Punjab Weather Update: ਬਠਿੰਡਾ (ਸੁਖਜੀਤ ਮਾਨ)। ਪੋਹ ਮਹੀਨੇ ਦੀ ਠੰਢ ਤੇ ਉੱਪਰੋਂ ਪੁਰੇ ਦੀ ਠੰਢੀ ਠਾਰ ਹਵਾ ਨੇ ਲੋਕਾਂ ਨੂੰ ਕਾਂਬਾ ਚੜ੍ਹਾ ਰੱਖਿਆ ਹੈ। ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਤਾਂ ਇਹ ਠੰਢ ਝੱਲਣੀ ਕਾਫੀ ਔਖੀ ਹੋਈ ਪਈ ਹੈ। ਠੰਢ ਤੇ ਧੁੰਦ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਵੀ ਇਸ ਠੰਢ ਤੋਂ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ, ਜਦੋਂਕਿ ਠੰਢ ਵਧਣ ਦੀਆਂ ਸੰਭਾਵਨਾਵਾਂ ਮੌਸਮ ਵਿਭਾਗ ਦੇ ਮਾਹਿਰਾਂ ਨੇ ਪ੍ਰਗਟਾਈਆਂ ਹਨ ।
ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੇ ਬੀਤੇ 24 ਘੰਟਿਆਂ ਦੇ ਤਾਪਮਾਨ ਦੇ ਅੰਕੜੇ ਦੱਸਦੇ ਹਨ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਘੱਟ ਤੋਂ ਘੱਟ ਤਾਪਮਾਨ 6.8 ਡਿਗਰੀ ਨਾਲ ਪੰਜਾਬ ਭਰ ’ਚੋਂ ਸਭ ਤੋਂ ਠੰਢਾ ਰਿਹਾ ਹੈ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ 11.8 ਡਿਗਰੀ, ਲੁਧਿਆਣਾ 8.6, ਪਟਿਆਲਾ 9.3, ਪਠਾਨਕੋਟ 12.6, ਬਠਿੰਡਾ 12.5, ਫਰੀਦਕੋਟ 10 ਡਿਗਰੀ, ਸ੍ਰੀ ਆਨੰਦਪੁਰ ਸਾਹਿਬ 12.6 ਡਿਗਰੀ, ਹੁਸ਼ਿਆਰਪੁਰ 9.1 ਡਿਗਰੀ ਅਤੇ ਮਾਨਸਾ ’ਚ 12.5 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਿਹਾ। ਠੰਢ ਤੋਂ ਕੜਾਕੇ ਦੀ ਇਸ ਠੰਢ ’ਚ ਹਸਪਤਾਲਾਂ ’ਚ ਬਿਮਾਰਾਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੀ ਗਿਣਤੀ ਵਧਣ ਲੱਗੀ ਹੈ।
Punjab Weather Update
ਸਿਹਤ ਮਾਹਿਰਾਂ ਨੇ ਵਡੇਰੀ ਉਮਰ ਵਾਲਿਆਂ ਅਤੇ ਛੋਟੇ ਬੱਚਿਆ ਨੂੰ ਠੰਢ ਤੋਂ ਬਚਾਉਣ ਲਈ ਸਾਵਧਾਨੀਆਂ ਦੀ ਵਰਤਣ ਦੀ ਸਲਾਹ ਦਿੱਤੀ ਹੈ। ਠੰਢ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਬਜ਼ੁਰਗਾਂ ਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਅਤੇ ਦੇਰ ਸ਼ਾਮ ਤੱਕ ਜ਼ਿਆਦਾ ਠੰਢ ਵਿੱਚ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ । ਪੰਜਾਬ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ 24 ਦਸੰਬਰ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਵਿਦਿਆਰਥੀਆਂ ਨੂੰ ਹੁਣ ਵੀ ਕਾਫੀ ਔਖ ਨਾਲ ਸਕੂਲਾਂ ਤੱਕ ਪੁੱਜਣਾ ਪੈ ਰਿਹਾ ਹੈ। ਧੁੰਦ ਦਾ ਮੌਸਮ ਰਾਹਗੀਰਾਂ ਵਾਸਤੇ ਭਾਵੇਂ ਨੁਕਸਾਨਦਾਇਕ ਹੈ ਪਰ ਕਣਕ ਦੀ ਫਸਲ ਲਈ ਠੰਢਕ ਭਰਿਆ ਇਹ ਮੌਸਮ ਖੇਤੀ ਮਾਹਿਰਾਂ ਨੇ ਵਰਦਾਨ ਦੱਸਿਆ ਹੈ।
ਕਰੀਬ 11 ਵਜੇ ਤੋਂ ਬਾਅਦ ਚੜ੍ਹਦਾ ਹੈ ਦਿਨ!
ਠੰਢ ਤੋਂ ਇਲਾਵਾ ਸਵੇਰ ਵੇਲੇ ਪੈਂਦੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰੱਖਿਆ ਹੈ। ਕਰੀਬ 11 ਵਜੇ ਤੋਂ ਬਾਅਦ ਹੀ ਸੜਕਾਂ ’ਤੇ ਆਮ ਦਿਨਾਂ ਦੀ ਤਰ੍ਹਾਂ ਕੁਝ ਸਾਫ ਦਿਖਾਈ ਦੇਣ ਲੱਗਦਾ ਹੈ। ਧੁੰਦ ਕਾਰਨ ਸੜਕ ਤੋਂ ਲੈ ਕੇ ਅਸਮਾਨ ਤੱਕ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਬੱਸਾਂ, ਰੇਲਾਂ ਅਤੇ ਫਲਾਈਟਾਂ ਮਿੱਥੇ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ। ਮਜ਼ਬੂਰੀਵੱਸ ਸਵੇਰੇ ਜਲਦੀ ਘਰੋਂ ਨਿੱਕਲਣ ਵਾਲੇ ਲੋਕਾਂ ਦੇ ਵਾਹਨ ਸੜਕਾਂ ’ਤੇ ਮੱਠੀ ਰਫ਼ਤਾਰ ਨਾਲ ਚਲਦੇ ਦਿਖਾਈ ਦਿੰਦੇ ਹਨ।
ਕਸ਼ਮੀਰ ’ਚ ਬਰਫ਼ਬਾਰੀ ਨਾਲ ਚਿੱਲਈ ਕਲਾਂ ਦੀ ਸ਼ੁਰੂਆਤ
ਸ੍ਰੀਨਗਰ (ਏਜੰਸੀ)। ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਅਤੇ ਘਾਟੀ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ। ਇਹ 40 ਦਿਨਾਂ ਦੀ ਕੜਾਕੇ ਦੀ ਠੰਢ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੈ, ਜਿਸ ਨੂੰ ਸਥਾਨਕ ਤੌਰ ’ਤੇ ‘ਚਿੱਲਈ ਕਲਾਂ’ ਕਿਹਾ ਜਾਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਸਾਰੇ ਸਦੀਵੀ ਜਲ ਭੰਡਾਰ ਜੰਮ ਜਾਂਦੇ ਹਨ।
Read Also : ਬਾਲ ਭਿੱਖਿਆ ਮੁਕਤ ਪੰਜਾਬ ਵੱਲ ਮਾਨ ਸਰਕਾਰ ਦੇ ਕਦਮ ਹੋਰ ਤੇਜ਼: ਡਾ. ਬਲਜੀਤ ਕੌਰ
ਕਸ਼ਮੀਰ ਘਾਟੀ ਵਿੱਚ ਲੱਗਭੱਗ ਤਿੰਨ ਮਹੀਨਿਆਂ ਦਾ ਸੋਕਾ ਐਤਵਾਰ ਨੂੰ ਖਤਮ ਹੋ ਗਿਆ, ਜਦੋਂ ਮੀਂਹ ਅਤੇ ਬਰਫ਼ਬਾਰੀ ਨੇ ਹਵਾ ਵਿੱਚੋਂ ਸਾਰੇ ਸਸਪੈਂਡੇਡ ਪਾਰਟਿਕੁਲੇਟ ਮੈਟਰ ਨੂੰ ਧੋ ਦਿੱਤਾ, ਜਿਸ ਨਾਲ ਸਾਹ ਲੈਣਾ ਆਸਾਨ ਅਤੇ ਸੁਰੱਖਿਅਤ ਹੋ ਗਿਆ। ਸ਼ਹਿਰਾਂ ਅਤੇ ਕਸਬਿਆਂ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਅਤੇ ਸਾਫ਼ ਹਵਾ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ। ਗੁਲਮਰਗ ਦੇ ਸਕੀ ਰਿਜ਼ੋਰਟ ਅਤੇ ਸੋਨਮਰਗ ਦੇ ਪਹਾੜੀ ਸਟੇਸ਼ਨ ਵਿੱਚ ਵੀ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ।
ਇਸ ਸੀਜ਼ਨ ਵਿੱਚ ਪਹਿਲੀ ਵਾਰ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਗੁਲਮਰਗ ਅਤੇ ਪਹਿਲਗਾਮ ਵਿੱਚ ਕ੍ਰਮਵਾਰ ਮਨਫ਼ੀ 1.5 ਅਤੇ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 11.5, ਕਟੜਾ 11.6, ਬਟੋਟ 7.6, ਬਨਿਹਾਲ 6 ਅਤੇ ਭਦਰਵਾਹ 5.8 ਡਿਗਰੀ ਸੈਲਸੀਅਸ ਰਿਹਾ। ਜ਼ੋਜਿਲਾ ਦੱਰਾ ਖੇਤਰ ਵਿੱਚ ਬਰਫ਼ਬਾਰੀ ਕਾਰਨ ਅਧਿਕਾਰੀਆਂ ਨੇ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ’ਤੇ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਹੈ। ਇਸੇ ਤਰ੍ਹਾਂ ਕੁਪਵਾੜਾ ਜ਼ਿਲ੍ਹੇ ਦੇ ਸਦਨਾ ਟੌਪ, ਬਾਂਦੀਪੋਰਾ ਜ਼ਿਲ੍ਹੇ ਦੇ ਰਜਦਾਨ ਦੱਰਾ ਅਤੇ ਅਨੰਤਨਾਗ ਜ਼ਿਲ੍ਹੇ ਦੇ ਸਿੰਥਨ ਦੱਰਾ ’ਤੇ ਵੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ।














