51 ਕਿਲੋਮੀਟਰ ਮਾਰਗ ਬਣਾਉਣ ਲਈ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ
ਅਸ਼ੋਕ ਵਰਮਾ, ਬਠਿੰਡਾ : ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਕੌਮੀ ਮਾਰਗ ਨੂੰ ਚੌੜਾ ਕਰਨ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਹਰੇ ਭਰੇ ਰੁੱਖਾਂ ‘ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਹਾਲਾਂਕਿ ਇਹ ਅੰਕੜਾ ਜ਼ਿਆਦਾ ਹੋ ਸਕਦਾ ਹੈ ਪਰ ਅਧਿਕਾਰੀ ਇਸ ਨੂੰ ਕਾਫੀ ਘੱਟ ਦੱਸ ਰਹੇ ਹਨ
ਵਿਸ਼ੇਸ਼ ਪਹਿਲੂ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਕੌਮੀ ਗਰੀਨ ਟ੍ਰਿਬਿਊਨਲ ਦੇ ਰੁੱਖ ਨਾਂ ਕੱਟਣ ਦੇ ਆਦੇਸ਼ਾਂ ‘ਤੇ ਰੋਕ ਲਾਉਣ ਮਗਰੋਂ 18 ਜੂਨ ਤੱਕ ਲੋੜੀਂਦੇ ਰੁੱਖ ਕੱਟ ਸਕਣ ਦੀ ਇਜਾਜ਼ਤ ਦਿੱਤੀ ਗਈ ਸੀ ਤੈਅ ਸਮਾਂ ਹੱਦ ਨੂੰ ਦੇਖਦਿਆਂ ਇਸ ਸੜਕ ‘ਤੇ ਲੱਗੇ ਰੁੱਖ ਰਾਤੋ ਰਾਤ ਕੱਟ ਦਿੱਤੇ ਗਏ ਸਨ ਬਠਿੰਡਾ ਖਿੱਤੇ ‘ਚ ਸਿਰਫ ਇਹੋ ਸੜਕ ਬਚੀ ਸੀ ਜਿਸ ‘ਤੇ ਭਰਪੂਰ ਹਰਿਆਲੀ ਸੀ ਰੁੱਖ ਕੱਟਣ ਤੋਂ ਬਾਅਦ ਹੁਣ ਤਾਂ ਇਹ ਸੜਕ ਵੀ ਗੰਜੀ ਦਿਖਾਈ ਦੇਣ ਲੱਗ ਪਈ ਹੈ
ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਦੋ ਵਰ੍ਹੇ ਪਹਿਲਾਂ ਕੌਮੀ ਮਾਰਗ ਐਲਾਨਿਆ ਗਿਆ ਸੀ ਉਸ ਮਗਰੋਂ ਇਸ ਸੜਕ ਨੂੰ ਚੌੜਾ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਸੀ ਇਸ ਸੜਕ ‘ਤੇ ਵੀ ਕਾਫੀ ਆਵਾਜਾਈ ਵਧ ਗਈ ਸੀ ਅਤੇ ਹਾਦਸੇ ਵੀ ਹੋਣ ਲੱਗ ਪਏ ਸਨ ਇਸ ਨੂੰ ਦੇਖਦਿਆਂ ਪਿਛਲੀ ਬਾਦਲ ਸਰਕਾਰ ਵੱਲੋਂ ਇਸ ਸੜਕ ਨੂੰ ਦਸ ਮੀਟਰ ਤੱਕ ਚੌੜੀ ਕਰਨ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਇਸ ਪ੍ਰੋਜੈਕਟ ‘ਤੇ ਤਕਰੀਬਨ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਲਾਇਆ ਗਿਆ ਹੈ
ਜਾਂਚ ਕਰਨ ‘ਤੇ ਵੱਧ ਨਿਕਲ ਸਕਦੈ ਕੱਟੇ ਗਏ ਰੁੱਖਾਂ ਦਾ ਅੰਕੜਾ
ਇਸ ਕੌਮੀ ਸੜਕ ਮਾਰਗ ਦੀ ਕੁੱਲ ਲੰਬਾਈ 51 ਕਿੱਲੋਮੀਟਰ ਬਣਦੀ ਹੈ ਬਠਿੰਡਾ ਜ਼ਿਲ੍ਹੇ ‘ਚ ਇਸ ਮਾਰਗ ਦੀ ਲੰਬਾਈ 16.5 ਕਿੱਲੋਮੀਟਰ ਹੈ ਜਦੋਂਕਿ ਬਾਕੀ ਭਾਗ ਸ੍ਰੀ ਮੁਕਤਸਰ ਜ਼ਿਲ੍ਹੇ ‘ਚ ਪੈਂਦਾ ਹੈ ਇਸ ਸੜਕ ਨੂੰ ਚੌੜੀ ਕਰਨ ਦਾ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਬਠਿੰਡਾ ਜ਼ਿਲ੍ਹੇ ‘ਚ ਇਸ ਪ੍ਰੋਜੈਕਟ ਦੇ ਨੋਡਲ ਅਫਸਰ ਐਸ.ਡੀ.ਓ. ਸ੍ਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਬਠਿੰਡਾ ਵਾਲੇ ਪਾਸੇ 16.5 ਕਿਲੋਮੀਟਰ ‘ਚ ਤਕਰੀਬਨ 800 ਰੁੱਖ ਕੱਟੇ ਗਏ ਹਨ ਉਨ੍ਹਾਂ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ ਦੀ ਰੋਕ ਖ਼ਤਮ ਹੋਣ ਕਾਰਨ ਜਲਦੀ ‘ਚ ਰੁੱਖ ਕੱਟਣੇ ਪਏ ਹਨ ਕਿਉਂਕਿ ਸੜਕਾਂ ਦੇ ਵਿਕਾਸ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ
ਏਦਾਂ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਆਉਂਦੀ ਸੜਕ ‘ਤੇ ਕਟਾਈ ਹੇਠ ਆਏ ਰੁੱਖਾਂ ਦੀ ਗਿਣਤੀ ਦੋ ਹਜ਼ਾਰ ਦੇ ਬਣਦੀ ਹੈ ਜਦੋਂਕਿ ਅਧਿਕਾਰੀਆਂ ਨੇ ਇਹ ਗਿਣਤੀ ਅੱਧੀ ਦੱਸਿਆ ਹੈ ਸ੍ਰੀ ਮੁਕਤਸਰ ਸਾਹਿਬ ਦੇ ਸਬੰਧਿਤ ਐਸ.ਡੀ.ਓ ਮਨਪ੍ਰੀਤਮ ਸਿੰਘ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਇਲਾਕੇ ‘ਚ ਇੱਕ ਹਜ਼ਾਰ ਦਰੱਖਤਾਂ ਦੀ ਕਟਾਈ ਹੋਈ ਹੈ
ਤਿੰਨ ਮਹੀਨਿਆਂ ‘ਚ ਮੁਕੰਮਲ ਮੁਕੰਮਲ ਹੋਵੇਗਾ ਸੜਕ ਦਾ ਕੰਮ
ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੰਮ ਅਗਲੇ ਤਿੰਨ ਮਹੀਨਿਆਂ ‘ਚ ਮੁਕੰਮਲ ਕਰ ਲਿਆ ਜਾਏਗਾ ਉਨ੍ਹਾਂ ਆਖਿਆ ਕਿ ਜੇਕਰ ਸੜਕਾਂ ਚੌੜੀਆਂ ਕਰਨੀਆ ਹਨ ਤਾਂ ਰੁੱਖਾਂ ਨੂੰ ਕੱਟਣਾ ਹੀ ਪੈਣਾ ਹੈ ਇਸ ਤੋਂ ਪਹਿਲਾਂ ਵੀ ਹਜ਼ਾਰਾਂ ਦਰੱਖ਼ਤ ਪਹਿਲਾਂ ਹੀ ਅਖੌਤੀ ਵਿਕਾਸ ਦੀ ਭੇਂਟ ਚੜ੍ਹ ਚੁੱਕੇ ਹਨ ਅਹਿਮ ਸੂਤਰਾਂ ਮੁਤਾਬਕ ਬਠਿੰਡਾ ਜ਼ਿਲ੍ਹੇ ‘ਚ ਸਿਰਫ ਸੱਤ ਹਜਾਰ ਹੈਕਟੇਅਰ ਰਕਬਾ ਜੰਗਲਾਂ ਹੇਠ ਰਹਿ ਗਿਆ ਹੈ ਜੋਕਿ 1.89 ਫੀਸਦੀ ਹੈ ਸਰਕਾਰੀ ਨਿਯਮਾਂ ਮੁਤਾਬਕ ਸਮੁੱਚੇ ਖੇਤਰਫਲ ਦੇ 33 ਫੀਸਦੀ ਰਕਬੇ ਦਾ ਹਰਿਆਲੀ ਹੇਠ ਹੋਣਾ ਸਹੀ ਮੰਨਿਆ ਜਾਂਦਾ ਹੈ
ਬਠਿੰਡਾ ਇਲਾਕੇ ਦਾ ਵਿਕਾਸ ਹਰਿਆਲੀ ਲਈ ਮਹਿੰਗਾ ਸਾਬਤ ਹੋ ਰਿਹਾ ਹੈ ਕਿਉਂਕਿ ਚਾਰ-ਚੁਫੇਰੇ ਵੱਡੀ ਪੱਧਰ ‘ਤੇ ਦਰੱਖ਼ਤਾਂ ਦੀ ਕਟਾਈ ਹੋ ਚੁੱਕੀ ਹੈ ਦੱਸਣਯੋਗ ਹੈ ਕਿ ਮਾਲਵੇ ਦੇ ਦੋ ਅਹਿਮ ਸੜਕ ਪ੍ਰੋਜੈਕਟਾਂ ਬਠਿੰਡਾ-ਜੀਰਕਪੁਰ ਤੇ ਬਠਿੰਡਾ-ਅੰਮ੍ਰਿਤਸਰ ਸੜਕ ਨੂੰ ਚਹੁੰਮਾਰਗੀ ਸੜਕ ਨੇ ਹਜ਼ਾਰਾਂ ਰੁੱਖਾਂ ਦੀ ਬਲੀ ਲੈ ਲਈ ਹੈ ਏਦਾਂ ਹੀ ਬਠਿੰਡਾ ਸ਼ਹਿਰ ਵਿੱਚ ਬਣੇ ਪੁਲਾਂ ਕਾਰਨ ਵੀ ਦਰਖ਼ਤ ਕੱਟਣੇ ਪਏ ਹਨ ਤਾਜਾ ਮਾਮਲਾ ਬਠਿੰਡਾ ਡੱਬਵਾਲੀ ਸੜਕ ‘ਤੇ ਰੇਲਵੇ ਫਲਾਈਓਵਰ ਲਈ ਰੁੱਖਾਂ ਦੀ ਕਟਾਈ ਦਾ ਵੀ ਹੈ ਬਠਿੰਡਾ-ਮਲੋਟ ਤੇ ਬਠਿੰਡਾ ਬਾਦਲ ਸੜਕਾਂ ਨੇ ਵੀ ਹਰਿਆਲੀ ਨੂੰ ਖੋਰਾ ਲਾਇਆ ਹੈ
ਬਠਿੰਡਾ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ ਵਿਚਕਾਰੋਂ ਸਾਰੀ ਹਰਿਆਲੀ ਪੁੱਟ ਕੇ ਲੋਹੇ ਦਾ ਡਵਾਈਡਰ ਲਾ ਦਿੱਤਾ ਗਿਆ ਸੀ ਡਵੀਜ਼ਨਲ ਜੰਗਲਾਤ ਅਫ਼ਸਰ ਗੁਰਪਾਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਰੁੱਖਾਂ ਦੀ ਕਟਾਈ ਨਿਯਮਾਂ ਮੁਤਾਬਕ ਹੀ ਕੀਤੀ ਜਾਂਦੀ ਹੈ ਉਨ੍ਹਾਂ ਆਖਿਆ ਕਿ ਜਿੰਨੇਂ ਰੁੱਖ ਕੱਟੇ ਜਾਂਦੇ ਹਨ ਉਸ ਹਿਸਾਬ ਨਾਲ ਲਾਏ ਵੀ ਜਾਂਦੇ ਹਨ
ਵਿਕਾਸ ਦੇ ਨਾਮ ਹੇਠ ਵਿਨਾਸ਼ ਨਹੀਂ: ਨਰੂਲਾ
ਪ੍ਰਦੂਸ਼ਣ ਨੂੰ ਲੈਕੇ ਲੋਕਾਂ ਨੂੰ ਚੇਤੰਨ ਕਰਨ ਅਤੇ ਸ਼ਹਿਰ ‘ਚ ਤੁਲਸੀ ਦੇ ਪੌਦੇ ਵੰਡ ਕੇ ਰੁੱਖ ਲਾਓ ਮੁਹਿੰਮ ਚਲਾ ਰਹੇ ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਵਿਕਾਸ ਦੇ ਨਾਂ ਹੇਠ ਵਿਨਾਸ਼ ਨਹੀਂ ਹੋਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਘੱਟ ਤੋਂ ਘੱਟ ਹਰਿਆਲੀ ਪ੍ਰਭਾਵਿਤ ਹੋਵੇ ਸ੍ਰੀ ਨਰੂਲਾ ਨੇ ਆਖਿਆ ਕਿ ਪਿਛਲੇ ਪੰਜ ਕੁ ਵਰ੍ਹਿਆਂ ਦੌਰਾਨ ਬਠਿੰਡਾ ਚੋਂ ਕਾਫੀ ਦਰੱਖਤਾਂ ਨੂੰ ਕੱਟਿਆ ਗਿਆ ਹੈ ਜੋਕਿ ਮਨੁੱਖਤਾ ਦੇ ਪੱਖ ਤੋਂ ਘਾਤਕ ਸਿੱਧ ਹੋਣ ਲੱਗਿਆ ਹੈ