CM Punjab: ਲੋਕਾਂ ਨੂੰ ਮਹਾਨ ਸੂਫ਼ੀ ਸੰਤ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਕੀਤੀ ਅਪੀਲ
CM Punjab: ਫ਼ਰੀਦਕੋਟ (ਅਜੈ ਮਨਚੰਦਾ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਸਤਿਕਾਰਯੋਗ ਸੂਫ਼ੀ ਸੰਤ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਅਪੀਲ ਕੀਤੀ। ਬਾਬਾ ਸ਼ੇਖ ਫ਼ਰੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਹਾਨ ਰੂਹਾਨੀ ਆਗੂ, ਕਵੀ-ਪੈਗੰਬਰ ਅਤੇ ਭਾਰਤ ਵਿੱਚ ਸੂਫ਼ੀ ਪਰੰਪਰਾ ਦੇ ਬਾਨੀ ਦੱਸਿਆ।
ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਤੇ ਪਿਆਰ, ਕਰੁਣਾ, ਬਰਾਬਰੀ, ਨਿਮਰਤਾ, ਭਾਈਚਾਰਾ ਅਤੇ ਆਜ਼ਾਦੀ ’ਤੇ ਕੇਂਦਰਿਤ ਉਨ੍ਹਾਂ ਦਾ ਫਲਸਫਾ ਸਦੀਵੀ ਅਤੇ ਵਿਸ਼ਵਵਿਆਪੀ ਤੌਰ ’ਤੇ ਪ੍ਰਸੰਗਿਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮਹਾਨ ਗੁਰੂਆਂ ਦੇ ਨਾਲ-ਨਾਲ ਬਾਬਾ ਫ਼ਰੀਦ ਅੱਗੇ ਵੀ ਸਤਿਕਾਰ ਨਾਲ ਸ਼ਰਧਾ ਭੇਂਟ ਕਰਦੇ ਹਾਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਫ਼ਰੀਦ ਦਾ ਜੀਵਨ ਅਤੇ ਸਿੱਖਿਆਵਾਂ ਅੱਜ ਦੇ ਪਦਾਰਥਵਾਦੀ ਸਮਾਜ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰਸੰਗਿਕ ਹਨ। CM Punjab
Read Also : ਦੇਸ਼ ਦੇ ਨੌਜਵਾਨਾਂ ਨੂੰ ਮਿਲਣਗੇ 15 ਹਜ਼ਾਰ ਰੁਪਏ, ਯੋਜਨਾ ਅੱਜ ਤੋਂ ਲਾਗੂ
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਫ਼ਰੀਦ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਰਪਣ ਅਤੇ ਨਿਮਰਤਾ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਲੋਕਾਂ ਨੂੰ ਬਾਬਾ ਫ਼ਰੀਦ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਵਿੱਚ ਮੱਦਦ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ’ਤੇ ਸ਼ਰਧਾ ਭੇਟ ਕਰਨ ਦਾ ਮੌਕਾ ਪ੍ਰਾਪਤ ਕਰ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਅਮੋਲਕ ਸਿੰਘ ਵਿਧਾਇਕ ਜੈਤੋ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।