ਮੁੱਖ ਮੰਤਰੀ ਵੱਲੋਂ ਨੱਢਾ ਨੂੰ ਖੁੱਲਾ ਪੱਤਰ…

Capt Amarinder Singh

ਮਾਲ ਗੱਡੀਆਂ ਦੀ ਆਵਾਜਾਈ ਦੇ ਪੇਚੀਦਾ ਮਸਲੇ ਨੂੰ ਸਮੂਹਿਕ ਇੱਛਾ ਅਤੇ ਸੂਝ-ਬੂਝ ਨਾਲ ਸੁਲਝਾਉਣ ਦਾ ਸੱਦਾ

ਵੱਖ-ਵੱਖ ਭਾਜਪਾ ਨੇਤਾਵਾਂ ਦੀਆਂ ਤਾਜਾ ਟਿੱਪਣੀਆਂ ਉਤੇ ਦੁੱਖ ਜਾਹਰ, ਕਿਸਾਨਾਂ ਨੂੰ ‘ਨਕਸਲੀ’ ਕਹੇ ਜਾਣ ਦਾ ਕੀਤਾ ਜਿਕਰ

ਚੰਡੀਗੜ, (ਅਸ਼ਵਨੀ ਚਾਵਲਾ) ਕਿਸਾਨਾਂ ਵੱਲੋਂ ਰੇਲ ਰੋਕਾਂ ਹਟਾਉਣ ਦੇ ਬਾਵਜੂਦ ਰੇਲਵੇ ਦੁਆਰਾ ਮਾਲ ਗੱਡੀਆਂ ਦੀ ਆਵਾਜਾਈ ਮੁਅੱਤਲ ਰੱਖਣ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੂੰ ਖੁੱਲੀ ਚਿੱਠੀ ਲਿਖ ਕੇ ਇਸ ਪੇਚੀਦਾ ਮਸਲੇ ਨੂੰ ਸਮੂਹਿਕ ਇੱਛਾ ਅਤੇ ਸੂਝ-ਬੂਝ ਨਾਲ ਸੁਲਝਾਉਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਸਲੇ ਨੂੰ ਨਾ ਸੁਲਝਾਇਆ ਗਿਆ ਤਾਂ ਨਾ ਸਿਰਫ ਪੰਜਾਬ ਲਈ ਸਗੋਂ ਲੱਦਾਖ ਅਤੇ ਕਸ਼ਮੀਰ ਵਿੱਚ ਤਾਇਨਾਤ ਹਥਿਆਰਬੰਦ ਸੈਨਾਵਾਂ ਸਮੇਤ ਸਮੁੱਚੇ ਮੁਲਕ ਲਈ ਖਤਰਨਾਕ ਸਿੱਟੇ ਨਿਕਲ ਸਕਦੇ ਹਨ।

ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਇਹ ਸਮਾਂ ਨਾ ਤਾਂ ਸਿਆਸੀ ਟਕਰਾਅ ਵਿੱਚ ਪੈਣ ਦਾ ਹੈ ਅਤੇ ਨਾ ਹੀ ਦੂਸ਼ਣਬਾਜੀ ਕਰਨ ਦਾ ਹੈ। ਉਹਨਾਂ ਕਿਹਾ,ਇਸ ਨਾਜੁਕ ਪਲ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਬਜਾਏ ਅਜਿਹੀ ਕਿਸੇ ਵੀ ਲਾਲਸਾ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੇਲ ਗੱਡੀਆਂ ਮੁਅੱਤਲ ਰਹਿਣ ਨਾਲ ਨਾ ਸਿਰਫ ਪੰਜਾਬ ਨੂੰ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਨੂੰ ਵੱਡੀ ਕਮੀ ਦਾ ਸਾਹਮਣਾ ਕਰਨਾ ਪਵੇਗਾ।

ਉਹਨਾਂ ਨੇ ਚਿਤਾਵਨੀ ਦਿੱਤੀ ਕਿ ਠੰਡ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈਣਾ ਦੀ ਸੰਭਾਵਨਾ ਹੈ ਕਿਉਂ ਜੋ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ਉਤੇ ਬਰਫਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ। ਉਹਨਾਂ ਕਿਹਾ,ਇਹਨਾਂ ਖਤਰਿਆਂ ਨੂੰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਭਾਜਪਾ ਸਮੇਤ ਕੋਈ ਸਿਆਸੀ ਪਾਰਟੀ ਦਰਕਿਨਾਰ ਕਰ ਸਕਦੀ ਹੈ। ਦੇਸ਼ ਦੇ ਹਿੱਤ ਵਿੱਚ ਇਸ ਪੇਚੀਦਾ ਮਸਲੇ ਨੂੰ ਸੁਲਝਾਉਣ ਲਈ ਸਾਂਝੇ ਟੀਚੇ ਨਾਲ ਸਾਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ।

ਉਨਾਂ ਚੇਤਾਵਨੀ ਦਿੱਤੀ ਕਿ ਇੱਥੋਂ ਤੱਕ ਕਿ ਜੇਕਰ ਕਿਸਾਨਾਂ ‘ਤੇ ਮੰਡਰਾ ਰਹੇ ਮੌਜੂਦਾ ਸੰਕਟ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੁਰੱਖਿਆ ਦੇ ਲਿਹਾਜ਼ ਤੋਂ ਪੰਜਾਬ ਨੂੰ ਪਾਕਿਸਤਾਨ ਤੋਂ ਕਾਫ਼ੀ ਖ਼ਤਰਾ ਹੋ ਸਕਦਾ ਹੈ।ਉਨਾਂ ਅੱਗੇ ਕਿਹਾ ਕਿ ਆਈਐਸਆਈ ਤੋਂ ਸਮਰਥਨ ਪ੍ਰਾਪਤ ਅੱਤਵਾਦੀ ਸਮੂਹ ਹਮੇਸ਼ਾ ਹੀ ਪੰਜਾਬ ਵਿੱਚ ਗੜਬੜੀ ਪੈਦਾ ਕਰਨ ਦੀ ਤਾਕ ਵਿੱਚ ਰਹਿੰਦੇ ਹਨ।

ਮੁੱਖ ਮੰਤਰੀ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਦੇ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਮੌਜੂਦਾ ਸੰਕਟ ਦੀ ਸਥਿਤੀ ਵਿੱਚ ਵੱਖ-ਵੱਖ ਭਾਜਪਾ ਆਗੂਆਂ/ਮੈਂਬਰਾਂ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ, ਪੂਰਾ ਦੇਸ਼ ਸਾਡੇ ਕਿਸਾਨਾਂ ਨੂੰ ਅੰਨਦਾਤਾ ਵਜੋਂ ਜਾਣਦਾ ਹੈ ਅਤੇ ਉਨਾਂ ਦੇ ਅੰਦੋਲਨ ਦੀ ‘ਨਕਸਲਵਾਦ’ ਨਾਲ ਤੁਲਨਾ ਕਰਕੇ ਭਾਜਪਾ ਦੇ ਇਨਾਂ ਆਗੂਆਂ ਨੇ ਦੇਸ ਦੇ ਅੰਨਦਾਤਾ ਦਾ ਅਪਮਾਨ ਕੀਤਾ ਹੈ ਅਤੇ ਹਰ ਉਸ ਭਾਰਤੀ ਦੀ ਬੇਇਜ਼ਤੀ ਕੀਤੀ ਹੈ ਜਿਸਦਾ ਕਿਸਾਨਾਂ ਢਿੱਲ ਪਾਲਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.