ਪਟਿਆਲੇ ‘ਚ ਹੈਵਾਨੀਅਤ ਦੀ ਦੂਜੀ ਵੱਡੀ ਘਟਨਾ, ਪੁਲਿਸ ਨੇ ਵੱਟੀ ਚੁੱਪ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਮੁੱਖ ਮੰਤਰੀ ਦੇ ਸ਼ਹਿਰ ਅੰਦਰ ਇੱਕ ਹੋਰ ਨੌਜਵਾਨ ਨੂੰ ਅਲਫ਼ ਨੰਗਾ ਕਰਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਲਫ ਨੰਗਾ ਕਰਕੇ ਕੁੱਟਣ ਦੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਉਕਤ ਨੌਜਵਾਨ ਪਰਿਵਾਰ ਸਮੇਤ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਸਐਸਪੀ ਸਮੇਤ ਹੋਰ ਉੱਚ ਅਧਿਕਾਰੀਆਂ ਅੱਗੇ ਇਨਸਾਫ ਦੀ ਮੰਗ ਕੀਤੀ ਹੈ। ਮੋਹਨ ਲਾਲ ਪੁੱਤਰ ਹੀਰਾ ਲਾਲ ਵਾਸੀ ਚਾਂਦਨੀ ਚੌਂਕ ਪਟਿਆਲਾ ਨੇ ਐਸਐਸਪੀ ਪਟਿਆਲਾ ਨੂੰ ਸੌਂਪੀ ਦਰਖਾਸਤ ਵਿੱਚ ਕਿਹਾ ਹੈ ਕਿ ਮੇਰਾ ਲੜਕਾ ਪਵਨ ਕੁਮਾਰ ਜੋ ਕਿ ਸ਼ਹਿਰ ਦੀ ਇੱਕ ਦੁਕਾਨ ‘ਤੇ ਪਿਛਲੇ ਦਸ ਸਾਲਾਂ ਤੋਂ ਕੰਮ ਕਰ ਰਿਹਾ ਸੀ।
31 ਜੁਲਾਈ ਨੂੰ ਉਹ ਕੰਮ ‘ਤੇ ਗਿਆ ਪਰ ਦੇਰ ਤੱਕ ਵਾਪਸ ਨਹੀਂ ਆਇਆ ਜਦੋਂ ਉਸ ਦੀ ਪਤਨੀ ਬਬਲੀ ਨੇ ਦੁਕਾਨ ‘ਤੇ ਪਤਾ ਕੀਤਾ ਤਾਂ ਦੁਕਾਨ ਮਾਲਕ ਨੇ ਕਿਹਾ ਕਿ ਪਵਨ ਨੂੰ ਉਨ੍ਹਾਂ ਕੰਮ ਭੇਜਿਆ ਹੈ। ਸ਼ਾਮ ਨੂੰ ਪਤਾ ਲੱਗਾ ਕਿ ਉਹ ਚੋਰੀ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਵਿਖੇ ਬੰਦ ਹੈ। ਜਿਸ ਤੋਂ ਬਾਅਦ ਤਰਲੇ ਮਿੰਨਤਾਂ ਕਰਕੇ ਉਸ ਨੂੰ ਛੁਡਾ ਕੇ ਲਿਆਏ। ਮੋਹਨ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨੇ ਦੱਸਿਆ ਕਿ ਦੁਪਹਿਰ ਵੇਲੇ ਦੁਕਾਨ ਮਾਲਕਾਂ ਅਤੇ ਹੋਰਨਾਂ ਨੇ ਉਸ ਨੂੰ ਸਟੋਰ ਵਿੱਚ ਬੰਦ ਕਰ ਦਿੱਤਾ ਅਤੇ ਚੋਰੀ ਦੇ ਦੋਸ਼ ਵਿੱਚ ਕੁੱਟਮਾਰ ਕੀਤੀ।
ਇਸ ਦੌਰਾਨ ਇੱਕ ਵਿਅਕਤੀ ਨੇ ਉਸਦੀ ਕੰਨਪਟੀ ‘ਤੇ ਪਿਸਤੌਲ ਰੱਖ ਲਿਆ ਅਤੇ ਬਾਕੀਆਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਵੀਡੀਓ ਬਣਾਉਣ ਲੱਗੇ ਅਤੇ ਨੰਗੇ ਸਰੀਰ ‘ਤੇ ਹੀ ਡੰਡੇ ਸੋਟੀਆਂ ਨਾਲ ਕੁੱਟਮਾਰ ਕਰਨ ਲੱਗੇ। ਉਸ ਦੇ ਲੜਕੇ ਨੇ ਉਸ ਦੀ ਵੀਡੀਓ ਨਾ ਬਣਾਉਣ ਦਾ ਤਰਲਾ ਕੀਤਾ ਪਰ ਉਨ੍ਹਾਂ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਉਕਤ ਵੀਡੀਓ ਵਾਇਰਲ ਹੋਣ ਕਰਕੇ ਉਸ ਦਾ ਲੜਕਾ ਸਦਮੇ ਵਿੱਚ ਆ ਗਿਆ ਅਤੇ ਉਹ ਪਰਿਵਾਰ ਸਮੇਤ 2 ਅਗਸਤ ਨੂੰ ਘਰੋਂ ਚਲਾ ਗਿਆ। ਉਸ ਨੇ ਸੁਨੇਹਾ ਛੱਡਿਆ ਕਿ ਉਸ ਦੀ ਵੀਡੀਓ ਵਾਇਰਲ ਹੋਣ ਕਾਰਨ ਉਹ ਦੁਖੀ ਹੈ। ਉਸ ਨੇ ਕਿਹਾ ਕਿ ਉਸ ਦੇ ਲੜਕੇ ਤੇ ਪਰਿਵਾਰ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ।
ਇਸ ਸਬੰਧੀ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਕੋਤਵਾਲੀ ਵਿਖੇ ਦਰਜ਼ ਕਰਵਾ ਦਿੱਤੀ ਹੈ। ਉਸ ਨੇ ਕਿਹਾ ਕਿ ਜੇਕਰ ਉਸਦੇ ਲੜਕੇ ਤੇ ਪਰਿਵਾਰ ਨੂੰ ਕੋਈ ਜਾਨੀ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਸੰਬਧਿਤ ਵਿਕਅਤੀ ਹੋਣਗੇ। ਉਸ ਨੇ ਕਿਹਾ ਕਿ ਉਹ ਰਾਜਨੀਤਿਕ ਪਹੁੰਚ ਵਾਲੇ ਵਿਅਕਤੀ ਹਨ ਅਤੇ ਉਨ੍ਹਾਂ ਉੱਪਰ ਮਾਮਲਾ ਨਬੇੜਨ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਥਾਣਾ ਕੋਤਵਾਲੀ ਦੇ ਐਸਐਚਓ ਰਾਹੁਲ ਕੌਸਲ ਤੋਂ ਮਾਮਲਾ ਦਰਜ਼ ਹੋਣ ਸਬੰਧੀ ਪੁੱÎਛਿਆ ਤਾ ਉਨਾਂ ਕਿਹਾ ਕਿ ਅਜੇ ਕੋਈ ਮਾਮਲਾ ਦਰਜ਼ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਲੜਕੇ ਦੇ ਪਰਿਵਾਰ ਵਾਲੇ ਥਾਣੇ ਆ ਰਹੇ ਹਨ ਅਤੇ ਉਹ ਜੋ ਕਾਰਵਾਈ ਕਰਵਾਉਣਗੇ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਜਦੋਂ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨਾਲ ਗੱਲ ਕਰਨੀ ਚਾਹੀ ਤਾ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।