ਜਗਜੀਤ ਸਿੰਘ ਕੰਡਾ
ਬਸੰਤ ਪੰਚਮੀ ਦਾ ਤਿਉਹਾਰ ਇਸ ਸਾਲ 10 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ ਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈ। ਪੂਜਾ, ਉਪਾਸਨਾ ਕਰਨ ਲਈ ਇਸ ਦਿਨ ਪੀਲੇ, ਬਸੰਤੀ ਜਾਂ ਚਿੱਟੇ ਕੱਪੜੇ ਪਹਿਨੇ ਜਾਂਦੇ ਹਨ ਤੇ ਕੇਸਰ ਵਾਲੀ ਖੀਰ ਖਾਣਾ ਲਾਭਦਾਇਕ ਹੈ। ਮਿਸ਼ਰੀ, ਦਹੀਂ ਦਾ ਪ੍ਰਸਾਦ ਵੀ ਵੰਡਿਆ ਜਾਂਦਾ ਹੈ। ਬਸੰਤ ਰੁੱਤ ਦੇ ਸ਼ੁਰੂ ਹੋਣ ਕਾਰਨ ਠੰਢ ਦੀ ਰੁੱਤ ਖ਼ਤਮ ਹੋਣ ਲੱਗਦੀ ਹੈ ਜਿਸ ਕਰਕੇ ਕਾਦਰ ਦੀ ਕੁਦਰਤ ਅੰਦਰ ਹਰ ਪਾਸੇ ਬਹਾਰਾਂ ਸ਼ੁਰੂ ਹੋਣ ਲੱਗਦੀਆਂ ਹਨ ਤੇ ਨਵੀਆਂ ਉਮੰਗਾਂ ਦੀਆਂ ਤਰੰਗਾਂ ਨਾਲ ਸਾਰੀ ਕਾਇਨਾਤ ਝੂਮਣ ਲੱਗਦੀ ਹੈ। ਪਤੰਗਬਾਜ਼ੀ ਜੋ ਪੁਰਾਤਨ ਪਰੰਪਰਾ ਹੈ, ਇਸ ਕਰਕੇ ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਹਨ ਪੁਰਾਣੇ ਸਮਿਆਂ ਵਿੱਚ ਪਤੰਗਾਂ ਬਣਾਉਣ ਲਈ ਬੱਚੇ ਤੇ ਵੱਡੇ ਘਰ ਵਿੱਚ ਰੰਗ-ਬਿਰੰਗੇ ਪੇਪਰ ਲਿਆ ਕੇ ਬਾਂਸ ਦੀਆਂ ਤੀਲ੍ਹਾਂ ਨੂੰ ਛਿੱਲ-ਸੁਆਰ ਕੇ ਘਰ ਵਿੱਚ ਖੁੱਦ ਪਤੰਗਾਂ ਬਣਾਉਂਦੇ ਸਨ, ਤੇ ਪਤੰਗਾਂ ਨੂੰ ਉਡਾਉਣ ਲਈ ਖੁਦ ਹੀ ਡੋਰ ਨੂੰ ਬਜਾਰੋਂ ਸੂਤੀ ਗੁੱਟੀਆਂ ਲੈ ਕੇ ਬਾਰੀਕ ਕੱਚ ਤੇ ਸਰੇਸ਼ ਦੇ ਮਿਸ਼ਰਣ ਨਾਲ (ਸੂਤ ਕੇ) ਪੱਕਿਆਂ ਕਰਕੇ ਪਤੰਗਾਂ ਉਡਾਉਣ ਲਈ ਲੱਕੜ ਦੀਆਂ ਚਰਖੜੀਆਂ ‘ਤੇ ਲਪੇਟ ਕੇ ਵਰਤਿਆ ਜਾਂਦਾ ਸੀ ਤੇ ਇਹ ਸਾਰਾ ਕੁਝ ਬਾਜਾਰ ਵਿੱਚੋਂ ਵੀ ਇਸ ਤਰ੍ਹਾਂ ਦਾ ਹੀ ਮਿਲਦਾ ਸੀ ਤੇ ਇਸ ਪਤੰਗਬਾਜੀ ਦਾ ਲੁਤਫ ਲੈਣ ਲਈ ਲੋਕ ਕੋਠਿਆਂ ‘ਤੇ ਡੀ.ਜੇ. ਆਦਿ ਲਾਉਂਦੇ ਤੇ ਭੰਗੜਾ ਪਾਉਂਦੇ ਹਨ।
ਇਹਨਾਂ ਪਤੰਗਾਂ ਤੇ ਡੋਰਾਂ ਨੂੰ ਬਣਾਉਣ ਦੀਆਂ ਪੰਜਾਬ ਦੇ ਫਿਰੋਜਪੁਰ ਤੇ ਸ੍ਰੀ ਅਮ੍ਰਿਤਸਰ ਸਾਹਿਬ ਸ਼ਹਿਰਾਂ ਅੰਦਰ ਵੱਡੀਆਂ ਮੰਡੀਆਂ ਸਨ ਇਹ ਸਾਰਾ ਸਾਮਾਨ ਪੰਜਾਬ ਵਿੱਚ ਹੋਰਨਾਂ ਸ਼ਹਿਰਾਂ ਅੰਦਰ ਵੀ ਮਿਲਦਾ ਸੀ। ਪਰੰਤੂ ਇਹ ਪਤੰਗਾਂ ਤੇ ਪੱਕੀਆਂ ਡੋਰਾਂ ਕਿਸੇ ਸਮੇਂ ਇਹਨਾਂ ਦੋਨਾਂ ਸ਼ਹਿਰਾਂ ਦੀਆਂ ਮਸ਼ਹੂਰ ਗਿਣੀਆਂ ਜਾਂਦੀਆਂ ਸਨ। ਜ਼ਮਾਨਾ ਬਦਲਣ ਦੇ ਨਾਲ-ਨਾਲ ਸਾਡੇ ਸ਼ੌਂਕ ਤੇ ਤਿੱਥ-ਤਿਉਹਾਰਾਂ ਵਿੱਚ ਵੀ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਗਏ ਹਨ ਜਿੱਥੇ ਇਹ ਪਤੰਗਾਂ ਰੰਗ-ਬਿਰੰਗੇ ਪੇਪਰ, ਜਿਸ ਨੂੰ ‘ਤਾਅ’ ਕਿਹਾ ਜਾਂਦਾ ਸੀ, ਤੇ ਡੋਰ ਸੂਤ ਤੋਂ ਬਣੀ ਹੁੰਦੀ ਸੀ, ਉੱਥੇ ਅੱਜ ਪਤੰਗਾਂ ਪਲਾਸਟਿਕ ਪੇਪਰ ਦੀਆਂ ਬਣਨ ਲੱਗੀਆਂ ਹਨ ਤੇ ਇਹਨਾਂ ਨੂੰ ਉਡਾਉਣ ਲਈ ਚਾਈਨਾ ਡੋਰ ਵਰਤੀ ਜਾਣ ਲੱਗੀ ਹੈ ਇਹ ਚਾਈਨਾ ਡੋਰ ਮਨੁੱਖਾਂ, ਪਸ਼ੂਆਂ, ਪੰਛੀਆਂ ਤੇ ਵਾਤਾਵਰਨ ਲਈ ਇੱਕ ਘਾਤਕ ਹਥਿਆਰ ਸਾਬਿਤ ਹੋ ਰਹੀ ਹੈ ਇਸ ਨਾਲ ਅੱਜ ਦੇ ਸਮੇਂ ਅੰਦਰ ਰੋਜ਼ਾਨਾ ਹੀ ਘਾਤਕ ਹਾਦਸੇ ਵਾਪਰ ਰਹੇ ਹਨ ਇਸ ਨਾਲ ਬਹੁਤ ਰਾਹਗੀਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਕਈਆਂ ਦੇ ਅੰਗ-ਪੈਰ ਤੱਕ ਕੱਟਣੇ ਪਏ ਹਨ। ਕਿਉਂਕਿ ਚਾਈਨਾ ਡੋਰ ਪਲਾਸਟਿਕ ਤੋਂ ਬਣਦੀ ਹੈ ਤੇ ਇਸ ਉੱਪਰ ਕੱਚ ਦੀ ਜਗ੍ਹਾ ਲੋਹੇ ਦੇ ਪਾਊਡਰ ਦੀ ਪਰਤ ਚੜ੍ਹਾਈ ਜਾਂਦੀ ਹੈ ਜਿਸ ਕਾਰਨ ਇਸ ਦੀ ਲਪੇਟ ਵਿੱਚ ਆਉਣ ਕਾਰਨ ਭਿਆਨਕ ਹਾਦਸੇ ਵਾਪਰਦੇ ਹਨ।
ਪੰਛੀ ਸਾਡੇ ਵਾਤਾਵਰਨ ਨੂੰ ਸੁੰਦਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਇਸ ਚਾਈਨਾ ਡੋਰ ਨਾਲ ਰੋਜ਼ਾਨਾ ਲਗਾਤਾਰ ਸੈਂਕੜੇ ਪੰਛੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪੰਜਾਬ ਅੰਦਰ ਸਾਡੇ ਮਿੱਤਰ ਪੰਛੀਆਂ ਜਿਵੇ ਕਿ ਕਾਂ, ਘੁੱਗੀਆਂ, ਚਿੜੀਆਂ, ਤੋਤੇ ਆਦਿ ਦੀ ਗਿਣਤੀ ਘਟਣ ਦਾ ਇੱਕ ਵੱਡਾ ਕਾਰਨ ਚਾਈਨਾ ਡੋਰ ਵੀ ਹੈ। ਇਹ ਪੰਛੀ ਸਾਡੇ ਵਾਤਾਵਰਨ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਾਡੇ ਸਫਾਈ ਸੇਵਕ ਵੀ ਹਨ ਜਿਸ ਕਰਕੇ ਇਹ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸਾਡਾ ਆਲਾ-ਦੁਆਲਾ ਸਾਫ ਰੱਖਦੇ ਹਨ ਇਹਨਾਂ ਪੰਛੀਆਂ ਦੀ ਚਾਈਨਾ ਡੋਰ ਨਾਲ ਘਟਦੀ ਗਿਣਤੀ ਕਾਰਨ ਵੀ ਅੱਜ ਦੇ ਸਮੇਂ ਅੰਦਰ ਕਈ ਭਿਆਨਕ ਤੇ ਨਾਮੁਰਾਦ ਬਿਮਾਰੀਆਂ ਜਨਮ ਲੈ ਚੁੱਕੀਆਂ ਹਨ।ਅੱਜ ਦੇ ਹਾਈਟੈਕ ਜ਼ਮਾਨੇ ਅੰਦਰ ਸਾਨੂੰ ਆਪਣੇ-ਆਪ ਨੂੰ ਤੇ ਆਪਣੀ ਸੋਚ ਨੂੰ ਬਦਲਣ ਦੀ ਵੱਡੀ ਲੋੜ ਹੈ ਜਿਸ ਤਰ੍ਹਾਂ ਇਸ ਬਸੰਤ ਰੁੱਤ ਦੀ ਸ਼ੁਰੂਆਤ ਤੇ ਦਰੱਖਤਾਂ ਦੇ ਪੁਰਾਣੇ ਪੱਤੇ ਝੜ ਕੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਤੇ ਠੰਢ ਦੇ ਚਲੇ ਜਾਣ ਦਾ ਸੰਦੇਸ਼ ਦਿੰਦੀਆਂ ਹਨ, ਸਰ੍ਹੋਂ ਦੇ ਫੁੱਲ ਆਪਣਾ ਜੋਬਨ ਦਿਖਾਉਂਦੇ ਹੋਏ ਖੇਤਾਂ ਅੰਦਰ ਪੀਲੀ ਚਾਦਰ ਵਿਛਾ ਦਿੰਦੇ ਹਨ ਜਿਸ ਦੀ ਮਹਿਕ ਨਾਲ ਸਾਡੇ ਅੰਦਰੋਂ ਨਵੇਂ ਤੇ ਨਰੋਏ ਵਿਚਾਰ ਉਪਜਦੇ ਹਨ ਸਾਰੀ ਕਾਇਨਾਤ ਇੱਕ ਵੱਖਰੀ ਬਹਾਰ ਦਾ ਅਨੰਦ ਲੈਂਦੀ ਹੋਈ ਅਠਖੇਲੀਆਂ ਕਰਦੀ ਹੋਈ ਫੁੱਲੀ ਨਹੀਂ ਸਮਾਉਂਦੀ। ਬਸੰਤ ਰੁੱਤ ਦੀ ਮਹੱਤਤਾ ਬਾਰੇ ਪਵਿੱਤਰ ਗੁਰਬਾਣੀ ਅੰਦਰ ਵੀ ਗੁਰੂ ਸਾਹਿਬਾਨਾਂ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ
ਠੀਕ ਇਸੇ ਤਰ੍ਹਾਂ ਸਾਨੂੰ ਇਸ ਰੁੱਤ ਅੰਦਰ, ਅੰਦਰੋਂ ਪੈਦਾ ਹੋ ਰਹੀਆਂ ਉਮੰਗਾਂ ਨੂੰ ਇੱਕ ਨਰੋਏ ਸਮਾਜ ਦੇ ਭਲੇ ਲਈ ਹਰ ਇੱਕ ਨੂੰ ਮੂਹਰਲੀ ਕਤਾਰ ਵਿੱਚ ਅੱਗੇ ਲੱਗ ਕੇ ਆਪਣੇ ਵਿਗੜਦੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਪਤੰਗਾਂ ਦੀ ਤਰ੍ਹਾਂ ਅਸਮਾਨੀ ਉੱਡਣ ਵਾਲੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਇਸ ਚਾਈਨਾ ਡੋਰ ਦਾ ਬਾਈਕਾਟ ਕਰਦੇ ਹੋਏ ਇਸ ਪ੍ਰਤੀ ਪੂਰੇ ਸਮਾਜ ਤੇ ਆਲੇ-ਦੁਆਲੇ ਲਈ ਇਸ ਬਸੰਤ ਰੁੱਤ ਦੀ ਸ਼ੁਰੂਆਤ ‘ਤੇ ਪ੍ਰਣ ਕਰੀਏ ਕਿ ਸਾਰੇ ਦੇਸ਼ ਨੂੰ ਜਾਗਰੂਕ ਕਰਾਂਗੇ ਨਾਲ-ਨਾਲ ਇਹ ਸਹੁੰ ਚੁੱਕੀਏ ਕਿ ਅਸੀਂ ਇਸ ਚਾਈਨਾ ਡੋਰ ਨੂੰ ਕਦੇ ਵੀ ਨਹੀਂ ਵਰਤਾਂਗੇ। ਕਿਉਂਕਿ ਇਸ ਚਾਈਨਾ ਡੋਰ ਨੂੰ ਨਾ ਵਰਤਣ ਸਬੰਧੀ ਰਾਜਸਥਾਨ ਸਟੇਟ ਅੰਦਰ ਬੱਚਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਇਸ ਨਾਲ ਪਤੰਗਬਾਜ਼ੀ ਨਹੀਂ ਕਰਾਂਗੇ।ਜੇਕਰ ਅਸੀਂ ਇਸ ਦੀ ਵਰਤੋਂ ਨਹੀਂ ਕਰਾਂਗੇ ਤਾਂ ਇਸ ਦਾ ਭੰਡਾਰ ਇਕੱਠਾ ਕਰਨ ਵਾਲਿਆਂ ‘ਤੇ ਮੰਦੀ ਦਾ ਦੌਰ ਆ ਜਾਵੇਗਾ ਤੇ ਉਹ ਇਸ ਨੂੰ ਖਰੀਦ ਕੇ ਸਟਾਕ ਨਹੀਂ ਕਰਨਗੇ ਕਿਉਂਕਿ ਜੇਕਰ ਕਿਸੇ ਚੀਜ ਦੀ ਵਰਤੋਂ ਹੈ ਤਾਂ ਉਸ ਦੀ ਪੈਦਾਵਾਰ ਹੁੰਦੀ ਹੈ ਜੇਕਰ ਇਸ ਚਾਈਨਾ ਡੋਰ ਦਾ ਦੇਸ਼ ਅੰਦਰ ਕੋਈ ਗਾਹਕ ਨਹੀਂ ਹੋਵੇਗਾ ਤਾਂ ਭਾਵੇਂ ਇਸ ਨੂੰ ਸੜਕਾਂ ‘ਤੇ ਖੁੱਲੇਆਮ ਰੱਖ ਦਿਉ, ਕੋਈ ਚੁੱਕ ਕੇ ਵਰਤੇਗਾ ਨਹੀਂ।
ਇਸ ਲਈ ਸਾਨੂੰ ਇਸ ਦਾ ਬਾਈਕਾਟ ਕਰਨ ਲਈ ਦਿਮਾਗੀ ਤੌਰ ‘ਤੇ ਜਾਗਰੂਕ ਹੋਣਾ ਪਵੇਗਾ ਇਸ ਕਰਕੇ ਇਹਨਾਂ ਦੇਸ਼ ਵਿਰੋਧੀ, ਕਾਇਨਾਤ ਵਿਰੋਧੀ, ਅਜਿਹੇ ਵਪਾਰ ‘ਤੇ ਰੋਕ ਸਾਡਾ ਸਮਾਜ ਹੀ ਸੁਚੇਤ ਹੋ ਕੇ ਲਾ ਸਕਦਾ ਹੈ ਸਾਨੂੰ ਸਮਾਜਿਕ ਤੌਰ ‘ਤੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਦੀ ਵੱਡੀ ਲੋੜ ਹੈ। ਸਾਡੇ ਦੇਸ਼ ਦੇ ਕਾਰਪੋਰੇਟ ਘਰਾਣੇ ਰਾਤੋ-ਰਾਤ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਸਿਆਸਤ ਅੰਦਰਲੀਆਂ ਕੁਝ ਕਾਲੀਆਂ ਭੇਡਾਂ ਨਾਲ ਰਲ ਕੇ ਇਹਨਾਂ ਬਾਹਰਲੇ ਮੁਲਕਾਂ ਦੇ ਲੋਕਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਹਨ ਸਮਾਜਿਕ ਤੌਰ ‘ਤੇ ਇਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਇਸ ਚਾਈਨਾ ਡੋਰ ਵਰਗੀ ਭਿਆਨਕ, ਨਾਮੁਰਾਦ ਬਿਮਾਰੀ ਤੋਂ ਨਿਜਾਤ ਦੁਆ ਸਕੀਏ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਨਾ ਸਿਰਫ਼ ਇਸ ਦੀ ਵਿਕਰੀ ‘ਤੇ ਪਾਬੰਦੀ ਲਾਵੇ ਸਗੋਂ ਇਸ ਨੂੰ ਚਾਈਨਾ ਤੋਂ ਖਰੀਦਣਾ ਬੰਦ ਕਰੇ, ਇਸ ਤਰ੍ਹਾਂ ‘ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸੁਰੀ’ ਲਾਲਚ ਵੱਸ ਜੇਕਰ ਕਿਸੇ ਵਪਾਰੀ ਨੇ ਇਸ ਨੂੰ ਚਾਈਨਾ ਦੇ ਨਾਂਅ ‘ਤੇ ਬਣਾਉਣ ਦੀ ਜੇਕਰ ਫੈਕਟਰੀ ਹੀ ਸਾਡੇ ਦੇਸ਼ ਵਿੱਚ ਲਾ ਲਈ ਹੈ ਤਾਂ ਸਰਕਾਰ ਇਸ ਦੀ ਘੋਖ-ਪੜਤਾਲ ਕਰਕੇ ਉਸ ਨੂੰ ਬੰਦ ਕਰਵਾਏ।
ਇਸ ਚਾਈਨਾ ਡੋਰ ਨੂੰ ਵੇਚਣ ਦੇ ਵਿਰੁੱਧ ਸਰਕਾਰ
ਕਾਨੂੰਨ ਅਨੁਸਾਰ ਇਸ ਨੁੰ ਨਜਾਇਜ ਹਥਿਆਰ ਰੱਖਣ ਵਾਲੇ ਐਕਟ ਦੇ ਅਨੁਸਾਰ ਸਜ਼ਾ ਤੈਅ ਕਰੇ ਜੇਕਰ ਹੋ ਸਕਦਾ ਹੋਵੇ ਤਾਂ ਇਸ ਕਾਤਲ ਚਾਈਨਾ ਡੋਰ ਨੂੰ ਵੇਚਣ ਵਾਲੇ ਵਿਰੁੱਧ ਵਾਤਾਵਰਨ ਪ੍ਰੋਟੈਕਸ਼ਨ ਐਕਟ ਅਧੀਨ ਪਰਚਾ ਦਰਜ ਹੋਵੇ ਤਾਂ ਜੋ ਕੋਈ ਵੀ ਇਸ ਨੂੰ ਵੇਚਣ ਲਈ ਸੌ ਵਾਰੀ ਸੋਚੇ ਲੋਕ ਵੀ ਮਾਨਸਿਕ ਤੌਰ ‘ਤੇ ਪੂਰੇ ਜਾਗਰੂਕ ਹੋ ਕੇ ਇਸ ਨੁੰ ਨਾ ਵਰਤਣ ਤੇ ਜੇਕਰ ਪਤਾ ਲੱਗੇ ਕਿ ਫਲਾਂ ਅਨਸਰ ਇਸ ਨੂੰ ਵੇਚ ਰਿਹਾ ਹੈ ਉਸ ਅਨਸਰ ਵਿਰੁੱਧ ਤੁਰੰਤ ਸਬੰਧਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੇ ਇਸ ਲਈ ਟੋਲ ਫਰੀ ਨੰਬਰ ਵੀ ਸਰਕਾਰ ਜਾਰੀ ਕਰੇ, ਤਾਂ ਹੀ ਇਸ ਬਸੰਤ ਰੁੱਤ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ ਕਿ ‘ਆਈ ਬਸੰਤ ਪਾਲ਼ਾ ਉਡੰਤ’। ਆਓ! ਅਸੀਂ ਸਾਰੇ ਪ੍ਰਣ ਕਰੀਏ ਕਿ ਇਸ ਬਸੰਤ ਪੰਚਮੀ ‘ਤੇ ਚਾਈਨਾ ਡੋਰ ਨਾਲ ਪਤੰਗਾਂ ਨਹੀਂ ਉਡਾਵਾਂਗੇ!
ਕੋਟਕਪੂਰਾ, ਫਰੀਦਕੋਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।