ਵਿਆਹ/ਸਸਕਾਰ ਮੌਕੇ 50 ਵਿਅਕਤੀਆਂ ਤੱਕ ਇਕੱਠ ਦੀ ਦਿੱਤੀ ਆਗਿਆ, ਬਾਰ/ਕਲੱਬ/ਅਹਾਤੇ ਹਾਲੇ ਬੰਦ ਹੀ ਰਹਿਣਗੇ
- ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ
- ਵੀਕੈਂਡ ਕਰਫਿਊ ਸ਼ਨਿਚਰਵਾਰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਤੱਕ ਲੱਗੇਗਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਸਰਕਾਰ ਨੇ ਆਖ਼ਰਕਾਰ ਪੰਜਾਬ ਵਿੱਚ 50 ਫੀਸਦੀ ਸਮਰੱਥਾ ਨਾਲ ਸਿਨੇਮਾ ਅਤੇ ਜਿੰਮ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ, ਜਿਸ ਨਾਲ ਜਿੰਮ ਦੇ ਸੌਕੀਨ ਨੂੰ ਸਾਰੀਆ ਨਾਲੋਂ ਜਿਆਦਾ ਰਾਹਤ ਮਿਲੇਗੀ। ਇਥੇ ਹੀ ਰੈਸਟੋਰੈਂਟ ਵਿੱਚ ਬੈਠ ਕੇ ਖਾਣੇ ਦਾ ਸੁਆਦ ਚੱਖ ਸਕਣਗੇ, ਜਦੋਂ ਕਿ ਪਿਛਲੇ ਦੋ ਮਹੀਨੇ ਤੋਂ ਸਰਕਾਰ ਵਲੋਂ ਪਾਬੰਦੀ ਲਗਾਈ ਹੋਈ ਸੀ। ਇਸ ਨਾਲ ਹੀ ਵਿਆਹ ਅਤੇ ਸੰਸਕਾਰ ਮੌਕੇ ਵੀ ਜਿਆਦਾ ਵਿਅਕਤੀਆਂ ਨੂੰ ਇਕੱਠਾ ਕਰਨ ਸਬੰਧੀ ਛੂਟ ਦਿੱਤੀ ਗਈ ਹੈ, ਹੁਣ 20 ਦੀ ਥਾਂ ’ਤੇ 50 ਤੱਕ ਇਕੱਠ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ ਅਤੇ ਉਸ ਤੋਂ ਬਾਅਦ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਸੂਬੇ ਭਰ ਵਿੱਚ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨਿਚਰਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ ਜਦੋਂ ਕਿ ਛੋਟ ਵਾਲੀਆਂ ਗਤੀਵਿਧੀਆਂ ਸਮੇਤ ਜ਼ਰੂਰੀ ਵਸਤਾਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਬੰਦਿਸ਼ਾਂ ਤੋਂ ਛੋਟ ਰਹੇਗੀ।
ਉਚ ਪੱਧਰੀ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹੋਟਲਾਂ ਸਮੇਤ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬੇ, ਸਿਨੇਮਾ, ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ ਬਸ਼ਰਤੇ ਇਨ੍ਹਾਂ ਦੇ ਕਾਮਿਆਂ ਦੇ ਵੈਕਸੀਨ ਦਾ ਘੱਟੋ-ਘੱਟ ਇਕ ਟੀਕਾ ਲੱਗਿਆ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਮਰੱਥਾ ਨਾਲ ਚਲਾਈਆਂ ਜਾ ਸਕਦੀਆਂ ਹਨ।
ਬਾਰ, ਪੱਬ ਤੇ ਅਹਾਤੇ ਹਾਲੇ ਬੰਦ ਰਹਿਣਗੇ। ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ ਵੀ ਹਾਲੇ ਬੰਦ ਹੀ ਰਹਿਣਗੇ।
ਜ਼ਿਲਾ ਅਥਾਰਟੀਆਂ ਨੂੰ ਸਥਾਨਕ ਸਥਿਤੀਆਂ ਅਨੁਸਾਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਸਮੇਤ ਖੋਲ੍ਹਣ ਬਾਰੇ ਸਮਾਂ ਨਿਰਧਾਰਤ ਕਰਨ ਲਈ ਆਖਿਆ ਗਿਆ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭੀੜ ਇਕੱਠੀ ਨਾ ਹੋਵੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜ਼ਿਲਾ ਅਥਾਰਟੀਆਂ ਸਮਾਜਿਕ/ਫਿਜੀਕਲ ਵਿੱਥ, ਮਾਸਕ ਪਾਉਣ ਆਦਿ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਇਹਤਿਆਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ।
ਇਹ ਐਲਾਨ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਪੰਜਾਬ ਵਿੱਚ ਲਾਗ ਦੇ ਵਾਧੇ ਦੀ ਯੂਨੀਵਰਸਿਟੀ ਆਫ ਕੈਂਬਰਿਜ ਜੱਜ ਬਿਜਨਿਸ ਸਕੂਲ ਦੀ 14 ਜੂਨ ਦੀ ਰਿਪੋਰਟ ਦਾ ਹਵਾਲਾ ਦੇਣ ਦੇ ਨਾਲ ਹੀ ਕੀਤੇ ਗਏ। ਮੀਟਿੰਗ ਵਿੱਚ ਦੱਸਿਆ ਗਿਆ ਕਿ ਰਿਪੋਰਟ ਅਨੁਸਾਰ ਸਾਰੇ ਜ਼ਿਲਿ੍ਹਆਂ ਵਿੱਚ ਨਵੇਂ ਕੇਸ ਹੇਠਾਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ, ‘‘14 ਜੂਨ 2021 ਤੱਕ ਰੋਜ਼ਾਨਾ ਵਿਕਾਸ ਦਰ ਦਾ ਅਨੁਮਾਨਿਤ ਰੁਝਾਨ ਮਨਫੀ 9.2 ਹੈ।
ਰਿਪੋਰਟ ਅਨੁਸਾਰ ਇਕ ਹਫਤੇ ਅੰਦਰ ਨਵੇਂ ਕੇਸ ਅੱਧੇ ਹੋ ਜਾਣਗੇ, ਇਸ ਧਾਰਨਾ ਅਧੀਨ ਕਿ ਵਿਕਾਸ ਦਰ ਸਥਿਰ ਹੈ। 14 ਜੂਨ 2021 ਤੱਕ ਪੰਜਾਬ ਲਈ ਅਨੁਮਾਨਿਤ ਮੁੜ ਉਤਪਾਦਨ ਨੰਬਰ 0.69 ਹੈ ਜੋ ਕਿ ਇਕ ਤੋਂ ਵੀ ਹੇਠਾਂ ਮਹੱਤਵਪੂਰਨ ਗੱਲ ਹੈ। ਨਵੇਂ ਰਿਪੋਰਟ ਕੀਤੇ ਕੋਵਿਡ-19 ਕੇਸ 28 ਜੂਨ 2021 ਤੱਕ ਘੱਟ ਕੇ 210 ਪ੍ਰਤੀ ਦਿਨ ’ਤੇ ਆਉਣ ਦੀ ਸੰਭਾਵਨਾ ਹੈ।’’ ਸੂਬੇ ਵਿੱਚ ਦੂਜੀ ਲਹਿਰ ਦਾ ਸਿਖਰ 8 ਮਈ ਨੂੰ ਸੀ ਜਦੋਂ 9100 ਕੇਸ ਆਏ ਸਨ ਜਿਹੜੇ ਕਿ 14 ਜੂਨ ਨੂੰ 629 ਤੱਕ ਘਟ ਕੇ ਪਹੁੰਚ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।