ਸਿਵਲ ਸਕੱਤਰੇਤ ਦੇ ਕਾਰੀਡੋਰ ਅਤੇ ਸਟਾਫ਼ ਦੇ ਦਫ਼ਤਰ ਸਣੇ ਮਹਿਮਾਨਾਂ ਦੇ ਕਮਰੇ ‘ਚ ਲਗਾਏ ਕੈਮਰੇ | Charanjit Singh Channi
- ਸਿਵਲ ਸਕੱਤਰੇਤ ਦੇ 70 ਸਾਲਾਂ ਦੇ ਰਿਕਾਰਡ ‘ਚ ਪਹਿਲੀ ਵਾਰ ਲੱਗੇ ਹਨ ਕੈਮਰੇ | Charanjit Singh Channi
ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਆਪਣੇ ਵੱਖਰੇ ਢੰਗ ਨਾਲ ਚਰਚਾ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਨਿਯਮਾਂ ਨੂੰ ਤਾਕ ਵਿੱਚ ਰੱਖਦੇ ਹੋਏ ਸਕੱਤਰੇਤ ਵਿਖੇ ਸਥਿੱਤ ਆਪਣੇ ਦਫ਼ਤਰ ਅਤੇ ਸਟਾਫ਼ ਦੇ ਕਮਰੇ ਸਣੇ ਕਾਰੀਡੋਰ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਤਾਂ ਕਿ ਦਫ਼ਤਰ ਵਿੱਚ ਬੈਠ ਕੇ ਉਹ ਆਉਣ ਅਤੇ ਜਾਣ ਵਾਲੇ ਨੂੰ ਦੇਖਣ ਦੇ ਨਾਲ ਹੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਟਾਫ਼ ‘ਤੇ ਨਜ਼ਰ ਰੱਖ ਸਕਣ।
ਸਿਵਲ ਸਕੱਤਰੇਤ ਦੇ 70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਕੈਬਨਿਟ ਮੰਤਰੀ ਵੱਲੋਂ ਇਸ ਤਰ੍ਹਾਂ ਕੈਮਰੇ ਲਗਾ ਕੇ ਨਜ਼ਰ ਰੱਖਣ ਦੀ ਕੋਸ਼ਸ਼ ਕੀਤੀ ਹੈ, ਜਿਸ ਦਾ ਨਾ ਸਿਰਫ਼ ਉਨ੍ਹਾਂ ਦੇ ਦਫ਼ਤਰ ਦੇ ਸਟਾਫ਼ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ, ਸਗੋਂ ਕੈਮਰੇ ਲਗਾਉਣ ਤੋਂ ਪਹਿਲਾਂ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਇਸ ਸਬੰਧੀ ਇਜਾਜ਼ਤ ਤੱਕ ਨਹੀਂ ਲਈ ਗਈ ਹੈ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਵਲ ਸਕੱਤਰੇਤ ਦੀ ਤੀਜੀ ਮੰਜ਼ਲ ‘ਤੇ ਦਫ਼ਤਰ ਅਲਾਟ ਹੋਇਆ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਵਾਸਤੂ ਸ਼ਾਸਤਰ ਅਨੁਸਾਰ ਆਪਣੇ ਦਫ਼ਤਰ ਦੀ ਰੱਦੋ ਬਦਲ ਕਰਨ ਦੇ ਨਾਲ ਹੀ ਆਪਣੇ ਨਾਂਅ ਦੀ ਪਲੇਟ ਵੀ ਪਹਿਲਾਂ ਬਦਲਾ ਦਿੱਤੀ ਸੀ। ਹੁਣ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦਫ਼ਤਰ ਦੇ ਬਾਹਰ ਕਾਰੀਡੋਰ, ਸਟਾਫ਼ ਮੈਂਬਰਾਂ ਦੇ ਸੀਸੀਟੀਵੀ ਕਮਰੇ ‘ਚ ਅਤੇ ਮਿਲਣ ਲਈ ਆਉਣ ਵਾਲੇ ਮਹਿਮਾਨਾਂ ਨੂੰ ਬਿਠਾਉਣ ਵਾਲੇ ਕਮਰੇ ਵਿੱਚ ਕੈਮਰੇ ਲਗਾ ਦਿੱਤੇ ਹਨ।
ਇਨ੍ਹਾਂ ਕੈਮਰੇ ਰਾਹੀਂ ਚਰਨਜੀਤ ਸਿੰਘ ਚੰਨੀ ਆਪਣੇ ਦਫ਼ਤਰ ਵਿੱਚ ਬੈਠ ਕੇ ਨਾ ਸਿਰਫ਼ ਹਰ ਕਿਸੇ ਦੇ ਆਉਣ ਅਤੇ ਜਾਣ ਸਬੰਧੀ ਦੇਖ ਸਕਣਗੇ, ਸਗੋਂ ਸਟਾਫ਼ ਕੀ ਕਰ ਰਿਹਾ ਹੈ ਅਤੇ ਸਟਾਫ਼ ਕੋਲ ਕੌਣ ਕੌਣ ਬੈਠਾ ਹੈ, ਇਸ ‘ਤੇ ਵੀ ਚਰਨਜੀਤ ਸਿੰਘ ਚੰਨੀ ਦੀ ਨਜ਼ਰ ਰਹੇਗੀ। ਇੱਥੇ ਹੀ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਹੋਣ ਵਾਲੀ ਹਰ ਹਰਕਤ ਨੂੰ ਲੋੜ ਪੈਣ ‘ਤੇ ਉਹ ਕੈਮਰੇ ਦੀ ਰਿਕਾਰਡਿੰਗ ਰਾਹੀਂ ਸਾਰਾ ਕੁਝ ਦੇਖ ਸਕਣਗੇ।
ਸਟਾਫ਼ ਹੀ ਹੋਇਆ ਨਰਾਜ਼ | Charanjit Singh Channi
ਚਰਨਜੀਤ ਸਿੰਘ ਚੰਨੀ ਦਾ ਸਟਾਫ਼ ਹੀ ਉਨ੍ਹਾਂ ਤੋਂ ਨਰਾਜ਼ ਹੋ ਗਿਆ ਹੈ, ਕਿਉਂਕਿ ਹੁਣ ਉਹ ਕੈਮਰੇ ਦੇ ਡਰ ਨਾਲ ਅਜ਼ਾਦੀ ਨਾਲ ਕੰਮ ਵੀ ਨਹੀਂ ਕਰ ਸਕਣਗੇ। ਕਿਉਂਕਿ ਦਫ਼ਤਰ ਵਿੱਚ ਕੰਮ ਦੇ ਦਿਮਾਗੀ ਬੋਝ ਨੂੰ ਘਟਾਉਣ ਲਈ ਉਹ ਹਾਸਾ ਠੱਠਾ ਵੀ ਕਰ ਲੈਂਦੇ ਸਨ ਪਰ ਹੁਣ ਸੀਸੀਟੀਵੀ ਕੈਮਰੇ ਦੇ ਡਰ ਕਾਰਨ ਉਨ੍ਹਾਂ ਦੇ ਦਿਮਾਗ ‘ਤੇ ਹੋਰ ਜ਼ਿਆਦਾ ਬੋਝ ਵੱਧ ਗਿਆ ਹੈ। ਸਟਾਫ਼ ਦਬੀ ਜੁਬਾਨ ਵਿੱਚ ਕਹਿ ਰਿਹਾ ਹੈ ਕਿ ਕੈਮਰੇ ਲਗਾ ਕੇ ਉਨ੍ਹਾਂ ਦੀ ਅਜ਼ਾਦੀ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਹੀਂ ਲਈ ਆਮ ਤੇ ਰਾਜ ਪ੍ਰਬੰਧ ਵਿਭਾਗ ਤੋਂ ਪ੍ਰਵਾਨਗੀ | Charanjit Singh Channi
ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਿਵਲ ਸਕੱਤਰੇਤ ਵਿੱਚ ਕਿਸੇ ਵੀ ਦਫ਼ਤਰ ਵਿੱਚ ਕੁਝ ਵੀ ਕਰਨਾ ਹੋਵੇ ਤਾਂ ਉਸ ਦੀ ਪ੍ਰਵਾਨਗੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਲੈਣੀ ਹੁੰਦੀ ਹੈ ਜਾਂ ਫਿਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਉਹ ਕੰਮ ਖ਼ੁਦ ਕਰਵਾਉਂਦਾ ਹੈ। ਜੇਕਰ ਕੈਬਨਿਟ ਮੰਤਰੀ ਆਪਣੇ ਦਫ਼ਤਰ ਵਿੱਚ ਕੁਝ ਵੀ ਕਰਦੇ ਉਥੋਂ ਤੱਕ ਤਾਂ ਠੀਕ ਸੀ ਪਰ ਦਫ਼ਤਰ ਤੋਂ ਬਾਹਰ ਕਾਰੀਡੋਰ ਅਤੇ ਸਟਾਫ਼ ਦੇ ਦਫ਼ਤਰ ਵਿੱਚ ਕੈਮਰੇ ਖ਼ੁਦ ਮੰਤਰੀ ਬਿਨਾਂ ਮੁੱਖ ਸਕੱਤਰ ਜਾਂ ਫਿਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਦੀ ਪ੍ਰਵਾਨਗੀ ਤੋਂ ਨਹੀਂ ਲਗਾ ਸਕਦੇ ਹਨ।