Ludhiana News: ‘ਲੜਕੀਆਂ ਆਪਣਾ ਮੁਕਾਮ ਆਪ ਤੈਅ ਕਰਕੇ ਹੋਰਨਾਂ ਲਈ ਰੋਲ ਮਾਡਲ ਬਣਨ’
- ਲੁਧਿਆਣਾ ਵਿਖੇ ਸਰਕਾਰੀ ਕਾਲਜ (ਲੜਕੀਆਂ) ’ਚ ਵਿਦਿਆਰਥਣਾਂ ਨੂੰ ਡਿਗਰੀਆਂ ਵੰਡਣ ਮੌਕੇ ਸਫ਼ਲ ਹੋਣ ਦੇ ਦੱਸੇ ਗੁਰ | Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਹਾਨਗਰ ਲੁਧਿਆਣਾ ਦੇ ਸਰਕਾਰੀ ਕਾਲਜ (ਲੜਕੀਆਂ) ਵਿਖੇ ਡਿਗਰੀ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਵਧਾਈ ਦਿੱਤੀ ਤੇ ਹੋਰ ਇਤਿਹਾਸ ਵਿੱਚ ਉਦਾਹਰਣਾਂ ਦੇ ਤਹਿਤ ਮਿਹਨਤ ਕਰਨ ਲਈ ਪ੍ਰੇਰਿਆ।
ਆਪਣੇ ਸੰਬੋਧਨ ਦੌਰਾਨ ਮਾਨ ਨੇ ‘ਦੁਨੀਆਂ ਵਿੱਚ ਸਭ ਤੋਂ ਵੱਡਾ ਰੋਗ, ਕਿਆ ਕਹੇਂਗੇ ਲੋਗ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਦਾ ਕੰਮ ਨੁਕਸ ਕੱਢਣਾ ਹੀ ਹੈ। ਇਸ ਲਈ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੇ ਟੀਚੇ ਨੂੰ ਪਾਉਣ ਲਈ ਮਿਹਨਤ ਕਰਦੇ ਤੇ ਅੱਗੇ ਵੱਧਦੇ ਰਹੋ। ਉਨ੍ਹਾਂ ਵਿਦਿਆਰਥਣਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਮੁਕਾਮ ਤੇ ਆਪਣੀ ਅਹਿਮੀਅਤ ਆਪ ਹੀ ਤੈਅ ਕਰਨ। ਜਿਸ ਨਾਲ ਤੁਹਾਡੇ ਆਪਣੇ ਦਫ਼ਤਰ ਵਿੱਚ, ਜਿੱਥੇ ਵੀ ਤੁਹਾਡੀ ਨੌਕਰੀ ਲੱਗਣੀ ਹੈ, ਤੁਹਾਡੇ ਪਿੱਛੋਂ ਤੁਹਾਡੀ ਵੱਡੀ ਕਮੀ ਮਹਿਸੂਸ ਹੋਵੇ। ਉਨ੍ਹਾਂ ਇਸ ਮੌਕੇ ਬੱਚੀਆਂ ਦੀਆਂ ਵੱਖ- ਵੱਖ ਪੇਸ਼ਕਾਰੀਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਸੁਣਨਾ ਸੌਖਾ ਹੈ ਪਰ ਕਿਸੇ ਵੀ ਸਾਜ ਨੂੰ ਵਜਾਉਣ ਲਈ ਸਿੱਖਣ ਵਾਸਤੇ ਲੰਮੀ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਲਾ ਨਾਲ ਅਮੀਰੀ ਦਾ ਕੋਈ ਸਬੰਧ ਨਹੀਂ।
Ludhiana News
ਫ਼ਿਰ ਤਾਂ ਕੋਈ ਗਰੀਬ ਆਪਣੀ ਕਲਾ ਦਾ ਪ੍ਰਦਰਸ਼ਨ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਡਿਗਰੀ ਪ੍ਰਾਪਤ ਹੋਣ ਤੋਂ ਬਾਅਦ ਇਹ ਨਾ ਸੋਚਿਆ ਜਾਵੇ ਕਿ ਹੁਣ ਵਿਆਹ ਹੀ ਹੋਣਾ ਹੈ। ਅਜਿਹਾ ਨਹੀਂ। ਜਿੰਦਗੀ ਵਿੱਚ ਜਿੱਤ/ ਹਾਰ ਚੱਲਦੀ ਰਹਿੰਦੀ ਹੈ, ਤਤਕਾਰ ਨਹੀਂ ਹੋਣਾ ਚਾਹੀਦਾ। ਸੁਖੀ ਨੂੰ ਸੁੱਖ ਤੇ ਹਾਰਨ ਵਾਲਾ ਹੀ ਜਿੱਤ ਦੀ ਖੁਸ਼ੀ ਬਿਆਨ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਦੇ ਹਰ ਪਲ ਨੂੰ ਖੁਸ਼ੀ ਨਾਲ ਮਾਣੋ। ਉਨ੍ਹਾਂ ਇਹ ਵੀ ਕਿਹਾ ਕਿ ਕਾਬਲ ਅਧਿਆਪਕ ਸਿਰਫ਼ ਤੇ ਸਿਰਫ਼ ਤੁਹਾਨੂੰ ਤਰਾਸਣ ਲਈ ਹੀ ਹਨ।
ਇੰਨਾਂ ਤੋਂ ਸਿੱਖੋ ਅਤੇ ਅੱਗੇ ਸਮਾਜ ਵਿੱਚ ਜਾ ਕੇ ਦੇਸ਼ ਦੀ ਤਰੱਕੀ ਤੇ ਇਸਦਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੋ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇੱਕ ਰੋਲ ਮਾਡਲ ਬਣਨਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ- ਦੁਆਲੇ ਦੇ ਲੋਕ ਤੁਹਾਡੇ ਘਰ ਆ ਕੇ ਤੁਹਾਡੀ ਸ਼ੁਰੂਆਤੀ ਸਿੱਖਿਆ ਬਾਰੇ ਜਾਨਣ। ਆਪਣੇ ਦਮ ’ਤੇ ਭੀੜ ਦਾ ਧਿਆਨ ਖਿੱਚਣ ਵਾਲੇ ਬਣੋ ਨਾ ਕਿ ਭੀੜ। ਜਿਸ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਕਦੇ ਵੀ ਆਪਣੇ ਮਾਪਿਆਂ ਜਾਂ ਅਧਿਆਪਕ ਤੋਂ ਵੱਡਾ ਨਹੀਂ ਹੋ ਸਕਦਾ। ਭਾਵੇਂ ਉਹ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ’ਤੇ ਪਹੁੰਚ ਜਾਵੇ।
ਇਸ ਲਈ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ। ਜਿੰਨ੍ਹਾਂ ਦੀ ਡਾਂਟ (ਤਾੜਨਾ) ਹਮੇਸਾ ਵਿਦਿਆਰਥੀਆਂ ਦਾ ਭਵਿੱਖ ਸੰਵਾਰਦੀ ਹੈ ਜੋ ਉਸ ਵੇਲੇ ਭਾਵੇਂ ਚੰਗੀ ਨਹੀਂ ਲੱਗਦੀ। ਬੱਚੇ ਦੇ ਪਹਿਲੇ ਮਾਪੇ ਜਨਮ ਦੇਣ ਵਾਲੇ ਤੇ ਦੂਜੇ ਮਾਪੇ ਅਕਲ ਦੇਣ ਵਾਲੇ ਹੁੰਦੇ ਹਨ। ਜਿੰਨ੍ਹਾਂ ਨੇ ਕੁੱਝ ਬਣਨ ਲਈ ਸਾਨੂੰ ਤਰਾਸਣਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਦੇ ਵੀ ਕਿਸੇ ਅੱਗੇ ਵੱਧਦੇ ਹੋਏ ਨੂੰ ਢਾਹੁਣ ਦੀ ਕੋਸ਼ਿਸ਼ ਨਾ ਕਰੋ, ਸਾਰਿਆਂ ਦੇ ਮਿਲਕੇ ਤਰੱਕੀ ਕਰਨ ਨਾਲ ਹੀ ਸਮਾਜ ਵਿਕਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਦੇ ਉਸਦੇ ਕੱਦ ਦੇ ਮੁਤਾਬਕ ਸਫ਼ਲਤਾ ਨਹੀਂ ਮਿਲਦੀ ਪਰ ਬਾਵਜੂਦ ਇਸਦੇ ਕਦੇ ਨਿਰਾਸ ਨਹੀਂ ਹੋਣਾ ਚਾਹੀਦਾ, ਹਾਰ ਪਿੱਛੇ ਜਿੱਤ ਵੀ ਛੁਪੀ ਹੁੰਦੀ ਹੈ, ਇਸ ਲਈ ਮਿਹਨਤ ਦਾ ਪੱਲ੍ਹਾ ਨਾ ਛੱਡੋ।
‘ਰਾਜਨੀਤੀ ’ਚ ਵੀ ਆਓ’
ਕਨਵੋਕੇਸ਼ਨ ਦੌਰਾਨ ਭਗਵੰਤ ਮਾਨ ਨੇ ਲੜਕੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਮਹਿਲਾ ਆਪਣੇ ਪਿਤਾ, ਭਰਾ ਜਾਂ ਪਤੀ ਦੇ ਕਹਿਣ ’ਤੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਦੀ ਹੈ। ਹੁਣ ਜਰੂਰੀ ਬਣ ਗਿਆ ਹੈ ਕਿ ਔਰਤਾਂ ਰਾਜਨੀਤੀ ਵਿੱਚ ਵੀ ਹਿੱਸਾ ਲੈਣ।
Read Also : ਪੰਜਾਬ ਵਿੱਚ ਦਿਵਿਆਂਗ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਦੋ-ਗੁਣੀ