CM Punjab: 11 ਸਾਲਾਂ ਬਾਅਦ ਮੁੜ ਸ਼ੁਰੂ ਹੋ ਰਹੀਆਂ ਬਲਦਾਂ ਦੀਆਂ ਦੌੜਾਂ : ਮੁੱਖ ਮੰਤਰੀ
CM Punjab: ਮਹਿਮਾ ਸਿੰਘ ਵਾਲਾ (ਲੁਧਿਆਣਾ)। ਪੰਜਾਬ ਵਿੱਚ ਕਾਨੂੰਨੀ ਬੰਦਿਸ਼ਾਂ ਕਾਰਨ ਖਤਮ ਹੋ ਰਹੀਆਂ ਵਿਰਾਸਤੀ ਪੇਂਡੂ ਖੇਡਾਂ ਨੂੰ ਸੁਰਜੀਤ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਾਰੀਆਂ ਕਾਨੂੰਨੀ ਰੁਕਾਵਟਾਂ ਦੂਰ ਕਰੇਗੀ ਤਾਂ ਕਿ ਸਾਡੇ ਮਹਾਨ ਖੇਡ ਵਿਰਸੇ ਦੀ ਪੁਰਾਤਨ ਸ਼ਾਨ ਬਹਾਲ ਕੀਤੀ ਜਾ ਸਕੇ। ਸੂਬੇ ਵਿੱਚ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਨ ਲਈ ਅੱਜ ਇੱਥੇ ਵੱਡੀ ਗਿਣਤੀ ਵਿੱਚ ਵਿਰਾਸਤੀ ਖੇਡ ਪ੍ਰੇਮੀਆਂ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। CM Punjab
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੈਲ ਗੱਡੀਆਂ ਦੀਆਂ ਦੌੜਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਇਹ ਦੌੜਾਂ ਸਾਡੇ ਪੇਂਡੂ ਵਿਰਸੇ ਦੀ ਤਰਜ਼ਮਾਨੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿੱਚ ਬੈਲ-ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਸਨ ਅਤੇ ਇਹ ਸਾਨੂੰ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜ ਕੇ ਰੱਖਦੀਆਂ ਸਨ। ਉਨ੍ਹਾਂ ਕਿਹਾ ਕਿ ਬਲਦਾਂ ਦੀਆਂ ਦੌੜਾਂ ਬੰਦ ਕਰਨ ਬਾਰੇ ਕਾਨੂੰਨ ਲਾਗੂ ਹੋਣ ਨਾਲ ਜਿੱਥੇ ਵਿਰਾਸਤੀ ਖੇਡ ਪ੍ਰੇਮੀਆਂ ਨੂੰ ਵੱਡਾ ਧੱਕਾ ਲੱਗਾ ਸੀ, ਉਥੇ ਹੀ ਸਾਡੇ ਰਵਾਇਤੀ ਖੇਡ ਵਿਰਸੇ ਨੂੰ ਵੀ ਖੋਰਾ ਲੱਗਾ ਸੀ।
Read Also : ਭਿਆਨਕ ਭੂਚਾਲ ਨਾਲ ਹਿੱਲੇ ਰੂਸ ਤੇ ਜਾਪਾਨ, ਹਵਾਈ, ਚਿਲੀ ਤੇ ਸੁਲੇਮਾਨ ’ਚ ਅਲਰਟ
ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਦੌੜਾਂ ਸ਼ੁਰੂ ਕਰਨ ਲਈ ਕਾਨੂੰਨ ਲਿਆਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ 11 ਜੁਲਾਈ, 2025 ਨੂੰ ‘ਪੰਜਾਬ ਵਿਧਾਨ ਸਭਾ ਵਿੱਚ ਜਾਨਵਰਾਂ ’ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ), 2025’ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਕਾਨੂੰਨ ਜਿੱਥੇ ਪੰਜਾਬ ਦੀਆਂ ਦੇਸੀ ਪਸ਼ੂ ਨਸਲਾਂ ਨੂੰ ਬਚਾਉਣ ਵਿੱਚ ਮਦਦ ਕਰੇਗਾ, ਉੱਥੇ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਵਾਉਣ ਲਈ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਵੱਲੋਂ ਇਸ ਕਾਨੂੰਨ ਨੂੰ ਪਾਸ ਕੀਤਾ ਜਾਣਾ ਹੈ, ਜਿਸ ਉਪਰੰਤ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾ ਸਕਣਗੀਆਂ।