ਬਗਾਵਤੀ ਅਫ਼ਵਾਹਾਂ ਨੂੰ ਮੁੱਖ ਮੰਤਰੀ ਦੀ ਲਗਾਮ, ਭਗਵੰਤ ਮਾਨ ਤੇ ਕੁਲਤਾਰ ਸੰਧਵਾਂ ਨੇ ਕੀਤਾ ਇੱਕ ਘੰਟੇ ਹਾਸਾ-ਠੱਠਾ

Chief Minister

ਵਿਧਾਨ ਸਭਾ ’ਚ ਬਣਿਆ ਖੁਸ਼ਨੁਮਾ ਮਾਹੌਲ, ਸਪੀਕਰ ਦੀ ਨਹੀਂ ਰੁਕ ਰਹੀ ਸੀ ਹਾਸੀ | Chief Minister

ਚੰਡੀਗੜ੍ਹ (ਅਸ਼ਵਨੀ ਚਾਵਲਾ)। Chief Minister : ਬਗਾਵਤੀ ਸੁਰ ਅਪਾਲਣ ਵਾਲੀਆਂ ਅਫ਼ਵਾਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਬੁੱਧਵਾਰ ਨੂੰ ਲਗਾਮ ਲਾਉਂਦੇ ਹੋਏ ਨਾ ਸਿਰਫ਼ ਵਿਧਾਨ ਸਭਾ ’ਚ ਸਪੀਕਰ ਕੁਲਤਾਰ ਸੰਧਵਾਂ ਨਾਲ ਇੱਕ ਘੰਟੇ ਤੋਂ ਵਧ ਸਮਾਂ ਬਿਤਾਇਆ, ਸਗੋਂ ਦੋਵਾਂ ਆਗੂਆਂ ਵੱਲੋਂ ਰੱਜ ਕੇ ਹਾਸਾਠੱਠਾ ਵੀ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਅਫ਼ਵਾਹਾਂ ਦੇ ਦੌਰ ’ਚ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸੰਧਵਾਂ ਆਪਸ ’ਚ ਬੈਠ ਕੇ ਇਸ ਤਰੀਕੇ ਨਾਲ ਮਜਾਕ ਵੀ ਕਰਦੇ ਨਜ਼ਰ ਆਉਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਦੇ ਗੇਟ ਅੱਗੇ ਲੈਣ ਲਈ ਗਏ ਕੁਲਤਾਰ ਸੰਧਵਾਂ

ਵਿਧਾਨ ਸਭਾ ’ਚ ਇਸ ਮਾਹੌਲ ਨੂੰ ਦੇਖ ਕੇ ਸੁਆਲ ਵੀ ਖੜ੍ਹਾ ਹੋਇਆ ਤਾਂ ਮੁੱਖ ਮੰਤਰੀ ਨਾਲ ਜੁੜੇ ਹੋਏ ਆਗੂਆਂ ਨੇ ਸਾਫ਼ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕਦੇ ਗੁੱਟਬਾਜੀ ਹੀ ਨਹੀਂ ਸੀ ਪਰ ਸਰਕਾਰ ’ਚ ਵਿਵਾਦ ਪੈਦਾ ਕਰਨ ਲਈ ਕੁਝ ਲੋਕਾਂ ਵੱਲੋਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਇਸ ਦੌਰਾਨ ਸਪੀਕਰ ਕੁਲਤਾਰ ਸੰਧਵਾਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਦੇ ਗੇਟ ਅੱਗੇ ਲੈਣ ਲਈ ਗਏ ਤੇ ਵਾਪਸੀ ਮੌਕੇ ਛੱਡਣ ਵੀ ਗਏ ਸਨ। ਇੱਥੇ ਦੱਸਣਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਮੀਡੀਆ ’ਚ ਬਿਆਨ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ 25-30 ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਰਾਜ਼ ਹੋ ਕੇ ਦਿੱਲੀ ਗਏ ਸਨ ਤੇ ਮੁੱਖ ਮੰਤਰੀ ਦੀ ਸ਼ਿਕਾਇਕ ਪਾਰਟੀ ਲੀਡਰਸ਼ਿਪ ਤੇ ਸੰਦੀਪ ਪਾਠਕ ਨੂੰ ਕੀਤੀ ਗਈ ਸੀ।

Also Read : Road Accidents: ਰਫ਼ਤਾਰ ਦੇ ਨਾਲ ਵਧਦੇ ਹਾਦਸੇ

ਇਸ ਬਾਗੀ ਗੁੱਟ ਦੀ ਅਗਵਾਈ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕੀਤੀ ਗਈ ਸੀ ਅਤੇ ਸੰਧਵਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀ ਤੋਂ ਹਟਵਾਉਣਾ ਚਾਹੁੰਦੇ ਹਨ। ਸ਼ੀਤਲ ਅੰਗੂਰਾਲ ਦੇ ਇਸ ਦਾਅਵੇ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਕਾਂਗਰਸ ਦੇ ਵੀ ਕੁਝ ਲੀਡਰਾਂ ਵੱਲੋਂ ਸ਼ੋਸਲ ਮੀਡੀਆ ’ਤੇ ਸੁਆਲ ਖੜੇ੍ਹ ਕਰਦੇ ਹੋਏ ਕਾਫ਼ੀ ਕੁਝ ਲਿਖਿਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਇਸ ਅਫ਼ਵਾਹ ਨੇ ਵੀ ਤੇਜੀ ਫੜ ਲਈ ਸੀ ਕਿ ਸਰਕਾਰ ’ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ।

ਇਨ੍ਹਾਂ ਅਫ਼ਵਾਹਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਵਿਧਾਨ ਸਭਾ ’ਚ ਮੋਹਿੰਦਰ ਭਗਤ ਨੂੰ ਸਹੁੰ ਚੁਕਵਾਉਣ ਲਈ ਆਏ ਹੋਏ ਸਨ ਤਾਂ ਸਹੁੰ ਚੁੱਕਣ ਤੋਂ ਬਾਅਦ ਲਗਭਗ ਇੱਕ ਸਵਾ ਘੰਟਾ ਮੁੱਖ ਮੰਤਰੀ ਭਗਵੰਤ ਮਾਨ ਸਪੀਕਰ ਕੁਲਤਾਰ ਸੰਧਵਾਂ ਤੇ ਡਿਪਟੀ ਸਪੀਕਰ ਜੈ ਸਿੰਘ ਰੋੜੀ ਸਣੇ 6-7 ਵਿਧਾਇਕਾਂ ਨਾਲ ਵਿਧਾਨ ਸਭਾ ’ਚ ਸਪੀਕਰ ਕੁਲਤਾਰ ਸੰਧਵਾਂ ਦੇ ਦਫ਼ਤਰ ’ਚ ਹੀ ਬੈਠੇ ਰਹੇ।