ਚੀਨ ਅਤੇ ਤਾਲਿਬਾਨ ਦਾ ਗਠਜੋੜ

ਚੀਨ ਅਤੇ ਤਾਲਿਬਾਨ ਦਾ ਗਠਜੋੜ

ਚੀਨ ਅਫਗਾਨਿਸਤਾਨ ਦੇ ਲੋਕਾਂ ਦਾ ਆਪਣੀ ਕਿਸਮਤ ਅਤੇ ਭਵਿੱਖ ਦਾ ਫੈਸਲਾ ਕਰਨ ਦਾ ਸਨਮਾਨ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਹ ਬਿਆਨ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਿ ਦੋਵਾਂ ਵਿੱਚ ਕਿੰਨਾ ਯਾਰਾਨਾ ਹੈ। ਇੰਨਾ ਹੀ ਨਹੀਂ ਇਹ ਵੀ ਗੱਲ ਹੋ ਚੁੱਕੀ ਹੈ ਕਿ ਚੀਨ ਅਫਗਾਨਿਸਤਾਨ ਵਿੱਚ ਤਾਲਿਬਾਨੀਆਂ ਨਾਲ ਦੋਸਤਾਨਾ ਸਹਿਯੋਗ ਵਿਕਸਿਤ ਕਰਨਾ ਚਾਹੁੰਦਾ ਹੈ।

ਜ਼ਿਕਰਯੋਗ ਹੈ ਕਿ ਜੁਲਾਈ ਵਿੱਚ ਤਾਲਿਬਾਨ ਦਾ ਇੱਕ ਵਫ਼ਦ ਚੀਨ ਗਿਆ ਸੀ ਅਤੇ ਇਸ ਵਫ਼ਦ ਵੱਲੋਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਉੱਤਰੀ ਚੀਨ ਦੇ ਤਿਆਨਜਿਨ ਵਿੱਚ ਮੁਲਾਕਾਤ ਕੀਤੀ ਸੀ ਜਦੋਂਕਿ ਇਸ ਮੁਲਾਕਾਤ ਤੋਂ ਪਹਿਲਾਂ ਪਾਕਿਸਤਾਨ ਦਾ ਵਿਦੇਸ਼ ਮੰਤਰੀ ਵੀ ਚੀਨ ਦੇ ਦੌਰੇ ’ਤੇ ਗਿਆ ਸੀ। ਇਹ ਦੋਵੇਂ ਮੁਲਾਕਾਤਾਂ ਇਸ ਗੱਲ ਦਾ ਸਬੂਤ ਹੈ ਕਿ ਚੀਨ ਦੁਨੀਆ ਲਈ ਕਿੰਨਾ ਘਾਤਕ ਦੇਸ਼ ਹੈ, ਜੋ ਨਾ ਸਿਰਫ਼ ਅੱਤਵਾਦੀਆਂ ਦਾ ਮਨੋਬਲ ਵਧਾਉਂਦਾ ਹੈ ਸਗੋਂ ਇਸ ’ਤੇ ਪੈਸੇ-ਬਲ ਦਾ ਨਿਵੇਸ਼ ਕਰਕੇ ਹੋਰਾਂ ਲਈ ਇੱਕ ਹਥਿਆਰ ਖੜ੍ਹਾ ਕਰਦਾ ਹੈ।

ਪਾਕਿਸਤਾਨ ਤਾਲਿਬਾਨ ਦਾ ਸਮੱਰਥਨ ਕਰਨ ਵਾਲਾ ਇੱਕ ਅਜਿਹਾ ਦੇਸ਼ ਹੈ ਜਿਸ ਦੇ ਇੱਥੇ ਅੱਤਵਾਦ ਦੀਆਂ ਫੈਕਟਰੀਆਂ ਦਹਾਕਿਆਂ ਤੋਂ ਚੱਲਦੀਆਂ ਆ ਰਹੀਆਂ ਹਨ ਅਤੇ ਚੀਨ ਅਜਿਹੀਆਂ ਫੈਕਟਰੀਆਂ ਨੂੰ ਖਾਦ-ਪਾਣੀ ਦੇਣ ਦਾ ਕੰਮ ਵੀ ਕਰਦਾ ਰਿਹਾ ਹੈ। ਉਂਜ ਦੁਨੀਆ ਵਿੱਚ ਚੀਨ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਲੈ ਕੇ ਕੀ ਰਾਏ ਰੱਖਦਾ ਹੈ

ਇਸ ਦਾ ਖੁਲਾਸਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਕਈ ਵਾਰ ਹੋ ਚੁੱਕਾ ਹੈ ਅਤੇ ਇਸ ਦਾ ਝਟਕਾ ਕਈ ਵਾਰ ਭਾਰਤ ਝੱਲ ਵੀ ਚੁੱਕਾ ਹੈ। ਹੁਣ ਤਾਂ ਤਾਲਿਬਾਨ ਨਾਲ ਉਸਦਾ ਗਠਜੋੜ ਰਹਿੰਦੀ-ਖੂੰਹਦੀ ਕਸਰ ਨੂੰ ਵੀ ਪੂਰੀ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਮੁਲਾਕਾਤ ਦੌਰਾਨ ਤਾਲਿਬਾਨ ਨੇ ਇਹ ਵੀ ਭਰੋਸਾ ਦਵਾਇਆ ਸੀ ਕਿ ਉਹ ਅਫਗਾਨਿਸਤਾਨ ਦੀ ਜ਼ਮੀਨ ਤੋਂ ਚੀਨ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ ਅਤੇ ਚੀਨ ਤਾਲਿਬਾਨ ਲੜਾਈ ਖਤਮ ਕਰਨ, ਸ਼ਾਂਤੀਪੂਰਨ ਸਮਝੌਤੇ ਤੱਕ ਪੁੱਜਣ ਅਤੇ ਅਫਗਾਨਿਸਤਾਨ ਦੇ ਮੁੜ-ਨਿਰਮਾਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਦੀ ਗੱਲ ਕਹਿ ਚੁੱਕਾ ਹੈ।

ਇਹ ਇਸ ਗੱਲ ਦੇ ਦਸਤਾਵੇਜ ਹਨ ਕਿ ਚੀਨ ਅਫਗਾਨਿਸਤਾਨ ਵਿੱਚ ਤਾਲਿਬਾਨੀਆਂ ਦੀ ਸੱਤਾ ਦੀ ਇੱਛਾ ਪਾਲ਼ੀ ਬੈਠਾ ਸੀ ਅਤੇ ਜਿਸ ਦਾ ਸਾਥ ਦੇਣ ਵਿੱਚ ਪਾਕਿਸਤਾਨ ਵੀ ਦੋ ਕਦਮ ਅੱਗੇ ਸੀ। ਤਬਾਹੀ ਨਾਲ ਭਰੀਆਂ ਤਾਕਤਾਂ ਇੰਜ ਹੀ ਵੱਡੀਆਂ ਨਹੀਂ ਹੁੰਦੀਆਂ ਸਗੋਂ ਉਸਦੇ ਪਿੱਛੇ ਚੀਨ ਵਰਗੀਆਂ ਤਾਕਤਾਂ ਖੜ੍ਹੀਆਂ ਹੁੰਦੀਆਂ ਹਨ। 29 ਫਰਵਰੀ 2020 ਨੂੰ ਜਦੋਂ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕਾ ਅਤੇ ਤਾਲਿਬਾਨ ਵਿੱਚ ਸ਼ਾਂਤੀ ਸਮਝੌਤੇ ’ਤੇ ਮੋਹਰ ਲੱਗੀ ਸੀ ਅਤੇ ਇਹ ਯਕੀਨੀ ਹੋ ਗਿਆ ਸੀ ਕਿ ਅਮਰੀਕਾ ਅਗਲੇ 14 ਮਹੀਨਿਆਂ ਵਿੱਚ ਅਫਗਾਨਿਸਤਾਨ ਤੋਂ ਆਪਣੇ ਸਾਰੇ ਸੈਨਿਕਾਂ ਨੂੰ ਵਾਪਸ ਸੱਦ ਲਵੇਗਾ ਉਦੋਂ ਇਸ ਕਰਾਰ ਦੌਰਾਨ ਭਾਰਤ ਸਮੇਤ ਦੁਨੀਆ ਦੇ 30 ਦੇਸ਼ਾਂ ਦੇ ਪ੍ਰਤੀਨਿਧੀ ਮੌਜੂਦ ਰਹੇ।

ਹਾਲਾਂਕਿ ਉਸ ਦੌਰਾਨ ਵੀ ਸਮਝੌਤੇ ਨੂੰ ਲੈ ਕੇ ਸ਼ੱਕ ਗਹਿਰਾ ਹੋਇਆ ਸੀ ਕਿ ਕਿਤੇ ਨਾਟੋ ਦੀ ਵਾਪਸੀ ਦੇ ਨਾਲ ਤਾਲਿਬਾਨੀ ਇੱਕ ਵਾਰ ਫਿਰ ਆਪਣਾ ਭਿਆਨਕ ਰੂਪ ਨਾ ਦਿਖਾਵੇ। ਪਰ ਦੂਜੇ ਪਾਸੇ ਇਹ ਵੀ ਭਰੋਸਾ ਸੀ ਕਿ ਜੇਕਰ ਅਜਿਹੀ ਨੌਬਤ ਆਉਂਦੀ ਹੈ ਤਾਂ ਜਿਨ੍ਹਾਂ 3 ਲੱਖ ਅਫਗਾਨੀ ਸੈਨਿਕਾਂ ਨੂੰ ਅਮਰੀਕਾ ਨੇ ਟਰੇਂਡ ਕੀਤਾ ਉਹ 75 ਹਜ਼ਾਰ ਤਾਲਿਬਾਨੀਆਂ ਨੂੰ ਪੁੱਟ ਸੁੱਟਣਗੇ ਪਰ ਸਭ ਕੁੱਝ ਉਲਟਾ ਹੋ ਗਿਆ। ਅਜਿਹਾ ਕਿਉਂ ਹੋਇਆ ਇਸ ਦੀਆਂ ਕਈ ਵਜ੍ਹਾ ਹਨ ਮਗਰ ਚੀਨ ਦੀ ਪ੍ਰੇਰਨਾ ਅਤੇ ਉਕਸਾਵੇ ਨਾਲ ਯੁਕਤ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਇੱਕ ਵਾਰ ਫਿਰ ਬੰਦੂਕ ਦੀ ਨੋਕ ’ਤੇ ਕਾਬਜ਼ ਕਰ ਲਿਆ। 1996 ਤੋਂ ਬਾਅਦ ਇਹ ਦੂਜੀ ਘਟਨਾ ਹੈ

ਜਦੋਂ ਇੱਥੇ ਤਾਲਿਬਾਨ ਦੀ ਹਕੂਮਤ ਹੋਵੇਗੀ ਅਤੇ ਦੁਨੀਆ ਦੇ ਤਮਾਮ ਦੇਸ਼ ਅਫਗਾਨਿਸਤਾਨ ਦੀ ਇਸ ਦੁਰਦਸ਼ਾ ਉੱਤੇ ਅਫਸੋਸ ਵਿੱਚ ਹੋਣਗੇ ਪਰ ਚੀਨ ਤਾਂ ਇਸ ਨੂੰ ਆਪਣੀ ਲਾਟਰੀ ਮੰਨ ਰਿਹਾ ਹੈ। ਚੀਨ ਦੇ ਦੋਗਲੇਪਣ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਪਾਸੇ ਜਿੱਥੇ ਉਸ ਵੱਲੋਂ ਇਹ ਬਿਆਨ ਮਹੀਨਿਆਂ ਪਹਿਲਾਂ ਆ ਚੁੱਕਾ ਹੈ ਕਿ ਅਫਗਾਨਿਸਤਾਨ ’ਤੇ ਅਫਗਾਨ ਲੋਕਾਂ ਦਾ ਅਧਿਕਾਰ ਹੈ ਉਸ ਦੇ ਭਵਿੱਖ ’ਤੇ ਵੀ ਅਫਗਾਨ ਲੋਕਾਂ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਉਹੀ ਚੀਨ ਅਮਰੀਕਾ ਅਤੇ ਨਾਟੋ ਫੌਜਾਂ ਦੀ ਜਲਦਬਾਜੀ ਵਿੱਚ ਵਾਪਸੀ ਮੰਨ ਰਿਹਾ ਹੈ ਨਾਲ ਹੀ ਫੈਸਲੇ ਦੀ ਆਲੋਚਨਾ ਵੀ ਕਰ ਰਿਹਾ ਹੈ ਅਤੇ ਇੱਥੋਂ ਤੱਕ ਕਿਹਾ ਕਿ ਇਹ ਅਮਰੀਕੀ ਨੀਤੀ ਦੀ ਅਸਫਲਤਾ ਦਰਸਾਉਂਦਾ ਹੈ।

ਜ਼ਾਹਿਰ ਹੈ ਅਫਗਾਨਿਸਤਾਨ ਵਿੱਚ ਤਾਲਿਬਾਨੀਆਂ ਦੀ ਹਾਜ਼ਰੀ ਦੁਨੀਆ ਦੀ ਵਿਦੇਸ਼ ਨੀਤੀ ਨੂੰ ਇੱਕ ਨਵੇਂ ਸਿਰੇ ਤੋਂ ਬਦਲਣ ਦਾ ਕੰਮ ਕਰੇਗੀ। ਭਾਰਤ ਦਾ ਦੁਸ਼ਮਣ ਚੀਨ ਅਤੇ ਅਮਰੀਕਾ ਨਾਲ ਵੀ ਦੁਸ਼ਮਣੀ ਰੱਖਣ ਵਾਲਾ ਚੀਨ ਦੱਖਣੀ ਚੀਨ ਸਾਗਰ ਵਿੱਚ ਆਪਣਾ ਦਬਦਬਾ ਚਾਹੁੰਦਾ ਹੈ। ਇਨ੍ਹੀਂ ਦਿਨੀਂ ਇੱਥੇ ਵੀ ਅਮਰੀਕਾ ਅਤੇ ਚੀਨ ਵਿੱਚ ਤਣਾਅ ਵੇਖਿਆ ਜਾ ਸਕਦਾ ਹੈ। 19ਵੀਂ ਸਦੀ ਦੇ ਅੱਧ ਵਿਚਕਾਰ ਜਦੋਂ ਮੱਧ ਏਸ਼ੀਆ ’ਤੇ ਕੰਟਰੋਲ ਲਈ ਬ੍ਰਿਟੇਨ ਅਤੇ ਰੂਸ ਦੀ ਦੁਸ਼ਮਣੀ ਜਿਸ ਨੂੰ ਦ ਗ੍ਰੇਟ ਗੇਮ ਕਿਹਾ ਜਾਂਦਾ ਹੈ

ਉਦੋਂ ਵੀ ਅਫਗਾਨਿਸਤਾਨ ਇਸ ਦਾ ਗਵਾਹ ਰਿਹਾ ਹੈ। ਅਜੋਕੇ ਦੌਰ ਵਿੱਚ ਵੀ ਜਿਸ ਤਰ੍ਹਾਂ ਤਾਲਿਬਾਨੀਆਂ ਦੇ ਬੂਤੇ ਚੀਨ ਬਾਕੀ ਦੁਨੀਆ ਦੇ ਨਾਲ ਗੇਮ ਖੇਡ ਰਿਹਾ ਹੈ ਇਹ ਵੀ ਕਿਸੇ ਦ ਗ੍ਰੇਟ ਗੇਮ ਤੋਂ ਘੱਟ ਨਹੀਂ ਹੈ। ਇੱਕ ਪਾਸੇ ਅਮਰੀਕਾ ਦੇ ਦੋ ਦਹਾਕੇ ਦੀ ਕੋਸ਼ਿਸ਼ ਦੇ ਨਾਲ ਢਾਈ ਹਜਾਰ ਸੈਨਿਕਾਂ ਦਾ ਗੁਆਉਣਾ ਅਤੇ 61 ਲੱਖ ਕਰੋੜ ਰੁਪਏ ਦਾ ਸਿਫਰ ਨਤੀਜਾ ਹੋ ਜਾਣਾ ਨਾਲ ਹੀ ਭਾਰਤ ਸਮੇਤ ਸਾਰਿਆਂ ਨੂੰ ਬੇਚੈਨ ਕਰਨਾ ਤਾਂ ਉੱਥੇ ਹੀ ਦੂਜੇ ਪਾਸੇ ਚੀਨ ਇਸ ਨੂੰ ਆਪਣੀ ਵੱਡੀ ਸਫਲਤਾ ਸਮਝ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਫਗਾਨਿਸਤਾਨ ਦੇ ਨਾਲ ਮੌਜੂਦਾ ਸਮੇਂ ਵਿੱਚ ਇੱਕ ਅਰਬ ਡਾਲਰ ਦਾ ਵਪਾਰ ਕਰਦਾ ਹੈ ਅਤੇ ਤਿੰਨ ਬਿਲੀਅਨ ਡਾਲਰ ਬੀਤੇ ਇੱਕ ਦਹਾਕੇ ਵਿੱਚ ਨਿਵੇਸ਼ ਕਰ ਚੁੱਕਾ ਹੈ। ਜਿਨੇਵਾ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿੱਚ ਭਾਰਤ 4 ਸੌ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ। ਸਾਫ਼ ਹੈ ਅਫਗਾਨਿਸਤਾਨ ਵਿੱਚ ਭਾਰਤ ਇੱਕ ਵਿਆਪਕ ਉਦੇਸ਼ ਦੇ ਨਾਲ ਖੂਬਸੂਰਤ ਰਸਤਾ ਬਣਾ ਰਿਹਾ ਸੀ ਜੋ ਪੱਛਮੀ ਏਸ਼ੀਆ ਤੱਕ ਜਾਂਦਾ ਹੈ ਪਰ ਚੀਨ ਦੀ ਉਕਸਾਵੇ ਵਾਲੀ ਨੀਤੀ ਨੇ ਸਾਰੇ ਸੁਫ਼ਨੇ ਮੰਨੋ ਤੋੜ ਦਿੱਤੇ ਹੋਣ।

ਚੀਨ ਦੀ ਵਿਸਥਾਰਵਾਦੀ ਨੀਤੀ ਅਤੇ ਬਾਕੀ ਦੁਨੀਆ ਨੂੰ ਪਰੇਸ਼ਾਨੀ ਵਿੱਚ ਪਾਉਣ ਵਾਲਾ ਦ੍ਰਸ਼ਟੀਕੋਣ ਜਾਂ ਫਿਰ ਉਸਦੇ ਆਰਥਿਕ ਹਿੱਤਾਂ ਨਾਲ ਜੁੜੀ ਦਿਲਚਸਪੀ ਬੇਸ਼ੱਕ ਹੀ ਤਾਲਿਬਾਨੀਆਂ ਦੇ ਸੱਤਾ ਵਿੱਚ ਆਉਣ ਨਾਲ ਪਰਵਾਨ ਚੜ੍ਹੇ ਪਰ ਉਹ ਇਸ ਚਿੰਤਾ ਤੋਂ ਬੇਫਿਕਰ ਨਹੀਂ ਹੋ ਸਕਦਾ ਕਿ ਇਸਲਾਮਿਕ ਗੁੱਟ ਦੇਰ-ਸਵੇਰ ਹੋਰ ਮਜ਼ਬੂਤੀ ਲੈਣਗੇ

ਜਿਸ ਦੇ ਨਾਲ ਉਸਦਾ ਘਰ ਵੀ ਸੜ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਿਨਜਿਆਂਗ ਵਿੱਚ ਉਸ ਲਈ ਕੁੱਝ ਮੁਸੀਬਤਾਂ ਹੋ ਸਕਦੀਆਂ ਹਨ। ਪੜਤਾਲ ਦੱਸਦੀ ਹੈ ਕਿ ਅਫਗਾਨਿਸਤਾਨ ਜਮਾਨੇ ਤੋਂ ਵਿਦੇਸ਼ੀ ਤਾਕਤਾਂ ਲਈ ਮੈਦਾਨ ਦਾ ਜੰਗ ਰਿਹਾ ਹੈ ਅਤੇ ਜੋਰ-ਅਜ਼ਮਾਇਸ਼ ਚੱਲਦੀ ਰਹੀ ਹੈ। ਹੁਣ ਇਸ ਵਾਰ ਇਸ ਵਿੱਚ ਚੀਨ ਸ਼ੁਮਾਰ ਹੈ। ਸਾਫ਼ ਹੈ ਅਫਗਾਨਿਸਤਾਨ ਦੀ ਨਵੀਂ ਸਰਕਾਰ ਚੀਨ ਨੂੰ ਪਹਿਲ ਦੇਵੇਗੀ ਅਤੇ ਚੀਨ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਮੁੜ-ਨਿਰਮਾਣ ਕਾਰਜ ਵਿੱਚ ਨਿਵੇਸ਼ ਕਰਦਾ ਵੀ ਦਿਸੇਗਾ ਫਿਰ ਹੌਲੀ-ਹੌਲੀ ਆਪਣੀ ਤਾਕਤ ਦੇ ਬੂਤੇ ਅਫਗਾਨਿਸਤਾਨ ਨੂੰ ਵੀ ਆਰਥਿਕ ਗੁਲਾਮ ਬਣਾਏਗਾ

ਜਿਵੇਂ ਕਿ ਪਾਕਿਸਤਾਨ ਵਿੱਚ ਵੇਖਿਆ ਜਾ ਸਕਦਾ ਹੈ। ਦੱਖਣ ਏਸ਼ੀਆ ਵਿੱਚ ਚੀਨ ਦਾ ਦਖਲ, ਆਸੀਆਨ ਦੇਸ਼ਾਂ ’ਤੇ ਚੀਨ ਦਾ ਦਬਦਬਾ ਅਤੇ ਪੱਛਮੀ ਏਸ਼ੀਆ ਵਿੱਚ ਭਾਰਤ ਦੀ ਪਹੁੰਚ ਨੂੰ ਕਮਜੋਰ ਕਰਨ ਵਾਲਾ ਚੀਨ ਇੱਕ ਅਜਿਹਾ ਛੁਪਿਆ ਹੋਇਆ ਜ਼ਹਿਰ ਹੈ ਜਿਸਨੂੰ ਦੁਨੀਆ ਜਾਣਦੀ ਤਾਂ ਹੈ ਪਰ ਫਨ ਕੁਚਲਿਆ ਜਾਣਾ ਮੁਸ਼ਕਲ ਹੋ ਰਿਹਾ ਹੈ। ਚੀਨ ਅਤੇ ਤਾਲਿਬਾਨ ਦੇ ਗਠਜੋੜ ਨਾਲ ਇਹ ਜ਼ਹਿਰ ਵਧੇਗਾ ਨਹੀਂ ਅਜਿਹਾ ਕੋਈ ਕਾਰਨ ਵਿਖਾਈ ਨਹੀਂ ਦਿੰਦਾ। ਇਸ ਲਈ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਗੰਭੀਰ ਸਮਾਂ ਹੈ ਭਾਰਤ ਨੂੰ ਆਪਣੀ ਕੂਟਨੀਤਿਕ ਦਸ਼ਾ ਅਤੇ ਦਿਸ਼ਾ ਨੂੰ ਨਵੇਂ ਹੋਮਵਰਕ ਨਾਲ ਅੱਗੇ ਵਧਾਉਣ ਦੀ ਫਿਰ ਲੋੜ ਪੈ ਗਈ ਹੈ।

ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ