ਬਾਲ ਕਹਾਣੀ : ਰੋਟੀ ਦੀ ਬੁਰਕੀ

cartton

ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs)

ਪਤਲੇ ਸਰੀਰ ਦਾ ਗੁਰਵੀਰ ਸਕੂਲੋਂ ਆਉਣ ਸਾਰ ਟੀ. ਵੀ. ਵਾਲੇ ਕਮਰੇ ’ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈੱਡ ’ਤੇ ਹੀ ਸੁੱਟ ਦਿੱਤਾ ਅਤੇ ਸਵਿੱਚ ਨੂੰ ਦਬਾ ਕੇ ਸਿੱਧਾ ਰਿਮੋਟ ਨੂੰ ਹੋ ਤੁਰਿਆ। ਬੜੀ ਕਾਹਲ ਵਿੱਚ ਉਹ ਛੇਤੀ-ਛੇਤੀ ਕਾਰਟੂਨਾਂ ਵਾਲੇ ਚੈਨਲ ਦੇ ਨੰਬਰ ਦੱਬ ਰਿਹਾ ਸੀ। ਉਸ ਨੇ ਆਪਣੀ ਸਕੂਲ ਵਾਲ਼ੀ ਵਰਦੀ ਵੀ ਨਹੀਂ ਉਤਾਰੀ ਸੀ। (Bread Crumbs)

ਜਦੋਂ ਹੀ ਗੁਰਵੀਰ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਹ ਬਿਨਾਂ ਦੇਰ ਕੀਤੇ ਪਾਣੀ ਦਾ ਗਲਾਸ ਲੈ ਕੇ ਉਸ ਦੇ ਸਾਹਮਣੇ ਆ ਗਈ। ਗੁਰਵੀਰ ਨੇ ਛੇਤੀ-ਛੇਤੀ ਪਾਣੀ ਪੀਤਾ ਤਾਂ ਇੰਨੇ ਨੂੰ ਉਸ ਦੀ ਵੱਡੀ ਭੈਣ ਗੁਰਜੋਤ ਕੌਰ ਵੀ ਸਕੂਲੋਂ ਆ ਗਈ। ਉਸ ਨੇ ਗੁਰਵੀਰ ਨੂੰ ਟੋਕਿਆ ਤੇ ਕਿਹਾ, ‘‘ਜਾ ਪਹਿਲਾਂ ਵਰਦੀ ਉਤਾਰ ਕੇ ਆ, ਫਿਰ ਕੁਝ ਖਾ-ਪੀ ਤਾਂ ਲੈ, ਤੂੰ ਆਉਂਦੇ ਸਾਰ ਹੀ ਟੀ. ਵੀ. ਲਾ ਲਿਆ।’’ ਪਰ ਗੁਰਵੀਰ ਨੇ ਗੱਲ ਅਣਸੁਣੀ ਕਰ ਦਿੱਤੀ ਤਾਂ ਗੁਰਜੋਤ ਨੂੰ ਬਹੁਤ ਗੁੱਸਾ ਆਇਆ, ਉਹ ਟੀ. ਵੀ. ਦੇ ਸਾਹਮਣੇ ਖੜ੍ਹੀ ਹੋ ਗਈ। ਫਿਰ ਕੀ ਸੀ ਗੁਰਵੀਰ ਉੱਚੀ-ਉੱਚੀ ਰੌਲਾ ਪਾਉਣ ਲੱਗ ਗਿਆ।

ਬਾਲ ਕਹਾਣੀ

ਉਹ ਦੋਵੇਂ ਲੜ ਹੀ ਰਹੇ ਸਨ ਕਿ ਉਨ੍ਹਾਂ ਦੀ ਮਾਂ ਆਲੂ ਵਾਲੇ ਪਰੌਂਠੇ ਬਣਾ ਕੇ ਲੈ ਆਈ ਪਰ ਜਦੋਂ ਹੀ ਉਸ ਨੇ ਪਲੇਟ ਗੁਰਵੀਰ ਦੇ ਸਾਹਮਣੇ ਕੀਤੀ ਤਾਂ ਉਸ ਨੇ ਪਲੇਟ ਨੂੰ ਵਗਾਹ ਮਾਰਿਆ। ਪਰੌਂਠਾ ਫਰਸ਼ ਉੱਤੇ ਟੋਟੇ-ਟੋਟੇ ਹੋ ਕੇ ਖਿੱਲਰ ਗਿਆ। ਮਾਂ ਗੁੱਸੇ ਵਿੱਚ ਕਹਿਣ ਲੱਗੀ, ‘‘ਜਿਨ੍ਹਾਂ ਨੂੰ ਰੋਟੀ ਨ੍ਹੀਂ ਮਿਲਦੀ, ਉਨ੍ਹਾਂ ਨੂੰ ਪੁੱਛ ਕੇ ਦੇਖ, ਤੈਨੂੰ ਦੇਸੀ ਘਿਉ ਦੇ ਪਰੌਂਠੇ ਵੀ ਚੰਗੇ ਨਹੀਂ ਲੱਗਦੇ, ਬਤਮੀਜ਼ ਕਿਸੇ ਥਾਂ ਦਾ।’’ ਉਸ ਦੀ ਮਾਂ ਨੇ ਇੱਕ ਹੋਰ ਪਰੌਂਠਾ ਲਿਆਂਦਾ ਤੇ ਉਸ ਨੂੰ ਗੁੱਸੇ ਨਾਲ਼ ਖਵਾਉਣ ਲੱਗੀ। ਪਰ ਗੁਰਵੀਰ ਨੇ ਡਰ ਵਿੱਚ ਥੋੜ੍ਹਾ ਹੀ ਖਾਧਾ ਫਿਰ ਉਹ ਨਖ਼ਰੇ ਕਰਨ ਲੱਗ ਗਿਆ। ਜਦੋਂ ਉਸ ਦੀ ਮਾਂ ਉਸ ਨੂੰ ਫਿਰ ਘੂਰਨ ਲੱਗੀ ਤਾਂ ਉਹ ਰੋਣ ਲੱਗ ਗਿਆ।

ਰੋਟੀ ਦੀ ਬੁਰਕੀ (Bread Crumbs)

ਉਸ ਦੀ ਵੱਡੀ ਭੈਣ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਨੂੰ ਸਾਰੀ ਗੱਲ ਸਮਝ ਆ ਗਈ ਕਿ ਗੁਰਵੀਰ ਅੰਨ ਦਾ ਨਿਰਾਦਰ ਕਰ ਰਿਹਾ ਹੈ ਜਦੋਂਕਿ ਸਾਨੂੰ ਭੋਜਨ ਖਰਾਬ ਨਹੀਂ ਕਰਨਾ ਚਾਹੀਦਾ ਅਤੇ ਬੱਚਿਆਂ ਨੂੰ ਤਾਂ ਸਗੋਂ ਅਜਿਹਾ ਸੰਤੁਲਿਤ ਭੋਜਨ ਕਰਨਾ ਚਾਹੀਦਾ ਜਿਸ ਵਿੱਚ ਸਾਰੇ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਣ।

ਇਸ ਲਈ ਸਾਨੂੰ ਹਰੀਆਂ ਸਬਜ਼ੀਆਂ, ਤਾਜੇ ਫਲ਼ , ਸੁੱਕੀਆਂ ਦਾਲ਼ਾਂ, ਦੁੱਧ ਦੀਆਂ ਚੀਜ਼ਾਂ ਤੇ ਸੁੱਕੇ ਮੇਵੇ ਵੀ ਜ਼ਰੂਰ ਖਾਣੇ ਚਾਹੀਦੇ ਨੇ। ਇਹ ਗੱਲਾਂ ਸੋਚਦੀ ਹੋਈ ਉਹ ਮੁੜ ਤੋਂ ਗੁਰਵੀਰ ਦੇ ਕਮਰੇ ਵਿੱਚ ਆ ਗਈ। ਭਾਵੇਂ ਉਸ ਨੂੰ ਆਪਣੇ ਛੋਟੇ ਭਰਾ ਉੱਤੇ ਗੁੱਸਾ ਆ ਰਿਹਾ ਸੀ ਪਰ ਫਿਰ ਉਸ ਨੇ ਸੋਚਿਆ ਕਿ ਕੱਲ੍ਹ ਨੂੰ ਐਤਵਾਰ ਹੈ ਤੇ ਮੈਂ ਗੁਰਵੀਰ ਨੂੰ ਬਾਹਰ ਸੈਰ ਕਰਵਾਉਣ ਲੈ ਕੇ ਜਾਵਾਂਗੀ ਤੇ ਫਿਰ ਉਸ ਨੂੰ ਸਾਰੀ ਗੱਲ ਆਪੇ ਸਮਝ ਆ ਜਾਵੇਗੀ।

ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs)

ਉਹ ਅਜੇ ਸੋਚ ਹੀ ਰਹੀ ਸੀ ਕਿ ਉਸ ਦੇ ਮਾਮਾ-ਮਾਮੀ ਤੇ ਉਨ੍ਹਾਂ ਦੇ ਦੋਵੇਂ ਬੱਚੇ ਵੀ ਘਰ ਆ ਗਏ। ਦੋਵੇਂ ਬੱਚੇ ਗੁਰਜੋਤ ਤੇ ਗੁਰਵੀਰ ਦੇ ਹਾਣੀ ਸਨ। ਉਸ ਦੇ ਮਾਮਾ-ਮਾਮੀ ਖੋਏ ਦੀਆਂ ਪਿੰਨੀਆਂ, ਮੱਕੀ ਦੀਆਂ ਛੱਲੀਆਂ ਤੇ ਗੰਨੇ ਵੀ ਲੈ ਕੇ ਆਏ ਸਨ। ਉਨ੍ਹਾਂ ਗੁਰਵੀਰ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਸ ਨੇ ਕੁਝ ਵੀ ਨਾ ਖਾਧਾ, ਨਾ ਹੀ ਉਹ ਟੀ. ਵੀ ਵਾਲ਼ੇ ਕਮਰੇ ਵਿੱਚੋਂ ਬਾਹਰ ਨਿੱਕਲਿਆ।  ਦੂਜੇ ਦਿਨ ਸਵੇਰ ਹੁੰਦੇ ਸਾਰ ਹੀ ਗੁਰਵੀਰ ਨੇ ਆਪਣੀ ਭੈਣ ਤੇ ਮਾਮੇ ਦੇ ਦੋਵੇਂ ਬੱਚਿਆਂ ਦੇ ਨਾਲ, ਪਹਿਲਾਂ ਸ਼ਹਿਰ ਦੇ ਮੰਦਰ, ਗੁਰਦੁਆਰਾ ਸਾਹਿਬ, ਪਾਰਕ ਤੇ ਫਿਰ ਨੇੜੇ ਦੇ ਛੋਟੇ ਚਿੜੀਆਘਰ ਵਿੱਚ ਜਾਣ ਦਾ ਫੈਸਲਾ ਕਰ ਲਿਆ। ਸਾਰੇ ਬੱਚੇ ਬਹੁਤ ਖ਼ੁਸ਼ ਸਨ।

ਪਹਿਲਾਂ ਉਹ ਮੰਦਰ ਗਏ ਤਾਂ ਉੱਥੇ ਮੰਦਰ ਦੇ ਬਾਹਰ ਬੈਠੇ ਭਿਖਾਰੀ ਦੇਖ ਕੇ ਗੁਰਵੀਰ ਨੇ ਪੁੱਛਿਆ, ‘‘ਇਹ ਗਰੀਬ ਲੋਕ ਕੌਣ ਨੇ, ਗੁਰਜੋਤ ਭੈਣ?’’ ਗੁਰਜੋਤ ਤਾਂ ਪਹਿਲਾਂ ਹੀ ਉੱਤਰ ਦੇਣ ਲਈ ਤਿਆਰ ਸੀ, ਉਹ ਜਲਦੀ ਨਾਲ ਬੋਲੀ, ‘‘ਇਹ ਵਿਚਾਰੇ ਗਰੀਬ ਲੋਕ ਨੇ ਜਾਂ ਫਿਰ ਅਪੰਗ ਤੇ ਬੇਸਹਾਰਾ ਬੁੱਢੇ-ਬੁੱਢੀਆਂ, ਜਿਨ੍ਹਾਂ ਨੂੰ ਆਪਣਾ ਢਿੱਡ ਭਰਨ ਲਈ ਲੋਕਾਂ ਤੋਂ ਭੀਖ ਮੰਗਣੀ ਪੈਂਦੀ ਏ। ਇਸੇ ਕਰਕੇ ਇਨ੍ਹਾਂ ਦੇ ਚਿਹਰੇ ਦੇਖ ਕਿੰਨੇ ਕਮਜ਼ੋਰ ਤੇ ਮਾੜੇ ਜਿਹੇ ਲੱਗਦੇ ਹਨ।’’ ਉਹਨਾਂ ਵੱਲ ਦੇਖਦਾ ਹੋਇਆ ਗੁਰਵੀਰ ਕਾਫ਼ੀ ਸਮਾਂ ਸੋਚਦਾ ਰਿਹਾ।

ਰੋਟੀ ਦੀ ਬੁਰਕੀ (Bread Crumbs)

ਫਿਰ ਉਹ ਸਾਰੇ ਜਾਣੇ ਪਾਰਕ ਵਿੱਚ ਚਲੇ ਗਏ। ਉੱਥੇ ਉਹਨਾਂ ਨੇ ਬਹੁਤ ਸਾਰੀਆਂ ਖੇਡਾਂ ਖੇਡੀਆਂ ਤੇ ਝੂਲਿਆਂ ’ਤੇ ਝੂਟੇ ਲੈਂਦੇ ਰਹੇ। ਉਸ ਤੋਂ ਬਾਅਦ ਉਹ ਚਿੜੀਆਘਰ ਵਿੱਚ ਚਲੇ ਗਏ। ਜਿੱਥੇ ਉਹਨਾਂ ਨੇ ਬਹੁਤ ਸਾਰੇ ਜਾਨਵਰ ਦੇਖੇ ਜਿਵੇਂ ਕਿ ਬਾਂਦਰ, ਲੰਗੂਰ, ਹਿਰਨ, ਹਾਥੀ, ਭਾਲੂ, ਬਾਰਾਂ ਸਿੰਗੇ, ਮੋਰ ਤੇ ਪਾਣੀ ਵਿੱਚ ਰਹਿਣ ਵਾਲ਼ੇ ਮਗਰਮੱਛ ਤੇ ਨਿੱਕੀਆਂ-ਨਿੱਕੀਆਂ ਮੱਛੀਆਂ ਆਦਿ।

ਉਨ੍ਹਾਂ ਨੂੰ ਦੇਖ ਕੇ ਗੁਰਵੀਰ ਬੋਲਿਆ, ‘‘ਇਹ ਸਾਰੇ ਤਾਂ ਟੀ. ਵੀ. ਉੱਤੇ ਆਉਣ ਵਾਲ਼ੇ ਜਾਨਵਰਾਂ ਤੋਂ ਬਹੁਤ ਹੀ ਕਮਜ਼ੋਰ ਤੇ ਲਿੱਸੜੇ ਜਿਹੇ ਹਨ।’’ ਉਸ ਦੀ ਭੈਣ ਨੇ ਦੱਸਿਆ ਕਿ ਇਹ ਸਾਰੇ ਜੰਗਲੀ ਜਾਨਵਰ ਹਨ ਇਨ੍ਹਾਂ ਨੂੰ ਇੱਥੇ ਤਾਂ ਮੁੱਲ ਦੀ ਖੁਰਾਕ ਪਾਈ ਜਾਂਦੀ ਹੈ। ਮਾਸਾਹਾਰੀ ਜਾਨਵਰਾਂ ਨੂੰ ਤਾਂ ਪੇਟ ਭਰ ਭੋਜਨ ਘੱਟ ਹੀ ਮਿਲਦਾ ਹੈ। ਬਾਕੀ ਜੋ ਮਿਲਦਾ ਹੈ ਇਹ ਖਾ ਲੈਂਦੇ ਨੇ।

ਅੱਗੇ ਜਾ ਕੇ ਉਨ੍ਹਾਂ ਨੇ ਰੰਗ-ਬਰੰਗੀਆਂ ਚਿੜੀਆਂ ਤੇ ਤੋਤੇ ਦੇਖੇ ਤਾਂ ਉਨ੍ਹਾਂ ਨੇ ਰੋਟੀ ਦੇ ਟੁਕੜੇ ਉਨ੍ਹਾਂ ਵੱਲ ਸੁੱਟ ਦਿੱਤੇ ਤਾਂ ਉਹ ਸਭ ਇੱਕਦਮ ਉਸ ਨੂੰ ਖਾਣ ਲਈ ਇੱਕ-ਦੂਜੇ ਤੋਂ ਅੱਗੇ ਆਉਣ ਲੱਗੇ। ਇਹ ਸਭ ਦੇਖ ਕੇ ਗੁਰਵੀਰ ਨੂੰ ਸਾਰੀ ਗੱਲ ਸਮਝ ਆ ਗਈ ਸੀ। ਹੁਣ ਉਸ ਨੂੰ ਪਤਾ ਲੱਗ ਗਿਆ ਕਿ ਸਾਨੂੰ ਭੋਜਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਨੂੰ ਖਰਾਬ ਨਹੀਂ ਕਰਨਾ ਚਾਹੀਦਾ।
ਹੁਣ ਸਾਰੇ ਦਿਨ ਦੀ ਭੱਜ-ਦੌੜ ਕਰਕੇ ਸਭ ਨੂੰ ਬਹੁਤ ਭੁੱਖ ਲੱਗ ਗਈ ਸੀ। ਅੱਜ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਗੁਰਵੀਰ ਰੱਜ ਕੇ ਲੰਗਰ ਖਾ ਰਿਹਾ ਸੀ ਤੇ ਅਨੇਕਾਂ ਲੋੜਵੰਦਾਂ ਨੂੰ ਭੋਜਨ ਖਾਂਦੇ ਦੇਖ ਰਿਹਾ ਸੀ।
ਮਾ. ਹਰਵਿੰਦਰ ਸਿੰਘ ਪੂਹਲੀ
ਮੋ. 98550-73710

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ