Punjab News: ਵਿਰੋਧੀਆਂ ਨੂੰ ਦਿਨ-ਰਾਤ ਸੁਫਨੇ ਵੇਖਣੇ ਬੰਦ ਕਰਨ ਅਤੇ ਆਪਣੀ ਧਿਰ ਨੂੰ ਇਕਜੁੱਟ ਰੱਖਣ ਦੀ ਸਲਾਹ
- ‘ਆਪ’ ਵਿਧਾਇਕਾਂ ਦੇ ਸੰਪਰਕ ਵਿੱਚ ਹੋਣ ਦੀ ਬਿਆਨਬਾਜ਼ੀ ਬਾਜਵਾ ਵੱਲੋਂ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿਣ ਦੀ ਚਾਲ
- ਮੁੱਖ ਮੰਤਰੀ ਨੇ ਕਾਂਗਰਸ ਦੇ ਬਿਆਨਾਂ ਨੂੰ ਦੱਸਿਆ ਝੂਠਾ | Punjab News
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸੀ ਆਗੂਆਂ ਖਾਸ ਕਰਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਧਾਵਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੱਤਾਧਾਰੀ ‘ਆਪ’ ਦੇ ਵਿਧਾਇਕਾਂ ਦਾ ਸਮੱਰਥਨ ਪ੍ਰਾਪਤ ਕਰਨ ਦੇ ਦਿਨ-ਰਾਤ ਸੁਫ਼ਨੇ ਦੇਖਣ ਦੀ ਬਜਾਏ ਕਾਂਗਰਸ ਨੂੰ ਆਪਣੇ ਦਲ ਨੂੰ ਇਕਜੁੱਟ ਰੱਖਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
Read Also : Delhi Assembly: ਸੀਐੱਮ ਰੇਖਾ ਨੇ ਵਿਧਾਨ ਸਭਾ ’ਚ ਪੇਸ਼ ਕੀਤੀ ਕੈਗ ਰਿਪੋਰਟ, 2000 ਕਰੋੜ ਦਾ ਘਾਟਾ
ਪੰਜਾਬ ਵਿਧਾਨ ਸਭਾ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਨੇ ਵਿਰੋਧੀ ਆਗੂਆਂ ਵੱਲੋਂ ਸੱਤਾਧਾਰੀ ਪਾਰਟੀ ਦੇ ਕੁਝ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹੋਣ ਅਤੇ ਪਾਰਟੀ ਛੱਡਣ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮਹਿਜ਼ ਹਵਾਈ ਕਿਲ੍ਹੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤਾ ਦੇ ਭੁੱਖੇ ਸਿਆਸਤਦਾਨਾਂ ਦਾ ਨਾ ਤਾਂ ਆਪਣੇ ਪਾਰਟੀ ਦੇ ਕਾਡਰ ਨਾਲ ਕੋਈ ਸੰਪਰਕ ਹੈ ਅਤੇ ਨਾ ਹੀ ਜਨਤਾ ਨਾਲ, ਜਿਸ ਕਰਕੇ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਨਕਾਰ ਕੇ ਬਾਹਰ ਕੱਢ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਲਗਾਤਾਰ ਅਜਿਹੇ ਤਰਕਹੀਣ ਬਿਆਨ ਦੇ ਰਹੇ ਹਨ ਪਰ ਇਨ੍ਹਾਂ ਨੇ ਕਦੇ ਵੀ ਕੇਂਦਰ ਸਰਕਾਰ ਸਾਹਮਣੇ ਪੰਜਾਬ ਦਾ ਮੁੱਦਾ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਇਹ ਬਿਆਨਬਾਜ਼ੀ ਕਿ ‘ਆਪ’ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ, ਬਾਜਵਾ ਦੀ ਮੀਡੀਆ ਦੀਆਂ ਸੁਰਖੀਆਂ ਬਟੋਰਨ ਦੀ ਚਾਲ ਹੈ।
ਦਿੱਲੀ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦਾ ਨਿਖੇਧੀ ਮਤਾ ਸਰਵਸੰਮਤੀ ਨਾਲ ਪਾਸ
ਦਿੱਲੀ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੀ ਨਿਖੇਧੀ ਕਰਨ ਵਾਲਾ ਮਤਾ ਪੰਜਾਬ ਵਿਧਾਨ ਸਭਾ ਵੱਲੋਂ ਅੱਜ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇਹ ਮਤਾ ਪੇਸ਼ ਕਰਦਿਆਂ ਕੌਮੀ ਨਾਇਕਾਂ ਦਾ ਅਪਮਾਨ ਕਰਨ ਲਈ ਐਨਸੀਟੀ ਦਿੱਲੀ ਸਰਕਾਰ ਦੀ ਆਲੋਚਨਾ ਕੀਤੀ ਗਈ।ਇਸ ਤੋਂ ਪਹਿਲਾਂ ਸਿਫ਼ਰ ਕਾਲ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਂਦਿਆਂ ਖ਼ਜਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੱਲੀ ਦੀ ਭਾਜਪਾ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕਰਨ ਵਾਲਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਕੋਲ ਭੇਜਣ ਦੀ ਮੰਗ ਕੀਤੀ।