ਮਨਰੇਗਾ ‘ਚ ਭ੍ਰਿਸ਼ਟਾਚਾਰ ਬਰਦਾਸ਼ਤਯੋਗ ਨਹੀਂ : ਆਗੂ
- ਕਿਹਾ, ਮਨਰੇਗਾ ਮੇਟ ਇਮਾਨਦਾਰੀ ਨਾਲ ਕੰਮ ਕਰਨ
MGNREGA News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਮਨਰੇਗਾ ਦੇ ਕੰਮ ’ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਟੌਤੀ ਕਰਕੇ ਮਨਰੇਗਾ ਮਜ਼ਦੂਰਾਂ ਦੇ ਪੇਟ ਉੱਤੇ ਲੱਤ ਮਾਰੀ ਗਈ ਹੈ। ਹੁਣ ਮਨਰੇਗਾ ਮਜ਼ਦੂਰਾਂ ਨੂੰ ਪਿੰਡਾਂ ਵਿੱਚ ਕੰਮ ਨਹੀਂ ਮਿਲ ਰਿਹਾ। ਜਿੰਨਾ ਕੁ ਕੰਮ ਚੱਲਦਾ ਹੈ ਉਸ ਵਿੱਚ ਵੀ ਮਨਰੇਗਾ ਦੇ ਗਰੀਬ ਮਜ਼ਦੂਰਾਂ ਨਾਲ ਹੇਰਾਫੇਰੀਆਂ ਕੀਤੀਆਂ ਜਾ ਰਹੀਆਂ ਹਨ। ਮਨਰੇਗਾ ਮੇਟਾਂ ਤੋਂ ਗਲਤ ਹਾਜ਼ਰੀਆਂ ਲਗਾਉਣ ਵਾਲੇ ਪੰਚਾਂ, ਸਰਪੰਚਾਂ ਤੇ ਗ੍ਰਾਮ ਸੇਵਕਾਂ ’ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਮਨਰੇਗਾ ਮੇਟ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਕਿਸੇ ਦੇ ਵੀ ਕਹਿਣ ‘ਤੇ ਕਿਸੇ ਵਿਅਕਤੀ ਦੀ ਗਲਤ ਹਾਜ਼ਰੀ ਨਾ ਲਗਾਉਣ ਕਿਉਂਕਿ ਬਾਅਦ ਵਿੱਚ ਇਸ ਦਾ ਖਮਿਆਜ਼ਾ ਸਿਧੇ ਤੌਰ ‘ਤੇ ਮੇਟ ਨੂੰ ਹੀ ਭੁਗਤਾਨਾ ਹੋਵੇਗਾ। ਮਨਰੇਗਾ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਥੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਰਾਮ ਸਿੰਘ ਸੋਹੀਆਂ ਤੇ ਸਕੱਤਰ ਕਾਮਰੇਡ ਸਤਵੀਰ ਤੁੰਗਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।
ਇਹ ਵੀ ਪੜ੍ਹੋ: Beas River: ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਮੰਡਰਾ ਰਿਹੈ ਖਤਰਾ! ਲੋਕਾਂ ’ਚ ਦਹਿਸ਼ਤ
ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥਕਦੀਆਂ ਪਰ ਦੂਜੇ ਪਾਸੇ ਮਜ਼ਦੂਰ ਜਮਾਤ ਨੂੰ ਆਪਣੇ ਪਰਿਵਾਰ ਪਾਲਣੇ ਵੀ ਔਖੇ ਹੋਏ ਪਏ ਹਨ। ਜ਼ਿਲ੍ਹੇ ਦੇ ਕਈ ਪਿੰਡਾਂ ਅੰਦਰ ਮਨਰੇਗਾ ਦੇ ਕੰਮ ਨਹੀਂ ਚੱਲ ਰਹੇ, ਕੇਂਦਰ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਨੇ ਮਨਰੇਗਾ ਦੇ ਕੰਮ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਕਰਕੇ ਰੋਡ, ਨਾਲੇ-ਕੱਸ਼ੀਆਂ ਦੀ ਸਫਾਈ ਤੇ ਹੋਰ ਬਹੁਤ ਸਾਰੇ ਕੰਮ ਰੋਕ ਦਿੱਤੇ ਹਨ, ਜਿਸ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਤੋਂ ਹੀ ਅੱਤ ਦੀ ਗਰੀਬੀ ਦਾ ਸਾਹਮਣਾ ਕਰ ਰਹੇ ਇਨ੍ਹਾਂ ਪਰਿਵਾਰਾਂ ਨੂੰ ਹੁਣ ਮਨਰੇਗਾ ਦਾ ਕੰਮ ਵੀ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਕੀਤੀ ਕਟੌਤੀ ਕਰਨ ਚਾਹੁੰਦੇ ਹੋਏ ਵੀ ਪੰਚਾਇਤਾਂ ਕਈ ਤਰ੍ਹਾਂ ਦੇ ਕੰਮ ਹੁਣ ਮਨਰੇਗਾ ਤਹਿਤ ਨਹੀਂ ਕਰਵਾ ਸਕਦੀਆਂ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਤਹਿਤ ਕੰਮਾਂ ’ਤੇ ਲਗਾਈ ਪਾਬੰਦੀ ਤੁਰੰਤ ਹਟਾਈ ਜਾਵੇ, ਮਨਰੇਗਾ ਤਹਿਤ ਹੋਰ ਕੰਮ ਜੋੜ ਕੇ ਇਸ ਦਾ ਘੇਰਾ ਵਿਸ਼ਾਲ ਕੀਤਾ ਜਾਵੇ ਤਾਂ ਜੋ ਹਰ ਪਰਿਵਾਰ ਨੂੰ ਸਾਲ ਵਿੱਚ 100 ਦਿਨ ਕੰਮ ਦੇਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜਿਸ ਮਨਰੇਗਾ ਕਾਮੇ ਨੂੰ ਸੌ ਦਿਨ ਕੰਮ ਨਹੀਂ ਦਿੱਤਾ ਜਾਂਦਾ ਉਸ ਨੂੰ ਕਾਨੂੰਨ ਮੁਤਾਬਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਿੱਥੇ ਵੀ ਕੰਮ ਚੱਲਦਾ ਹੈ ਮਜ਼ਦੂਰਾਂ ਨੂੰ ਲੋੜੀਂਦਾ ਸਾਜੋ ਸਮਾਨ ਜਿਵੇਂ ਬੱਠਲ, ਕਹੀਆਂ, ਦਾਤੀਆਂ, ਮਜ਼ਦੂਰਾਂ ਦੇ ਸੇਫਟੀ ਲਈ ਮੈਡੀਕਲ ਟੂਲ ਕਿੱਟਾਂ, ਹੱਥਾਂ ਲਈ ਦਸਤਾਨੇ, ਬੂਟ ਅਤੇ ਵੱਡੇ ਰੋਡਾਂ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਰਿਫਲੈਕਟਰਡ ਸੇਫਟੀ ਜੈਕਟਾਂ ਆਦਿ ਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਸੀਟੂ ਵੱਲੋਂ ਪਿੰਡ-ਪਿੰਡ ਲਾਮਬੰਦੀ ਕੀਤੀ ਜਾਵੇਗੀ ਤੇ ਸਰਕਾਰ ਖਿਲਾਫ਼ ਸੰਘਰਸ਼ ਤਿੱਖਾ ਕੀਤਾ ਜਾਵੇਗਾ ।