ਚਰਨਜੀਤ ਸਿੰਘ ਚੰਨੀ ਤੇ ਸਿੱਧੂ ਨੇ ਪਾਲਕੀ ਸਾਹਿਬ ਨੂੰ ਵੀ ਮੋਢਾ ਦਿੱਤਾ , ਸੜਕ ਦੇ ਕਿਨਾਰੇ ਬੈਠਕੇ ਲੋਕਾਂ ਨਾਲ ਪੀਤੀ ਚਾਹ
(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ. ਓਪੀ ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਈ ਵਿਧਾਇਕਾਂ ਸਮੇਤ ਤੜਕੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੇ ਹੀ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਬੀੜ ਨੂੰ ਸੁਖਾਸਣ ਵਾਲੇ ਸਥਾਨ ਤੋਂ ਲਿਆਉਣ ਸਮੇਂ ਪਾਲਕੀ ਨੂੰ ਮੋਢਾ ਦਿੱਤਾ ।ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਚੰਨੀ ਨੇ ਕਿਹਾ ਕਿ ਸੂਬੇ ਵਿਚ ਧਰਮ ਦੇ ਮੁਤਾਬਕ ਰਾਜ ਚੱਲੇਗਾ. ਸਾਰੇ ਧਰਮਾਂ ਨੂੰ ਸਨਮਾਨ ਦਿੱਤਾ ਜਾਵੇਗਾ ਅਤੇ ਸਾਰੇ ਵਰਗਾਂ ਦਾ ਬਰਾਬਰ ਮਾਣ ਸਨਮਾਨ ਹੋਵੇਗਾ । ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਸੂਬੇ ਦੀ ਸਰਕਾਰ ਮੁੱਦਿਆਂ ਤੋਂ ਭਟਕ ਗਈ ਸੀ ,ਪਰ ਨਵੇਂ ਮੁੱਖ ਮੰਤਰੀ ਇਸ ਨੂੰ ਮੁੱਦਿਆਂ ਤੇ ਘਸੀਟ ਕੇ ਲਿਆਉਣਗੇ ਅਤੇ ਲੋਕ ਮਸਲਿਆਂ ਦਾ ਹੱਲ ਹੋਵੇਗਾ।
ਉਨ੍ਹਾਂ ਸ੍ਰੀ ਚੰਨੀ ਨੂੰ ਨਿਮਾਣਾ ਸਿੱਖ ਆਖਦਿਆਂ ਕਿਹਾ ਕਿ ਉਹ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਨਾਲ ਹਨ ਅਤੇ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਸਰਕਾਰ ਹੁਣ ਸਹੀ ਲੀਹਾਂ ਤੇ ਚਲੇਗੀ। ਉਹ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਗਏ ਉਨ੍ਹਾਂ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਿਆ । ਇਸ ਦੌਰਾਨ ਉਨ੍ਹਾਂ ਭੰਡਾਰੀ ਪੁਲ ‘ਤੇ ਅੰਮ੍ਰਿਤਸਰ ਦੀ ਮਸ਼ਹੂਰ ਗਿਆਨੀ ਚਾਹ ਵਾਲੇ ਦੀ ਦੁਕਾਨ ਦੇ ਬਾਹਰ ਸੜਕ ‘ਤੇ ਟੇਬਲ ‘ਤੇ ਬੈਠਕੇ ਲੋਕਾਂ ਨਾਲ ਚਾਹ ਪੀਤੀ ਤੇ ਆਪਣੀ ਸ਼ਾਇਰੀ ਵੀ ਪੇਸ਼ ਕੀਤੀ। ਮੁੱਖ ਮੰਤਰੀ ਵਲੋਂ ਕੀਤੀ ਗਈ ਸ਼ਾਇਰੀ ਦੀ ਉਹਨਾਂ ਦੇ ਸਾਥੀਆਂ ਤੇ ਲੋਕਾਂ ਵਲੋਂ ਤਾੜੀਆਂ ਮਾਰਕੇ ਵਾਹ ਵਾਹ ਕੀਤੀ ਗਈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ