ਸਕੂਲ ਖੁੱਲ੍ਹ ਗਏ ਦੁਬਾਰਾ,
ਹੁਣ ਕਰ ਲਓ ਪੜ੍ਹਾਈ
ਛੁੱਟੀਆਂ ਦਾ ਨਜ਼ਾਰਾ,
ਬੜਾ ਲੱਗਿਆ ਪਿਆਰਾ,
ਹੋਮ ਵਰਕ ਜੋ ਸਾਡਾ,
ਖ਼ਤਮ ਹੋ ਗਿਆ ਸਾਰਾ,
ਬੜੀ ਮੌਜ ਸੀ ਉਡਾਈ…
ਰਸਤੇ ਜੋ ਟੇਢੇ-ਮੇਢੇ,
ਭੱਜ-ਭੱਜ ਅਸੀਂ ਖੇਡੇ,
ਬੜੀ ਦੌੜ ਸੀ ਲਗਾਉਂਦੇ,
ਇੱਕ-ਦੂਜੇ ਨੂੰ ਹਸਾਉਂਦੇ,
ਬੜੀ ਖੇਡ ਸੀ ਦਿਖਾਈ…
ਛੁੱਟੀਆਂ ‘ਚ ਮੌਜ-ਮਸਤੀ,
ਆਪਾਂ ਬੜੀ ਹੀ ਮਨਾਈ,
ਐਸੀ ਖੁੱਲ੍ਹੀ-ਡੁੱਲੀ ਮੌਜ,
ਸਾਨੂੰ ਮਸਾਂ ਸੀ ਥਿਆਈ,
ਬੜੀ ਹੋਈ ਕਰੜਾਈ…
ਹੁਣ ਖੁੱਲ੍ਹ ਗਏ ਸਕੂਲ,
ਚੱਲੇ ਹਾੜ ਦਾ ਮਹੀਨਾ,
ਹੋਈਆਂ ਛੁੱਟੀਆਂ ਖ਼ਤਮ,
ਸਾਡਾ ਸੁੱਕੇ ਨਾ ਪਸੀਨਾ,
ਬੜੀ ਗਰਮੀ ਹੈ ਆਈ…
‘ਪ੍ਰਗਟ’ ਦੇਸ਼ ਦਾ ਭਵਿੱਖ,
ਰਿਹਾ ਸਕੂਲਾਂ ਵਿੱਚ ਸਿੱਖ,
ਸਾਡੇ ਬਾਲ ਨਿਆਣੇ,
ਬੜੇ ਲੱਗਦੇ ਸਿਆਣੇ,
ਕਦੇ ਕਰਨ ਨਾ ਲੜਾਈ…
ਸਕੂਲ ਖੁੱਲ੍ਹ ਗਏ ਦੁਬਾਰਾ,
ਹੁਣ ਕਰ ਲਓ ਪੜ੍ਹਾਈ
ਪ੍ਰਗਟ ਸਿੰਘ ਮਹਿਤਾ
ਮੋ. 98784-88796
ਝਾੜੀਏ ਧੂੜ
ਛੁੱਟੀਆਂ ਪਿੱਛੋਂ ਫਿਰ ਖੁੱਲ੍ਹੇ ਸਕੂਲ,
ਬੈਗਾਂ ਤੋਂ ਫਿਰ ਝਾੜੀਏ ਧੂੜ
ਮਾਸਿਕ ਪੇਪਰ ਨੇੜੇ ਆਏ,
ਹੁਣ ਨਾ ਗੱਲਾਂ ਕਰੋ ਫ਼ਜ਼ੂਲ
ਹੋਮ ਵਰਕ ਸਭ ਕਰੀਏ ਪੂਰਾ,
ਨਹੀਂ ਤਾਂ ਖਾਣੇ ਪੈਣੇ ਰੂਲ
ਅਧਿਆਪਕ ਝਿੜਕੇ ਜਾਂ ਪਿਆਰ ਕਰੇ,
ਖਿੜੇ ਮੱਥੇ ਸਭ ਕਰੋ ਕਬੂਲ
ਨਾਲ ਸਾਥੀਆਂ ਕਦੇ ਨਾ ਲੜੀਏ,
ਹਰਦਮ ਹਰ ਪਲ ਰਹੀਏ ਕੂਲ
ਚੋਟ ਕਿਸੇ ਦੇ ਮਨ ਨੂੰ ਲੱਗੇ,
ਐਸਾ ਕੰਮ ਕਰੀਏ ਨਾ ਮੂਲ
ਫੁੱਲਾਂ ਵਾਂਗੂੰ ਮਹਿਕਾਂ ਵੰਡੀਏ,
ਜ਼ਿੰਦਗੀ ਵਿਚ ਨਾ ਬਣੀਏ ਸੂਲ਼
ਬੱਚਿਓ! ਬੋਲੋ ਸਦਾ ਗੁਣਕਾਰੀ,
ਗੱਲਾਂ ਨਾ ਕਰੋ ਊਲ-ਜਲੂਲ
ਪ੍ਰਿਤਪਾਲ ਢਿੱਲੋਂ, ਮੰਡੀ ਸਾਦਿਕ, ਫਰੀਦਕੋਟ
ਮੋ. 94633-51553
ਸਿਆਣੇ ਬਾਲ
ਮਹੀਨੇ ਬਾਅਦ ਦੋਸਤੋ ਸਕੂਲ ਜਦ ਜਾਵਾਂਗੇ,
ਨਹਾ-ਧੋ ਕੇ ਸੋਹਣੀ ਜਿਹੀ ਵਰਦੀ ਸਜਾਵਾਂਗੇ
ਆਈ ਜਦ ਵੈਨ ਪਹਿਲੇ ਮੋੜ ‘ਤੇ ਖੜ੍ਹਾਵਾਂਗੇ,
ਵੈਨ ਵਾਲੇ ਅੰਕਲ ਨੂੰ ਨਮਸਤੇ ਬੁਲਾਵਾਂਗੇ
ਵਿੱਦਿਆ ਮੰਦਿਰ ‘ਚ ਜਾ ਸੀਸ ਝੁਕਾਵਾਂਗੇ,
ਮੈਡਮਾਂ ਨੂੰ ਛੁੱਟੀਆਂ ਦਾ ਕੰਮ ਵੀ ਵਿਖਾਵਾਂਗੇ
ਛੁੱਟੀਆਂ ‘ਚ ਕੀ-ਕੀ ਕੀਤਾ ਬੋਲ ਕੇ ਸੁਣਾਵਾਂਗੇ,
ਆਖਦਾ ਏ ‘ਜਿੰਦਲ’ ਸਿਆਣੇ ਬਾਲ ਕਹਾਵਾਂਗੇ
ਡੀ.ਪੀ ਜਿੰਦਲ ਭੀਖੀ
ਮੋ. 98151-51386
ਸ਼ਹਿਰ ਗਏ
ਦੇਖਣੇ ਲਈ ਸ਼ਹਿਰ ਬੜੀ ਮਨ ‘ਚ ਸੀ ਖਿੱਚ,
ਭੂਆ ਜੀ ਦੇ ਸ਼ਹਿਰ ਗਏ ਛੁੱਟੀਆਂ ਦੇ ਵਿਚ
ਪਿੰਡਾਂ ਨਾਲੋਂ ਸ਼ਹਿਰ ਦਾ ਹੈ ਵੱਖਰਾ ਨਜ਼ਾਰਾ,
ਬਹੁਤ ਕੁਝ ਨਵਾਂ ਨਾਲੇ ਹੁੰਦਾ ਹੈ ਨਿਆਰਾ
ਕੋਠੀਆਂ ਤੇ ਕਾਰਾਂ ਦਾ ਮਾਹੌਲ ਹੁੰਦਾ ਰਿੱਚ,
ਭੂਆ ਜੀ ਦੇ ਸ਼ਹਿਰ ਗਏ…
ਚੌੜੀਆਂ ਨੇ ਸੜਕਾਂ ਤੇ ਉੱਚੇ-ਉੱਚੇ ਪੁਲ,
ਰਾਤ-ਦਿਨ ਰਹੇ ਇਨ੍ਹਾਂ ਉੱਤੇ ਹਿੱਲ-ਜੁੱਲ
ਬੱਸਾਂ ਤੇ ਟਰੱਕਾਂ ਦੀ ਹੈ ਹੁੰਦੀ ਘਿੱਚ-ਘਿੱਚ,
ਭੂਆ ਜੀ ਦੇ ਸ਼ਹਿਰ ਗਏ…
ਹਰੇ ਭਰੇ ਹਨ ਪਾਰਕਾਂ ਦੇ ਸਿਰਨਾਵੇਂ,
ਮਾਣਦੇ ਅਨੰਦ ਲੋਕ ਦਰੱਖ਼ਤਾਂ ਦੀ ਛਾਵੇਂ
ਕਰੀ ਜਾਂਦੇ ਗੱਲਾਂ ਹੌਲੀ-ਹੌਲੀ ਆਪੋ-ਵਿੱਚ,
ਭੂਆ ਜੀ ਦੇ ਸ਼ਹਿਰ ਗਏ…
‘ਚੋਹਲੇ’ ਵਾਲੀ ਭੂਆ ਬੜੇ ਲਾਡ ਹੈ ਲਡਾਉਂਦੀ,
ਵੰਨ ਤੇ ਸੁਵੰਨੇ ਕਈ ਪਕਵਾਨ ਹੈ ਖਵਾਉਂਦੀ
ਛੇਤੀ-ਛੇਤੀ ਜਾਵੇ ਸਾਡੇ ਨਾਲ ਰਚ-ਮਿੱਚ,
ਭੂਆ ਜੀ ਸ਼ਹਿਰ ਗਏ ਛੂੱਟੀਆਂ ਦੇ ਵਿਚ
ਰਮੇਸ਼ ਬੱਗਾ ਚੋਹਲਾ, ਹੈਬੋਵਾਲ ਖੁਰਦ (ਲੁਧਿ.)
ਮੋ: 94631-32719