ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ’ਚ ਆ ਗਏ ਹਨ। ਮੁੱਖ ਮੰਤਰੀ ਮਾਨ ਨੇ ਕੱਲ੍ਹ ਸਵੇਰੇ ਭਾਵ ਸ਼ੁੱਕਰਵਾਰ (12 ਸਤੰਬਰ) ਨੂੰ ਇੱਕ ਮੀਟਿੰਗ ਬੁਲਾਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ’ਤੇ ਪੋਸਟ ਕਰਕੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ (ਟਵਿੱਟਰ) ’ਤੇ ਲਿਖਿਆ ਕਿ, ‘ਉਹ ਕੱਲ੍ਹ ਸਵੇਰੇ 11 ਵਜੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਕਰਨਗੇ। ਜਿਸ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ’ਚ ਹਿੱਸਾ ਲੈਣਗੇ ਤੇ ਸਕੱਤਰ ਅਤੇ ਮੁੱਖ ਸਕੱਤਰ ਚੰਡੀਗੜ੍ਹ ਰਿਹਾਇਸ਼ ’ਤੇ ਪਹੁੰਚ ਕੇ ਹਿੱਸਾ ਲੈਣਗੇ। ਮੀਟਿੰਗ ’ਚ ਲੋਕਾਂ ਨੂੰ ਉਪਲਬਧ ਡਾਕਟਰੀ ਸਹੂਲਤਾਂ, ਮੁਆਵਜ਼ਾ ਅਤੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ’ਤੇ ਚਰਚਾ ਕੀਤੀ ਜਾਵੇਗੀ।’
ਇਹ ਖਬਰ ਵੀ ਪੜ੍ਹੋ : Gariaband Encounter: ਗਾਰੀਆਬੰਦ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਫੋਰਟਿਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ ਤੇ ਸਾਰੀਆਂ ਰਿਪੋਰਟਾਂ ਆਮ ਆ ਗਈਆਂ ਹਨ, ਜਿਸ ਤੋਂ ਬਾਅਦ ਅੱਜ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ। ਹਾਲਾਂਕਿ, ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਘਰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੀਐਮ ਮਾਨ 5 ਸਤੰਬਰ ਨੂੰ ਰਾਤ 8 ਵਜੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਸਨ ਤੇ ਕਈ ਰਾਜਨੀਤਿਕ ਆਗੂ ਵੀ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਆਏ ਸਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ, ਸੀਐਮ ਮਾਨ ਨੇ ਹਸਪਤਾਲ ’ਚ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।