8 ਮਾਰਚ ਨੂੰ ਪੇਸ਼ ਹੋਏਗਾ ਪੰਜਾਬ ਦਾ ਅਹਿਮ ਬਜਟ, ਮਹਿਲਾਵਾਂ ਦੇ ਲਈ ਹੋਏਗਾ ਇੱਕ ਹਜ਼ਾਰ ਦਾ ਐਲਾਨ!
- ਮਹਿਲਾ ਦਿਵਸ ਨੂੰ ਚੁਣਿਆ ਗਿਆ ਐ ਬਜਟ ਲਈ, ਐਤਵਾਰ ਨੂੰ ਖੁੱਲ੍ਹਗੀ ਪੰਜਾਬ ਵਿਧਾਨ ਸਭਾ
- ਗੁਜਰਾਤ ਵਿੱਚ ਭਗਵੰਤ ਮਾਨ ਨੇ ਕੀਤਾ ਐਲਾਨ, ਮਹਿਲਾਵਾਂ ਲਈ ਖ਼ਾਸ ਹੋਏਗਾ ਇਹ ਬਜਟ
Punjab Budget 2026: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਆਖਰੀ ਬਜਟ ਮਹਿਲਾਵਾਂ ਲਈ ਕਾਫ਼ੀ ਜਿਆਦਾ ਖ਼ਾਸ ਹੋਣ ਜਾ ਰਿਹਾ ਹੈ ਅਤੇ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਏਗਾ। ਸੂਬਾ ਸਰਕਾਰ ਵਲੋਂ ਇਸ ਬਜਟ ਵਿੱਚ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਜਾਣਾ ਤੈਅ ਮੰਨਿਆ ਜਾ ਰਿਹਾ ਹੈ ਅਤੇ ਇਸ ਲਈ ਬਕਾਇਦਾ ਸਾਰੀ ਤਿਆਰੀ ਵੀ ਕਰ ਲਈ ਗਈ ਹੈ। ਮਹਿਲਾ ਦਿਵਸ ਐਤਵਾਰ ਨੂੰ ਆ ਰਿਹਾ ਹੈ ਤਾਂ ਇਸ ਲਈ ਪਹਿਲੀ ਵਾਰ ਪੰਜਾਬ ਦਾ ਬਜਟ ਵੀ ਐਤਵਾਰ ਨੂੰ ਪੇਸ਼ ਕੀਤਾ ਜਾਏਗਾ। ਹਾਲਾਂਕਿ ਇਸੇ ਸਾਲ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਵੀ ਐਤਵਾਰ ਨੂੰ ਹੀ ਪੇਸ਼ ਹੋਇਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮੇਂ ਗੁਜਰਾਤ ਦੇ ਦੌਰੇ ’ਤੇ ਹਨ ਅਤੇ ਉਨਾਂ ਵੱਲੋਂ ਗੁਜਰਾਤ ਵਿਖੇ ਹੀ ਇਸ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਬਜਟ ਦੇ ਦੌਰਾਨ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਜਾਏਗਾ ਅਤੇ ਆਮ ਲੋਕਾਂ ਦਾ ਹੀ ਇਹ ਬਜਟ ਹੋਏਗਾ, ਜਿਸ ਵਿੱਚ ਆਮ ਲੋਕਾਂ ਨੂੰ ਕਾਫ਼ੀ ਕੁਝ ਮਿਲਣ ਵਾਲਾ ਹੈ। ਮੁੱਖ ਮੰਤਰੀ ਨੇ ਇਥੇ ਕਿਹਾ ਕਿ ਉਹ ਪੰਜਾਬ ਵਿੱਚ 8 ਮਾਰਚ ਨੂੰ ਬਜਟ ਪੇਸ਼ ਕਰਨ ਵਾਲੇ ਹਨ। ਹਾਲਾਂਕਿ ਇਸ ਤੋਂ ਜਿਆਦਾ ਖ਼ੁਲਾਸਾ ਭਗਵੰਤ ਮਾਨ ਨੇ ਨਹੀਂ ਕੀਤਾ ਹੈ ਪਰ ਉਨਾਂ ਨੇ ਇਸ਼ਾਰਾ ਕਰ ਦਿੱਤਾ ਹੈ ਕਿ 8 ਮਾਰਚ ਨੂੰ ਮਹਿਲਾ ਦਿਵਸ ਕਰਕੇ ਹੀ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: Farmers News: ਸ਼ੁਭਕਰਨ ਸਿੰਘ ਦੀ ਦੂਜੀ ਬਰਸੀ: ਕਿਸਾਨਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਣ ਦਾ ਲਿਆ…
ਮਹਿਲਾ ਦਿਵਸ ਨੂੰ ਬਜਟ ਲਈ ਚੁਣੇ ਜਾਣ ਪਿੱਛੇ ਹੀ ਇਹ ਕਾਰਨ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਦਿਨ ਮਹਿਲਾਵਾਂ ਲਈ 1 ਹਜ਼ਾਰ ਰੁਪਏ ਦਾ ਐਲਾਨ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰੇ ਵਿੱਚ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਦਿਨ ਮਹਿਲਾਵਾਂ ਲਈ ਕਾਫ਼ੀ ਜਿਆਦਾ ਖ਼ਾਸ ਹੋਏਗਾ। ਇਥੇ ਜਿਕਰਯੋਗ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣਗੇ ਪਰ ਸੱਤਾ ਵਿੱਚ 4 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਹੁਣ ਤੱਕ ਇਹ ਐਲਾਨ ਪੂਰਾ ਨਹੀਂ ਹੋਇਆ ਸੀ ਤਾਂ ਹੁਣ ਇਸ ਨੂੰ ਪੂਰਾ ਕੀਤਾ ਜਾ ਰਿਹਾ ਹੈ।














