ਸਾਡੇ ਨਾਲ ਸ਼ਾਮਲ

Follow us

16.7 C
Chandigarh
Wednesday, January 28, 2026
More
    Home Breaking News ਮੁੱਖ ਮੰਤਰੀ ਨੇ...

    ਮੁੱਖ ਮੰਤਰੀ ਨੇ 50 ਮੀਟਰਿਕ ਟਨ ਵਾਧੂ ਆਕਸੀਜਨ ਲਈ ਮੋਦੀ ਤੇ ਸ਼ਾਹ ਨੂੰ ਲਿਖਿਆ ਪੱਤਰ

    ਸੱਚ ਕਹੂੰ ਨਿਊਜ਼, ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਨੇੜਲੇ ਸ੍ਰੋਤਾਂ ਤੋਂ 50 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਵਾਧੂ ਸਪਲਾਈ ਅਤੇ ਬੋਕਾਰੋ ਤੋਂ ਐਲ.ਐਮ.ਓ. ਦੀ ਸਮੇਂ ਸਿਰ ਨਿਕਾਸੀ ਲਈ 20 ਵਾਧੂ ਟੈਂਕਰਾਂ (ਰੇਲ ਸਫਰ ਦੇ ਅਨੁਕੂਲ) ਦੇ ਨਾਲ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੋਵਾਂ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

    ਸੂਬੇ ਵਿੱਚ ਵੱਖ-ਵੱਖ ਪੱਧਰਾਂ ’ਤੇ ਆਕਸੀਜਨ ਸਹਾਰੇ ਚੱਲ ਰਹੇ ਕੋਵਿਡ ਮਰੀਜ਼ਾਂ ਦੀ ਗਿਣਤੀ 10000 ਤੱਕ ਅੱਪੜਨ ਦੇ ਚੱਲਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੱਖੋ-ਵੱਖਰੇ ਪੱਤਰ ਭੇਜੇ ਹਨ। ਸੂਬੇ ਭਰ ਵਿੱਚ ਆਕਸੀਜਨ ਦੀ ਕਮੀ ਦੇ ਚੱਲਦਿਆਂ ਕੀਮਤੀ ਜਾਨਾਂ ਦੇ ਭਾਰੀ ਨੁਕਸਾਨ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਧ ਰਹੇ ਕੇਸਾਂ ਦੇ ਦਬਾਅ ਨਾਲ ਉਹ ਆਕਸੀਜਨ ਦੀ ਘਾਟ ਕਾਰਨ ਲੈਵਲ 2 ਤੇ ਲੈਵਲ 3 ਦੇ ਬਿਸਤਰਿਆਂ ਨੂੰ ਵਧਾਉਣ ਵਿੱਚ ਅਸਮਰੱਥ ਹਨ।

    ਸੂਬੇ ਨੂੰ ਆਕਸੀਜਨ ਬਿਸਤਰਿਆਂ ਦੀ ਘਾਟ ਹੋਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਸਥਾਨਕ ਉਦਯੋਗਾਂ ਨੂੰ ਵਾਹਗਾ ਅਟਾਰੀ ਸਰਹੱਦ ਰਾਹੀਂ ਜੋ ਕਿ ਭੂਗੋਲਿਕ ਤੌਰ ’ਤੇ ਨੇੜੇ ਹੈ, ਐਲ.ਐਮ.ਓ. ਦੀ ਪਾਕਿਸਤਾਨ ਤੋਂ ਦਰਾਮਦ ਦੀ ਆਗਿਆ ਦੇਣ ਦੀ ਅਸਮਰੱਥਾ ਜ਼ਾਹਰ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ, ‘‘ ਮੈਨੂੰ ਇਹ ਦੱਸਦਿਆਂ ਅਫਸੋਸ ਹੋ ਰਿਹਾ ਹੈ ਕਿ ਸਾਨੂੰ ਬਦਲਵੇਂ ਸ੍ਰੋਤਾਂ ਤੋਂ ਲੋੜੀਂਦੀ ਸਪਲਾਈ ਦਾ ਭਰੋਸਾ ਦੇਣ ਦੇ ਬਾਵਜੂਦ ਅਜਿਹਾ ਨਹੀਂ ਵਾਪਰਿਆ।’’

    ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਬਾਹਰੋਂ ਐਲ.ਐਮ.ਓ. ਦੀ ਕੁੱਲ ਸਪਲਾਈ ਮੌਜੂਦਾ ਸਮੇਂ 195 ਮੀਟਰਿਕ ਟਨ ਮਿਲ ਰਹੀ ਹੈ ਜਿਸ ਵਿੱਚੋਂ 90 ਮੀਟਰਿਕ ਟਨ ਪੂਰਬੀ ਭਾਰਤ ਦੇ ਬੋਕਾਰੋ ਤੋਂ ਮਿਲ ਰਹੀ ਹੈ। ਬਾਕੀ 105 ਮੀਟਰਿਕ ਟਨ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਐਲ.ਐਮ.ਓ. ਕੇਂਦਰਾਂ ਤੋਂ ਮਿਲ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਰੋਜ਼ਾਨਾ ਦਾ ਨਿਰਧਾਰਤ ਕੋਟਾ ਨਹੀਂ ਮਿਲ ਰਿਹਾ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦਾ ਪਾਣੀਪਤ (ਹਰਿਆਣਾ) ਤੋਂ 5.6 ਮੀਟਰਿਕ ਟਨ, ਸੈਲਾ ਕੁਈ, ਦੇਹਰਾਦੂਨ (ਉਤਰਾਖੰਡ) ਤੋਂ 100 ਮੀਟਰਿਕ ਟਨ ਅਤੇ ਰੁੜਕੀ ਤੋਂ 10 ਮੀਟਰਿਕ ਟਨ ਦਾ ਬੈਕਲਾਗ ਪਿਆ ਹੈ।

    ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹੁਣ ਕੇਂਦਰ ਨੇ ਇਹ ਕਿਹਾ ਹੈ ਕਿ ਅੱਜ ਤੋਂ ਪਾਣੀਪਤ ਤੇ ਬੜੋਤੀਵਾਲਾ ਤੋਂ ਐਲ.ਐਮ.ਓ. ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਪਹਿਲਾਂ ਹੀ ਆਕਸੀਜਨ ਦੀ ਸੀਮਤ ਉਪਲੱਬਧਤਾ ’ਤੇ ਭਾਰੀ ਅਸਰ ਪਵੇਗਾ ਜਿਸ ਨਾਲ ਮੈਡੀਕਲ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਸਕਦੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ ਜੋ ਕਿ ਨਾਜ਼ੁਕ ਹਾਲਤ ਵਿੱਚ ਹਨ ਅਤੇ ਰੈਗੂਲਰ ਆਕਸੀਜਨ ਸਹਾਰੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਘਨ ਤੋਂ ਬਚਿਆ ਜਾਣਾ ਚਾਹੀਦਾ ਹੈ। ਜੇ ਲੋੜ ਪਈ ਤਾਂ ਸੂਬੇ ਨੂੰ ਨੇੜਲੇ ਵਾਧੂ ਸ੍ਰੋਤਾਂ ਤੋਂ ਤੁਰੰਤ ਸਪਲਾਈ ਭੇਜ ਕੇ ਇਸ ਦੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ।

    ਟੈਂਕਰਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਦੋ ਖਾਲੀ ਟੈਂਕਰ ਹਵਾਈ ਮਾਰਗ ਰਾਹੀਂ ਰੋਜ਼ਾਨਾ ਰਾਂਚੀ ਭੇਜ ਰਿਹਾ ਹੈ ਅਤੇ ਭਰੇ ਹੋਏ ਟੈਂਕਰ 48-50 ਘੰਟਿਆਂ ਦੇ ਸੜਕੀ ਸਫਰ ਰਾਹੀਂ ਬੋਕਾਰੋ ਤੋਂ ਵਾਪਸ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਬੋਕਾਰੋ ਤੋਂ ਰੋਜ਼ਾਨਾ 90 ਮੀਟਰਿਕ ਟਨ ਦੀ ਨਿਯਮਿਤ ਨਿਕਾਸੀ ਲਈ ਭਾਰਤ ਸਰਕਾਰ ਨੂੰ 20 ਵਾਧੂ ਟੈਂਕਰ (ਰੇਲ ਸਫਰ ਦੇ ਅਨੁਕੂਲ) ਅਲਾਟ ਕਰਨ ਦੀ ਅਪੀਲ ਕੀਤੀ ਸੀ ਪਰ ਸੂਬੇ ਨੂੰ ਇਹ ਦੱਸਿਆ ਗਿਆ ਕਿ ਸਿਰਫ ਦੋ ਟੈਂਕਰ ਹੀ ਮੁਹੱਈਆ ਕਰਵਾਏ ਜਾਣਗੇ ਪਰ ਉਹ ਵੀ ਅਜੇ ਮਿਲਣੇ ਬਾਕੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਤੁਰੰਤ ਹੀ ਇਸ ਮਾਮਲੇ ਵਿੱਚ ਦਖਲ ਦੇ ਕੇ ਇਸ ਵੱਡੇ ਸੰਕਟ ਨੂੰ ਹੱਲ ਕਰਨ ਦੀ ਅਪੀਲ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।