ਚੀਨੀ ਡੋਰ ਦੀ ਵਿਕਰੀ ਤੇ ਭੰਡਾਰ ਨੂੰ ਰੋਕਣ ਲਈ ਤਲਾਸ਼ੀ ਅਭਿਆਨ ਤੇਜ਼ : ਪ੍ਰਮੋਦ ਸਿੰਗਲਾ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਰਗਰਮ ਕਦਮ ਚੁੱਕਦਿਆਂ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਸੰਦਰਭ ਵਿੱਚ ਅੱਜ ਉਪ ਮੰਡਲ ਮੈਜਿਸਟਰੇਟ ਸ਼੍ਰੀ ਪ੍ਰਮੋਦ ਸਿੰਗਲਾ ਅਤੇ ਐਸਐਚਓ ਸ੍ਰੀ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਸੁਨਾਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਚੀਨੀ ਡੋਰ ਦੀ ਚੈਕਿੰਗ ਲਈ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ: Patiala News :ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਭੁੱਖ ਹੜਤਾਲਾਂ ਸ਼ੁਰੂ
ਇਸ ਮੌਕੇ ਐਸਡੀਐਮ ਸ੍ਰੀ ਸਿੰਗਲਾ ਨੇ ਦੱਸਿਆ ਕਿ ਸੁਨਾਮ ਊਧਮ ਸਿੰਘ ਵਾਲਾ ਸਬ ਡਵੀਜ਼ਨ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਚੀਨੀ ਡੋਰ ਖ਼ਿਲਾਫ਼ ਸਖ਼ਤ ਤਲਾਸ਼ੀ ਮੁਹਿੰਮ ਜਾਰੀ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਅੱਜ ਵੱਖ-ਵੱਖ ਥਾਈਂ ਟੀਮਾਂ ਵੱਲੋਂ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ਉੱਤੇ ਅਚਨਚੇਤ ਛਾਪਾਮਾਰੀ ਕਰਕੇ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ੱਕ ਦੇ ਅਧਾਰ ’ਤੇ ਕੁਝ ਬਸਤੀਆਂ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਨਾ ਤਾਂ ਪਤੰਗਬਾਜ਼ੀ ਲਈ ਖੁਦ ਚੀਨੀ ਡੋਰ ਦੀ ਵਰਤੋਂ ਕਰਨ ਅਤੇ ਨਾ ਹੀ ਇਸ ਜਾਨਲੇਵਾ ਡੋਰ ਦਾ ਭੰਡਾਰ ਕੀਤਾ ਜਾਵੇ ਕਿਉਂਕਿ ਇਹ ਕਾਨੂੰਨੀ ਜੁਰਮ ਹੈ ਅਤੇ ਇਸ ਦੀ ਉਲੰਘਣਾ ਪਾਏ ਜਾਣ ’ਤੇ ਸਬੰਧਤ ਵਿਅਕਤੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਦੌਰਾਨ ਐਸਡੀਐਮ ਸ੍ਰੀ ਸਿੰਗਲਾ ਨੇ ਪਤੰਗਬਾਜ਼ੀ ਦਾ ਸ਼ੌਕ ਰੱਖਣ ਵਾਲਿਆਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਕਿਸੇ ਦੀ ਵੀ ਜਾਨ ਜੋਖ਼ਮ ਵਿੱਚ ਨਾ ਪਾਉਣ। ਉਨ੍ਹਾਂ ਕਿਹਾ ਕਿ ਜਿਹੜੇ ਦੁਕਾਨਦਾਰ ਲੋਕਾਂ ਤੇ ਪਸ਼ੂ ਪੰਛੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਚੀਨੀ ਡੋਰ ਦੀ ਵਿਕਰੀ ਜਾਂ ਭੰਡਾਰ ਕਰਨਗੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Sunam News