ਸ਼ਹਿਰ ਵਾਸੀਆਂ ’ਚ ਰਾਤ ਦੇ ਹਨ੍ਹੇਰੇ ’ਚ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਦਰੱਖ਼ਤ ਪੁੱਟਣ ਵਾਲਿਆਂ ਖ਼ਿਲਾਫ਼ ਰੋਸ ਦੀ ਲਹਿਰ

trees

ਐੱਸ.ਡੀ.ਐਮ ਅਮਲੋਹ ਤੇ ਜੰਗਲਾਤ ਵਿਭਾਗ ਨੇ ਦਰੱਖ਼ਤ ਪੁੱਟਣ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ

(ਅਨਿਲ ਲੁਟਾਵਾ) ਅਮਲੋਹ। ਬੀਤੀ ਰਾਤ ਸ਼ਹਿਰ ਅਮਲੋਹ ਵਿਖੇ ਰਾਤ ਸਾਢੇ 10 ਵਜੇ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਰਾਤ ਦੇ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਸ਼ਹਿਰ ਅਮਲੋਹ ਦੇ ਖੰਨਾ ਰੋਡ ’ਤੇ ਸੜਕ ਕੰਢੇ ਖੜ੍ਹੇ ਸਰਕਾਰੀ ਦਰੱਖ਼ਤ ਨੂੰ ਜੇ.ਸੀ.ਬੀ. ਦੀ ਮੱਦਦ ਨਾਲ ਪੁੱਟ ਕੇ ਸੜਕ ਨਾਲ ਲੱਗਦੇ ਪਲਾਟ ਵਿੱਚ ਸੁੱਟ ਦਿੱਤਾ ਗਿਆ। ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮੌਕੇ ਘਟਨਾ ਸਥਾਨ ’ਤੇ ਇਕੱਠੇ ਹੋਏ ਲਖਵਿੰਦਰ ਸਿੰਘ ਪੁੱਤਰ ਬੰਤ ਸਿੰਘ ਤੇ ਹੋਰ ਮਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਰਾਤ 10 ਵਜੇ ਕਿਸੇ ਕੰਮ ਤੋਂ ਆਪਣੇ ਘਰ ਵਾਪਸ ਆ ਰਹੇ ਸਨ ਜਦੋਂ ਉਹ ਖੰਨਾ ਚੁੰਗੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕਈ ਵਿਅਕਤੀ ਜੇ.ਸੀ.ਬੀ ਦੀ ਮੱਦਦ ਨਾਲ ਸੜਕ ਨਾਲ ਲੱਗਦੀ ਸਰਕਾਰੀ ਜਗਾ ਵਿੱਚ ਡੂੰਘਾ ਟੋਆ ਪੁੱਟ ਕੇ ਜੰਗਲਾਤ ਵਿਭਾਗ ਦੇ ਸਰਕਾਰੀ ਦਰੱਖ਼ਤ ਪੁੱਟ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਪੁੱਟੇ ਗਏ ਦਰੱਖ਼ਤ ਦੀ ਲੰਬਾਈ ਲਗਭਗ 50 ਫੁੱਟ ਤੋਂ ਵੱਧ ਅਤੇ ਚੌੜਾਈ 20 ਫੁੱਟ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਨੂੰ ਸਰਕਾਰੀ ਦਰੱਖ਼ਤ ਪੁੱਟਣ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਉਹ ਸਾਡੇ ਨਾਲ ਉਲਝਣ ਲੱਗ ਪਏ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਸਾਰੀ ਘਟਨਾ ਮੌਕੇ ’ਤੇ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਗਈ ਜਿਸ ਉਪਰੰਤ ਦਰੱਖ਼ਤ ਪੁੱਟਣ ਵਾਲੇ ਵਿਅਕਤੀ ਮੌਕੇ ਤੇ ਆਪਣੀਆਂ ਗੱਡੀਆਂ ਤੇ ਜੇ.ਸੀ.ਬੀ ਨੂੰ ਨਾਲ ਲੈ ਕੇ ਘਟਨਾ ਸਥਾਨ ਤੋਂ ਭੱਜ ਗਏ।

ਕੀ ਕਹਿਣਾ ਹੈ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਗੁਰਮੁਖ ਸਿੰਘ ਦਾ :

ਇਸ ਸਬੰਧੀ ਗੱਲਬਾਤ ਕਰਨ ’ਤੇ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਘਟਨਾ ਸਥਾਨ ’ਤੇ ਜੰਗਲਾਤ ਗਾਰਡ ਭੇਜ ਕੇ ਨੁਕਸਾਨ ਰਿਪੋਰਟ ਨੰਬਰ 1135055 ਤਿਆਰ ਕਰ ਕੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਪੁੱਟੇ ਗਏ ਸਰਕਾਰੀ ਦਰਖ਼ਤ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣਾ ਹੈ ਐੱਸ.ਡੀ.ਐਮ ਅਮਲੋਹ ਜੀਵਨਜੋਤ ਕੌਰ ਦਾ

ਐੱਸਡੀਐੱਮ ਜੀਵਨਜੋਤ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰੀ ਦਰੱਖ਼ਤ ਨੂੰ ਪੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਸਬੰਧਿਤ ਵਿਭਾਗ ਨੂੰ ਹੁਕਮ ਦੇ ਦਿੱਤੇ ਗਏ ਹਨ ਜਿਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ