇ ਸਕਦੇ ਹਨ ਅਤੇ ਘਰ ਦੀ ਰਸੋਈ ਦਾ ਫਾਲਤੂ ਪਾਣੀ ਵੀ ਸਬਜ਼ੀਆਂ ਲਈ ਵਰਤਿਆ ਜਾ ਸਕਦਾ ਹੈ। ਬਗੀਚੀ ਦਾ ਆਕਾਰ ਉਪਲੱਬਧ ਜਗ੍ਹਾ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ ‘ਤੇ ਨਿਰਭਰ ਕਰਦਾ ਹੈ। ਸੋ ਬਗੀਚੀ ਦੇ ਆਕਾਰ ਸਬੰਧੀ ਕੋਈ ਨਿਰਧਾਰਿਤ ਮਾਪਦੰਡ ਨਹੀਂ ਹਨ। ਫਿਰ ਵੀ ਤਿੰਨ-ਚਾਰ ਮਰਲੇ ਜਗ੍ਹਾ ਪੰਜ-ਛੇ ਮੈਂਬਰਾਂ ਵਾਲੇ ਪਰਿਵਾਰ ਦੀਆਂ ਸਬਜ਼ੀ ਸਬੰਧੀ ਲਗਭਗ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫੀ ਹੈ।

ਜ਼ਮੀਨ ਦੀ ਤਿਆਰੀ:

ਸਭ ਤੋਂ ਪਹਿਲਾਂ 30 ਤੋਂ 40 ਸੈਂਮੀ. ਤੱਕ ਦੀ ਗੁਡਾਈ ਕਰੋ। ਰੋੜੇ, ਝਾੜੀਆਂ ਅਤੇ ਨਦੀਨ ਆਦਿ ਕੱਢ ਕੇ ਜਗ੍ਹਾ ਨੂੰ ਸਾਫ ਕਰੋ। ਹੁਣ ਘਰੇਲੂ ਬਗੀਚੀ ਲਈ ਚੁਣੇ ਗਏ ਥਾਂ ਨੂੰ ਨਮੀ ਦੇਣ ਲਈ ਇਸ ਵਿੱਚ ਪਾਣੀ ਭਰ ਦਿਉ। ਜਦੋਂ ਜ਼ਮੀਨ ਵੱਤਰ ਆ ਜਾਵੇ ਤਾਂ ਇੱਕ ਵਾਰ ਫਿਰ ਕਹੀ ਨਾਲ ਮਿੱਟੀ ਨੂੰ ਪਲਟ ਕੇ ਇਸ ਵਿੱਚ 100 ਕਿੱਲੋ ਰੂੜੀ ਦੀ ਖਾਦ ਜਾਂ ਗੁੜ ਜਲ ਅੰਮ੍ਰਿਤ ਕੰਪੋਸਟ ਚੰਗੀ ਤਰ੍ਹਾਂ ਰਲਾ ਕੇ ਜਗ੍ਹਾ ਨੂੰ ਪੱਧਰੀ ਕਰ ਦਿਉ। ਹੁਣ ਇਸ ਪੱਧਰੀ ਜਗ੍ਹਾ ਵਿੱਚ 45 ਤੋਂ 60 ਸੈਂਮੀ. ਦੀ ਦੂਰੀ ਰੱਖ ਕੇ ਵੱਟਾਂ ਅਤੇ ਖਾਲੀਆਂ ਪਾਉ।

ਜਾਨਦਾਰ ਬੀਜ ਦੀ ਚੋਣ:

ਘਰੇਲੂ ਬਗੀਚੀ ਵਿੱਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਬੀਜ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਉ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਉ ਅਤੇ ਚੁਣੇ ਹੋਏ ਬੀਜਾਂ ਵਿੱਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ।

ਬੀਜ ਸੰਸਕਾਰ:

ਘਰੇਲੂ ਬਗੀਚੀ ਵਿੱਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ।
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ ਕੱਚੇ ਦੁੱਧ ਵਿੱਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿਨਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲ਼ਦੇ ਹੋਏ ਪਤਲਾ ਲੇਪ ਕਰ ਦਿਉ। ਬੀਜ ਅੰਮ੍ਰਿਤ ਦਾ ਲੇਪ ਚੜ੍ਹੇ ਹੋਏ ਬੀਜਾਂ ਨੂੰ ਛਾਵੇਂ ਸੁਕਾ ਕੇ ਬਿਜਾਈ ਕਰ ਦਿਉ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ।
ਘਰੇਲੂ ਬਗੀਚੀ ਵਿੱਚ ਹੇਠ ਦਿੱਤੀਆਂ ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ: ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ, ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਮਟਰ, ਛੋਲੇ, ਮੇਥੀ, ਆਲੂ, ਲਸਣ, ਪਿਆਜ, ਸੌਂਫ, ਹਾਲੋਂ, ਅਲਸੀ, ਸਰ੍ਹੋਂ, ਮਸਰ।

ਬਿਜਾਈ ਦਾ ਢੰਗ:

ਕੁੱਝ ਬੀਜ ਜਿਵੇਂ ਪਾਲਕ, ਮੇਥੇ ਅਤੇ ਸਰ੍ਹੋਂ ਛਿੱਟੇ ਨਾਲ ਬੀਜੇ ਜਾਂਦੇ ਹਨ। ਅਜਿਹੇ ਬੀਜਾਂ ਨੂੰ ਖ਼ੁਸ਼ਕ ਕਿਆਰੀਆਂ ਵਿੱਚ ਲਾ ਕੇ ਪਾਣੀ ਦਿਉ।
ਕੁੱਝ ਬੀਜ ਜਿਵੇਂ ਮੂਲੀ, ਗਾਜਰਾਂ ਅਤੇ ਮਟਰ ਚੁਟਕੀ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਕਿਆਰੀਆਂ ਵੱਤਰ ਕਰਕੇ ਫਿਰ ਚੁਟਕੀ ਨਾਲ ਲਗਾਉ।
ਗੋਭੀ ਅਤੇ ਪਿਆਜ਼ ਦੀ ਪਨੀਰੀ ਤਿਆਰ ਕਰਕੇ ਵੱਟਾਂ ਉੱਪਰ ਲਗਾਉ। ਪਿਆਜ, ਪੁਦੀਨਾ ਅਤੇ ਧਨੀਆ ਵੱਟਾਂ ਦੇ ਨਾਲ-ਨਾਲ ਲਾਏ ਜਾ ਸਕਦੇ ਹਨ।

ਸਹਿਜੀਵੀ ਫਸਲ ਪ੍ਰਣਾਲੀ ਅਪਣਾਉ:

ਘਰੇਲੂ ਬਗੀਚੀ ਹਮੇਸ਼ਾ ਸਹਿਜੀਵੀ ਫਸਲ ਪ੍ਰਣਾਲੀ ‘ਤੇ ਆਧਾਰਿਤ ਹੋਣੀ ਚਾਹੀਦੀ ਹੈ। ਸਹਿਜੀਵੀ ਫਸਲ ਪ੍ਰਣਾਲੀ ਵਿੱਚ ਮੁੱਖ ਫਸਲ ਦੇ ਨਾਲ ਕੁੱਝ ਅਜਿਹੀਆਂ ਫਸਲਾਂ ਜਾਂ ਪੌਦੇ ਲਾਏ ਜਾਂਦੇ ਹਨ ਜਿਹੜੇ ਕਿ ਮੁੱਖ ਫਸਲ ਨੂੰ ਤੰਦਰੁਸਤੀ ਬਖ਼ਸ਼ਦੇ ਹੋਏ ਉਸਦੇ ਵਾਧੇ ਤੇ ਵਿਕਾਸ ਵਿੱਚ ਮੱਦਦ ਕਰਦੇ ਹਨ, ਉਸਨੂੰ ਕੀਟਾਂ ਤੋਂ ਬਚਾਉਂਦੇ ਹਨ। ਸੋ ਘਰੇਲੂ ਬਗੀਚੀ ਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਣ ਲਈ ਹੇਠ ਲਿਖੇ ਅਨੁਸਾਰ ਕੁੱਝ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਾਉਣਾ ਚਾਹੀਦਾ ਹੈ।

  • ਤੁਲਸੀ- ਇਹ ਟਮਾਟਰ ਦਾ ਸਵਾਦ ਵਧਾਉਂਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਂਦੀ ਹੈ।
  • ਲਸਣ- ਇਹ ਚੇਪੇ ਨੂੰ ਕਾਬੂ ਕਰਦਾ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਸਹਾਇਕ ਹੈ।
  • ਅਜ਼ਵਾਇਣ- ਜੇ ਇਸ ਨੂੰ ਬੰਦ ਗੋਭੀ ਦੇ ਨੇੜੇ ਬੀਜਿਆ ਜਾਵੇ ਤਾਂ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋਂ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ
  • ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।
  • ਗੇਂਦਾ- ਜੜ੍ਹ ਵਿੱਚੋਂ ਇੱਕ ਤਰਲ ਪੈਦਾ ਕਰਦਾ ਹੈ ਜੋ ਕਿ ਜੜ੍ਹਾਂ ਨੂੰ ਖਾਣ ਵਾਲੇ ਕੀੜਿਆਂ ਨੂੰ ਨਸ਼ਟ ਕਰਦਾ ਹੈ। ਇਹ ਅਮਰੀਕਨ ਸੁੰਡੀ ਨੂੰ ਵੀ ਰੋਕਣ ਵਿੱਚ ਮੱਦਦ ਕਰਦਾ ਹੈ।

ਸੰਦੀਪ ਕੰਬੋਜ ਗੋਲੂ ਕਾ ਮੋੜ,
ਤਹਿਸੀਲ ਗੁਰੂਹਰਸਹਾਏ, ਫਿਰੋਜ਼ਪੁਰ
ਮੋ. 97810-00909

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here