Mansa News: ਡੀਸੀ ਦਫ਼ਤਰ ਵੱਲ ਵਧਦੇ ਪੱਲੇਦਾਰਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ

Mansa News
ਮਾਨਸਾ : ਰੋਸ ਪ੍ਰਦਰਸ਼ਨ ਦੌਰਾਨ ਪੱਲੇਦਾਰਾਂ ਨੂੰ ਅੱਗੇ ਵਧਣ ਤੋਂ ਰੋਕਦੀ ਹੋਈ ਪੁਲਿਸ।

(ਸੁਖਜੀਤ ਮਾਨ) ਮਾਨਸਾ। Mansa News ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਲਈ ਪੱਲੇਦਾਰਾਂ ਵੱਲੋਂ ਅੱਜ ਜ਼ਿਲ੍ਹਾ ਪੱਧਰ ’ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਵਕ ਬਣ ਗਈ ਜਦੋਂ ਪੱਲੇਦਾਰ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫ਼ਤਰ ਵੱਲ ਵਧੇ ਪੁਲਿਸ ਰੋਕਾਂ ਤੋੜ ਕੇ ਅੱਗੇ ਵਧੇ ਪੱਲੇਦਾਰਾਂ ਤੇ ਪੁਲਿਸ ਦਰਮਿਆਨ ਕਾਫੀ ਧੱਕਾਮੁੱਕੀ ਹੋਈ, ਜਿਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲਹਿ ਗਈਆਂ। ਵੇਰਵਿਆਂ ਮੁਤਾਬਿਕ ਪੱਲੇਦਾਰਾਂ ਵੱਲੋਂ ਆਪਣੀਆਂ ਹੋਰਨਾਂ ਮੰਗਾਂ ਦੇ ਨਾਲ-ਨਾਲ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ  ਮੰਗ ਨੂੰ ਲੈ ਕੇ ਪਿਛਲੇ ਸੱਤ ਮਹੀਨਿਆਂ ਤੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਸ਼ਹਿਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ।

ਪਿਛਲੇ ਸੱਤ ਮਹੀਨਿਆਂ ਤੋਂ ਮੰਗਾਂ ਸਬੰਧੀ ਕਰ ਰਹੇ ਹਾਂ ਪ੍ਰਦਰਸ਼ਨ | Mansa News

ਇਸ ਦੌਰਾਨ ਅੱਜ ਪੰਜਾਬ ਭਰ ’ਚ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਮਾਨਸਾ ਵਿਖੇ ਪੱਲੇਦਾਰ ਸ਼ਹਿਰ ਵਿੱਚ ਕਾਲੀਆਂ ਝੰਡੀਆਂ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚਹਿਰੀਆਂ ਵਿੱਚ ਪੁਲਿਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਡੀਸੀ ਦਫਤਰ ਦੇ ਨਜ਼ਦੀਕ ਜਾ ਪਹੁੰਚੇ। ਇਸ ਦੌਰਾਨ ਪੁਲਿਸ ਨਾਲ ਪੱਲੇਦਾਰਾਂ ਦੀ ਧੱਕਾ ਮੁੱਕੀ ਹੋਈ ਜਿਸ ’ਚ ਕਈ ਪੱਲੇਦਾਰਾਂ ਦੀਆਂ ਪੱਗਾਂ ਵੀ ਲੱਥ ਗਈਆਂ।

Mansa News
ਮਾਨਸਾ : ਰੋਸ ਪ੍ਰਦਰਸ਼ਨ ਦੌਰਾਨ ਪੱਲੇਦਾਰਾਂ ਨੂੰ ਅੱਗੇ ਵਧਣ ਤੋਂ ਰੋਕਦੀ ਹੋਈ ਪੁਲਿਸ।

ਪੱਲੇਦਾਰ ਯੂਨੀਅਨ ਦੇ ਆਗੂ ਸਿੰਦਰਪਾਲ ਸਿੰਘ ਚਕੇਰੀਆ, ਛਿੰਦਾ ਸਿੰਘ ਸਰਦੂਲਗੜ੍ਹ ਤੇ ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਉਹ ਆਪਣੀਆਂ ਮੰਗਾਂ ਸਬੰਧੀ ਸੰਗਰੂਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਲੇਦਾਰਾਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਪੱਲੇਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਠੇਕੇਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: Bhagwant Mann : ਕਿਹੜੀ ਅਦਾਲਤ ਜਾਈਏ, ਕਿਹੜਾ ਵਕੀਲ ਕਰੀਏ… ਕੇਜਰੀਵਾਲ ਲਈ?, ਮੰਚ ’ਤੇ ਭਾਵੁਕ ਹੋਏ ਭਗਵੰਤ ਮਾਨ

ਆਗੂਆਂ ਨੇ ਕਿਹਾ ਕਿ ਪੰਜਾਬ ਦੇ ਫੂਡ ਸਪਲਾਈ ਲਾਲ ਚੰਦ ਕਟਾਰੂਚੱਕ ਨੇ ਪੱਲੇਦਾਰਾਂ ਦੇ ਨਾਲ ਪਹਿਲਾਂ ਕੁਝ ਮੀਟਿੰਗਾਂ ਕੀਤੀਆਂ ਪਰ ਹੁਣ ਪੱਲੇਦਾਰਾਂ ਨੂੰ ਪਹਿਚਾਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ। ਇਸ ਮੌਕੇ ਪੱਲੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਡੀਪੂ ਪ੍ਰਧਾਨ ਜਸਵੀਰ ਸਿੰਘ ਮਾਨਸਾ, ਨਿਰਮਲ ਸਿੰਘ ਬੁਢਲਾਡਾ, ਛਿੰਦਾ ਸਿੰਘ ਸਰਦੂਲਗੜ੍ਹ, ਕੁਲਦੀਪ ਸਿੰਘ ਬਰੇਟਾ, ਗੁਰਪਿਆਰ ਸਿੰਘ ਭੀਖੀ, ਕਰਮਾ ਸਿੰਘ ਸਾਬਕਾ ਪ੍ਰਧਾਨ, ਜਗਤਾਰ ਭੀਖੀ, ਬਲਵੀਰ ਸਿੰਘ ਅਤੇ ਮੱਖਣ ਸਿੰਘ ਸਰਦੂਲਗੜ੍ਹ ਆਦਿ ਮੌਜੂਦ ਸਨ। Mansa News