ਬਾਗੀ ਸੁਰਾਂ ਨੂੰ ਦਬਾਉਣ ਕੇਵਲ ਢਿੱਲੋਂ ਦੇ ਘਰ ਪਹੁੰਚੇ ਮੁੱਖ ਮੰਤਰੀ ਚੰਨੀ

31----14

ਇੱਕ ਘੰਟੇ ਦੀ ਮੀਟਿੰਗ ’ਚ ਵੀ ਕੁੱਝ ਚੰਗਾ ਨਾ ਹੋਣ ਦੇ ਮਿਲੇ ਸੰਕੇਤ (Chief Minister Channi )

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਲੰਮੇ ਸਮੇਂ ਤੋਂ ਹਲਕੇ ਅੰਦਰ ਵਿਚਰ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਜਗ੍ਹਾ ਮਨੀਸ਼ ਬਾਂਸਲ ਨੂੰ ਟਿਕਟ ਦੇਣ ਨਾਲ ਉੱਠਣ ਵਾਲੀਆਂ ਬਗਾਵਤੀ ਸੁਰਾਂ ਨੂੰ ਰੋਕਣ ਦੇ ਯਤਨ ਵੀ ਆਰੰਭ ਹੋ ਗਏ ਹਨ। ਇਸੇ ਮਕਸਦ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Channi) ਅੱਜ ਤਪਾ ਵਿਖੇ ਆਪਣੇ ਕਾਗਜ ਭਰਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਰਿਹਾਇਸ਼ ’ਤੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਮਨਾਉਣ ਦੀ ਕੋਸ਼ਿਸ਼ਾਂ ਤਹਿਤ ਸ੍ਰੀ ਢਿੱਲੋਂ ਨਾਲ ਬੰਦ ਕਮਰਾ ਮੀਟਿੰਗ ਕੀਤੀ।

ਦੱਸ ਦਈਏ ਕਿ ਕੇਵਲ ਸਿੰਘ ਢਿੱਲੋਂ ਵੱਲੋਂ ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੇ ਹੱਲ ਕਰਨ ਦੇ ਨਾਲ ਹੀ ਹਲਕੇ ਦਾ ਸਮੁੱਚਾ ਵਿਕਾਸ ਵੀ ਕਰਵਾਇਆ ਜਾ ਰਿਹਾ ਸੀ। ਪਰ ਇਸ ਸਭ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਕੇਂਦਰੀ ਰੇਲਵੇ ਮੰਤਰੀ ਪਵਨ ਬਾਂਸਲ ਤੇ ਸਪੁੱਤਰ ਮਨੀਸ਼ ਬਾਂਸਲ ਨੂੰ ਹਲਕਾ ਬਰਨਾਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ ਜੋ ਜ਼ਿਲ੍ਹੇ ਦੇ ਤਪਾ ਸ਼ਹਿਰ ਨਾਲ ਸਬੰਧਿਤ ਹਨ।

ਟਿਕਟ ਨਾ ਮਿਲਣ ਤੋਂ ਖਫ਼ਾ ਢਿੱਲੋਂ ਦੇ ਹਮਾਇਤੀਆਂ ’ਚ ਭਾਰੀ ਰੋਸ

ਟਿਕਟ ਨਾ ਮਿਲਣ ਤੋਂ ਖਫ਼ਾ ਸ੍ਰੀ ਢਿੱਲੋਂ ਦੇ ਹਮਾਇਤੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਨਾਲ ਕਾਂਗਰਸ ਪਾਰਟੀ ਨੂੰ ਵੀ ਆਪਣੇ ਉਮੀਦਵਾਰ ਦੀ ਹਾਰ ਦਾ ਡਰ ਹੁਣੇ ਤੋਂ ਹੀ ਸਤਾਉਣ ਲੱਗਾ ਹੈ। ਸ਼ਾਇਦ ਇਸੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਕੇਵਲ ਸਿੰਘ ਢਿੱਲੋਂ ਦੇ ਦਰ ਪਹੁੰਚੇ। ਜਿੰਨ੍ਹਾਂ ਨੂੰ ਆਪਣੇ ਮਕਸਦ ’ਚ ਕਿੰਨੀ ਕੁ ਸਫ਼ਲਤਾ ਮਿਲੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਪੌਣੇ ਘੰਟੇ ਤੋਂ ਵੀ ਵਧੇਰੇ ਸਮਾਂ ਚੱਲੀ ਮੀਟਿੰਗ ’ਚ ਕੁੱਝ ਵੀ ਚੰਗਾ ਹੋਣ ਦੇ ਸੰਕੇਤ ਨਹੀਂ ਮਿਲ ਸਕੇ।

ਇਹ ਵੀ ਦੱਸਣਾ ਬਣਦਾ ਹੈ ਕਿ ਬਗਾਵਤੀ ਸੁਰਾਂ ਦੀ ਸ਼ੁਰੂਆਤ ਅੱਜ ਕੇਵਲ ਸਿੰਘ ਢਿੱਲੋਂ ਦੇ ਹਮਾਇਤੀਆਂ ਦੁਆਰਾ ਸ੍ਰੀ ਢਿੱਲੋਂ ਦੀ ਰਿਹਾਇਸ ’ਤੇ ਇਕੱਠ ਕਰਕੇ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਨੂੰ ਉੱਠਣ ਤੋਂ ਰੋਕਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਢਿੱਲੋਂ ਦੀ ਬਰਨਾਲਾ ਰਿਹਾਇਸ ’ਤੇ ਪੁੱਜੇ ਸਨ। ਇਹ ਵੀ ਦੱਸ ਦਈਏ ਕਿ ਆਉਂਦੇ ਸਮੇਂ ਮੁੱਖ ਮੰਤਰੀ ਚੰਨੀ ਨੇ ਪੱਤਰਕਾਰਾਂ ਨੂੰ ਬਾਅਦ ’ਚ ਗੱਲ ਕਰਨ ਦਾ ਭਰੋਸਾ ਦਿੱਤਾ ਪਰ ਬੰਦ ਕਮਰਾ ਮੀਟਿੰਗ ਦੀ ਸਮਾਪਤੀ ’ਤੇ ਮੁੱਖ ਮੰਤਰੀ ਕਦੋਂ, ਕਿੱਧਰ ਦੀ ਪੱਤਰੇ ਵਾਚ ਗਏ ਕਿਸੇ ਨੂੰ ਕੋਈ ਪਤਾ ਵੀ ਨਹੀਂ ਲੱਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ