ਜ਼ਮੀਨ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਵਾ ਕੇ ਮਾਰੀ ਲੱਖਾਂ ਦੀ ਠੱਗੀ, ਪਤੀ–ਪਤਨੀ ਨਾਮਜ਼ਦ
ਸੰਗਤ ਮੰਡੀ, (ਮਨਜੀਤ ਨਰੂਆਣਾ) | ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਜ਼ਮੀਨ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਵਾ ਕੇ ਪਤੀ–ਪਤਨੀ ਵੱਲੋਂ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਨੇ ਸੁਖਜਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਾਸੀਆਨ ਰਾਏ ਕੇ ਖੁਰਦ ਵਿਰੁੱਧ ਸ਼ਕਾਇਤ ਦਰਜ਼ ਕਰਵਾਈ ਹੈ ਕਿ ਉਨ੍ਹਾਂ ਵੱਲੋਂ ਜ਼ਮੀਨ ਬੈ ਕਰਨ ਦਾ ਸੌਦਾ ਕਰਕੇ ਬਾਅਦ ’ਚ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ।
ਉਨ੍ਹਾਂ ਦੱਸਿਆ ਕਿ 15 ਦਸੰਬਰ 2020 ਨੂੰ ਹਰਚਰਨ ਸਿੰਘ ਦੇ ਲੜਕੇ ਸੁਖਜਿੰਦਰ ਸਿੰਘ ਵੱਲੋਂ ਕਸ਼ਮੀਰ ਸਿੰਘ ਨਾਲ ਇਕ ਕਨਾਲ ਜ਼ਮੀਨ ਦਾ ਸੌਦਾ 3 ਲੱਖ 20 ਹਜ਼ਾਰ ਰੁਪਏ ’ਚ ਹੋਇਆ ਸੀ, ਜਿਸ ਨੇ 1 ਲੱਖ 55 ਹਜ਼ਾਰ ਰੁਪਏ ਸਾਈ ਵਜੋਂ ਉਸ ਨੇ ਸੁਖਜਿੰਦਰ ਸਿੰਘ ਨੂੰ ਪਹਿਲਾਂ ਹੀ ਦੇ ਦਿੱਤੇ ਸਨ। ਸਾਲ 2021 ’ਚ ਸੁਖਜਿੰਦਰ ਸਿੰਘ ਦਾ ਐਕਸੀਡੈਂਟ ਹੋ ਜਾਂਦਾ ਹੈ, ਜਿਸ ਦੇ ਇਲਾਜ਼ ਲਈ ਸੁਖਜਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਵੱਲੋਂ 2 ਲੱਖ 3 ਹਜ਼ਾਰ ਰੁਪਏ ਇਲਾਜ਼ ਲਈ ਹੋਰ ਲੈ ਲਏ।
ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਦੇ ਇਲਾਜ਼ ਲਈ ਉਸ ਦੀ ਪਤਨੀ ਅਮਨਦੀਪ ਕੌਰ ਨੇ ਪਿੰਡ ਦੇ ਹੀ ਇਕਬਾਲ ਸਿੰਘ ਪੁੱਤਰ ਚੰਨਣ ਸਿੰਘ ਤੋਂ 3 ਲੱਖ 50 ਹਜ਼ਾਰ ਰੁਪਏ ਲੈਦਿਆਂ ਇੱਕ ਸੰਤਬਰ 2021 ਨੂੰ ਉਸੇ ਜ਼ਮੀਨ ਦਾ ਸੌਦਾ ਕਰਕੇ ਸਾਰੇ ਪੈਸੇ ਲੈ ਲਏ।ਜਦ ਕਸ਼ਮੀਰ ਸਿੰਘ ਅਤੇ ਇਕਬਾਲ ਸਿੰਘ ਨੇ ਸੁਖਜਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨੂੰ ਲਏ ਪੈਸਿਆਂ ਬਦਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਉਹ ਟਾਲ–ਮਟੋਲ ਕਰਨ ਲੱਗੇ, ਜਿਸ ’ਤੇ ਸ਼ੱਕ ਪੈਣ ’ਤੇ ਜਦ ਕਸ਼ਮੀਰ ਸਿੰਘ ਨੇ ਮਾਲ ਵਿਭਾਗ ਤੋਂ ਜ਼ਮੀਨ ਦਾ ਰਿਕਾਰਡ ਕਢਵਾਇਆ ਤਾਂ ਉਨ੍ਹਾਂ ਦੇ ਦੋਹਾਂ ਦੇ ਨਾਂਅ ’ਤੇ ਕੋਈ ਜ਼ਮੀਨ ਨਹੀਂ ਸੀ ਬਲਕਿ ਜ਼ਮੀਨ ਸੁਖਜਿੰਦਰ ਸਿੰਘ ਦੇ ਪਿਤਾ ਹਰਚਰਨ ਸਿੰਘ ਪੁੱਤਰ ਲਾਲ ਸਿੰਘ ਦੇ ਨਾਂਅ ਸੀ।
ਜਦ ਕਸ਼ਮੀਰ ਸਿੰਘ ਅਤੇ ਇਕਬਾਲ ਸਿੰਘ ਨੇ ਸੁਖਜਿੰਦਰ ਸਿੰਘ ਅਤੇ ਉਸ ਦੀ ਪਤਨੀ ਤੋਂ ਲਏ ਪੈਸੇ ਵਾਪਸ ਮੰਗੇ ਤਾਂ ਉਹ ਪੈਸੇ ਦੇਣ ਤੋਂ ਵੀ ਮੁੱਕਰ ਗਏ। ਸੁਖਜਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵੱਲੋਂ ਉਨ੍ਹਾਂ ਨਾਲ 7 ਲੱਖ 8 ਹਜ਼ਾਰ ਦੀ ਠੱਗੀ ਮਾਰੀ ਗਈ। ਪੁਲਿਸ ਵੱਲੋਂ ਕਸ਼ਮੀਰ ਸਿੰਘ ਦੇ ਬਿਆਨਾਂ ’ਤੇ ਸੁਖਜਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ