ਪੰਜਾਬ ਦੇ ਕਈ ਮੁੱਦਿਆਂ ’ਤੇ ਕੀਤੀ ਚਰਚਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਵਿਖੇ ਕੇਂਦਰੀ ਮੰਤਰੀ ਅਮਿਤ ਸ਼ਾਹ (Home Minister Amit Shah) ਨਾਲ ਮੁਲਾਕਾਤ ਕੀਤੀ। ਮਾਨ ਨੇ ਅਮਿਤ ਸ਼ਾਹ ਨਾਲ ਪੰਜਾਬ ਦੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਸ਼ਾਹ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਜਿਸ ‘ਚ ਦੋਵਾਂ ਵਿਚਾਲੇ ਸਕਾਰਾਤਮਕ ਚਰਚਾ ਹੋਈ ਹੈ।
ਮੁਲਾਕਾਤ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਬੋਨਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ (Home Minister Amit Shah) ਨਾਲ ਵੀ ਗੱਲਬਾਤ ਕੀਤੀ ਗਈ ਹੈ। ਕਣਕ ਦਾ ਦਾਣਾ ਸੁੰਗੜ ਜਾਣ ਕਾਰਨ ਝਾੜ ਘੱਟ ਹੋਇਆ ਹੈ। ਕਿਸਾਨ ਯੂਨੀਅਨ 500 ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੀ ਹੈ। ਜਿੰਨਾ ਹੋ ਸਕੇ ਕੇਂਦਰ ਨੂੰ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਾਸਮਤੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿੱਚ ਪੰਜਾਬ ਦਾ ਪੁਰਾਣਾ ਕੋਟਾ ਬਹਾਲ ਕਰਨ ਦੀ ਮੰਗ ਕੀਤੀ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਈ ਕੌਮੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਇਹ ਦੇਸ਼ ਰਹੇਗਾ ਤਾਂ ਅਸੀਂ ਜੀਵਾਂਗੇ। ਕੋਈ ਨਾ ਕੋਈ ਮੰਤਰੀ ਜਾਂ ਮੁੱਖ ਮੰਤਰੀ ਹੋਵੇਗਾ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਲਈ ਕੰਮ ਕਰਾਂਗੇ। ਮਾਨ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਪੰਜਾਬ ਵਿੱਚ ਨਫ਼ਰਤ ਦਾ ਬੀਜ ਨਹੀਂ ਬੀਜਣ ਦੇਣਗੇ। ਇਸ ਦੇ ਲਈ ਕੇਂਦਰ ਨੇ ਪਹਿਲਾਂ ਸਾਨੂੰ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਮੁਹੱਈਆ ਕਰਵਾਈਆਂ ਸਨ। ਅੱਜ ਦੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਹੈ ਕਿ ਸ਼ਾਮ ਤੱਕ 10 ਹੋਰ ਕੰਪਨੀਆਂ ਨੂੰ ਪੰਜਾਬ ਭੇਜਣ ਦੇ ਆਦੇਸ਼ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ