ਰੱਖਿਆ ਮੰਤਰੀ ਨੇ 44 ਪੁਲਾਂ ਦਾ ਵੀਡੀਓ ਕਾਨਫਰੰਸ ਰਾਹੀਂ ਕੀਤਾ ਉਦਘਾਟਨ
ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਤੋਂ ਬਾਅਦ ਚੀਨ ਵੀ ਸਰਹੱਦ ‘ਤੇ ਇੱਕ ਮਿਸ਼ਨ ਤਹਿਤ ਵਿਵਾਦ ਪੈਦਾ ਕਰ ਰਿਹਾ ਹੈ ਪਰ ਦੇਸ਼ ਇਸ ਸੰਕਟ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਰਿਹਾ ਹੈ। ਸਿੰਘ ਨੇ ਸਰਹੱਦੀ ਸੜਕ ਸੰਗਠਨ (ਬੀਆਰਓ) ਵੱਲੋਂ ਸੱਤ ਸੂਬਿਆਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ‘ਚ ਬਣਾਏ ਗਏ 44 ਪੁਲਾਂ ਦਾ ਵੀਡੀਓ ਕਾਨਫਰੰਸ ਰਾਹੀਂ ਸੋਮਵਾਰ ਨੂੰ ਉਦਘਾਟਨ ਕੀਤਾ ਤੇ ਅਰੁਣਾਚਲ ਪ੍ਰਦੇਸ਼ ‘ਚ ਨੇਚੀਫੂ ਸੁਰੰਗ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਹਰ ਖੇਤਰ ‘ਚ ਕੋਵਿਡ-19 ਦੇ ਕਾਰਨ ਪੈਦਾ ਹੋਈਆਂ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਭਾਵੇਂ ਖੇਤੀ ਹੋਵੇ ਜਾਂ ਅਰਥਵਿਵਸਥਾ, ਉਦਯੋਗ ਹੋਣ ਜਾਂ ਸੁਰੱਖਿਆ ਵਿਵਸਥਾ। ਸਾਰੇ ਇਸ ਨਾਲ ਡੂੰਘੇ ਪ੍ਰਭਾਵਿਤ ਹੋਏ ਹਨ। ਇਸ ਮੁਸ਼ਕਲ ਸਮੇਂ ‘ਚ ਪਾਕਿਸਤਾਨ ਤੋਂ ਬਾਅਦ ਚੀਨ ਵੱਲੋਂ ਸਰਹੱਦ ‘ਤੇ ਇੱਕ ਮਿਸ਼ਨ ਤਹਿਤ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ਸਾਡੀ ਉੱਤਰੀ ਤੇ ਪੂਰਬੀ ਸਰਹੱਦ ‘ਤੇ ਪੈਦਾ ਕੀਤੀ ਗਈ ਸਥਿਤੀਆਂ ਤੋਂ ਤੁਸੀਂ ਭਲੀ-ਭਾਂਤ ਜਾਣੂੰ ਹਨ। ਪਹਿਲਾਂ ਪਾਕਿਸਤਾਨ ਤੇ ਹੁਣ ਚੀਨ ਵੱਲੋਂ ਮੰਨੋ ਇੱਕ ਮਿਸ਼ਨ ਤਹਿਤ ਸਰਹੱਦ ‘ਤੇ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਨਾਲ ਸਾਡੀ ਲਗਭਗ 7 ਹਜ਼ਾਰ ਕਿਲੋਮੀਟਰ ਦੀ ਸਰਹੱਦ ਮਿਲਦੀ ਹੈ ਜਿੱਥੇ ਆਏ ਦਿਨ ਤਣਾਅ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦੇ ਬਾਵਜ਼ੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ‘ਚ ਇਹ ਦੇਸ਼ ਨਾ ਸਿਰਫ਼ ਇਨ੍ਹਾਂ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਸਗੋਂ ਹਰ ਖੇਤਰ ‘ਚ ਵੱਡੇ ਤੇ ਇਤਿਹਾਸਕ ਬਦਲਾਅ ਵੀ ਲਿਆ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.