ਬਠਿੰਡਾ ’ਚ ਭਾਜਪਾ ਆਗੂਆਂ ਤੇ ਕਿਸਾਨਾਂ ਦਰਮਿਆਨ ਟਕਰਾਅ ਦੀ ਸਥਿਤੀ
ਬਠਿੰਡਾ, (ਸੁਖਜੀਤ ਮਾਨ)। ਬਠਿੰਡਾ ਦੇ ਅਮਰੀਕ ਸਿੰਘ ਰੋਡ ’ਤੇ ਭਾਜਪਾ ਬਠਿੰਡਾ ਸ਼ਹਿਰੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮੌਕੇ ਸਮਾਗਮ ਕੀਤਾ ਜਾ ਰਿਹਾ ਸੀ। ਇਸ ਦੀ ਭਿਣਕ ਜਿਵੇਂ ਹੀ ਕਿਸਾਨਾਂ ਨੂੰ ਪਈ ਤਾਂ ਉਹ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸਮਾਗਮ ਵਾਲੀ ਥਾਂ ਨੇੜੇ ਪੁੱਜ ਗਏ।
ਰੋਹ ’ਚ ਆਏ ਕਿਸਾਨਾਂ ਨੇ ਭਾਜਪਾ ਦੇ ਸਮਾਗਮ ਸਥਾਨ ਕੋਲ ਕੇਂਦਰ ਸਰਕਾਰ ਵਿਰੋਧੀ ਨਾਅਰੇ ਲਾਏ। ਟਰਕਾਅ ਦੀ ਸਥਿਤੀ ਦੇ ਆਸਾਰ ਬਣੇ ਹੋਣ ਕਾਰਨ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦੀ ਅਗਵਾਈ ’ਚ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਸੀ। ਇਸ ਸਮੇਂ ਮਾਹੌਲ ਉਸ ਵੇਲੇ ਕਾਫ਼ੀ ਤਣਾਅਪੂਰਨ ਬਣ ਗਿਆ ਜਦੋਂ ਭਾਜਪਾ ਆਗੂਆਂ ਨੇ ਵੀ ਸੜਕਾਂ ਤੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂ ਮੋਠੂ ਸਿੰਘ ਕੋਟੜਾ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦੇਸ਼ ਭਰ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਭਾਜਪਾ ਦੇ ਇਸ ਸਮਾਗਮ ਸਥਾਨ ’ਤੇ ਆ ਕੇ ਨਾਅਰੇਬਾਜ਼ੀ ਕੀਤੀ ਗਈ।
ਉਨ੍ਹਾਂ ਆਖਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਓਧਰ ਦੂਜੇ ਪਾਸੇ ਭਾਜਪਾ ਸ਼ਹਿਰੀ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਦਾ ਕਹਿਣਾ ਹੈ ਕਿ ਉਹ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮੌਕੇ ਇੱਥੇ ਇਕੱਠੇ ਹੋਏ ਸੀ ਤਾਂ ਕਿਸਾਨਾਂ ਨੇ ਪਹੁੰਚ ਕੇ ਉਨ੍ਹਾਂ ਦੇ ਪ੍ਰੋਗਰਾਮ ’ਚ ਵਿਘਨ ਪਾਇਆ। ਭਾਜਪਾ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਬਲ ਵੱਲੋਂ ਉਨ੍ਹਾਂ ਦੀ ਖਿੱਚਧੂਹ ਕੀਤੀ ਗਈ ਹੈ। ਜਦੋਂਕਿ ਕਿ ਮੌਕੇ ’ਤੇ ਮੌਜ਼ੂਦ ਪੁਲਿਸ ਅਫ਼ਸਰਾਂ ਦਾ ਤਰਕ ਸੀ ਕਿ ਉਨ੍ਹਾਂ ਕਿਸੇ ਦੀ ਖਿੱਚਧੂਹ ਨਹੀਂ ਕੀਤੀ ਸਗੋਂ ਮਾਹੌਲ ਵਿਗੜਨ ਤੋਂ ਰੋਕਣ ਲਈ ਦੋਵਾਂ ਧਿਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.