
Punjab Vidhan Sabha Session: (ਅਸ਼ਵਨੀ ਚਾਵਲਾ) ਚੰਡੀਗੜ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਵੀਬੀ ‘ਜੀ ਰਾਮ ਜੀ’ ਐਕਟ ਦੇ ਖ਼ਿਲਾਫ਼ ਸੱਦੇ ਗਏ ਇੱਕ ਦਿਨਾਂ ਸਪੈਸ਼ਲ ਸੈਸ਼ਨ ਦੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਅਤੇ ਇਸ ਹੰਗਾਮੇ ਦੌਰਾਨ ਕਾਂਗਰਸ ਅਤੇ ਸੱਤਾਧਿਰ ਦੇ ਵਿਧਾਇਕ ਨਾ ਸਿਰਫ਼ ਆਪਸ ਵਿੱਚ ਖਹਿਬੜ ਪਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਵਿਘਨ ਵੀ ਪਾਇਆ ਗਿਆ।
ਸੁਖਪਾਲ ਖਹਿਰਾ ਵੱਲੋਂ ਸਦਨ ਦੀ ਕਾਰਵਾਈ ਵਿੱਚ ਪਾਇਆ ਵਿਘਨ, ਸਪੀਕਰ ਨੇ ਕੀਤਾ ਮੁਅੱਤਲ
ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਬੋਲਣ ਲਈ ਸਮਾਂ ਨਾ ਮਿਲਣ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਕਈ ਵਾਰ ਬੈਠਣ ਲਈ ਵੀ ਕਿਹਾ ਤਾਂ ਸਪੀਕਰ ਕੁਲਤਾਰ ਸੰਧਵਾ ਵੱਲੋਂ ਵੀ ਸੁਖਪਾਲ ਖਹਿਰਾ ਨੂੰ ਬੈਠਣ ਲਈ ਕਿਹਾ ਗਿਆ ਪਰ ਸੁਖਪਾਲ ਖਹਿਰਾ ਆਪਣੀ ਸੀਟ ’ਤੇ ਖੜੇ ਹੋ ਕੇ ਹੰਗਾਮਾ ਕਰਦੇ ਰਹੇ। ਜਿਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਇਸ ਸ਼ੋਰ-ਸ਼ਰਾਬੇ ਵਿੱਚ ਉਹ ਕਿਵੇਂ ਆਪਣਾ ਭਾਸ਼ਣ ਦੇ ਸਕਦੇ ਹਨ, ਇਸ ਲਈ ਸੁਖਪਾਲ ਖਹਿਰਾ ਨੂੰ ਸਦਨ ਤੋਂ ਬਾਹਰ ਹੀ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ: Punjab Winter Holidays: ਇਸ ਵੇਲੇ ਦੀ ਵੱਡੀ ਖਬਰ, ਪੰਜਾਬ ਦੇ ਸਕੂਲਾਂ ’ਚ ਵਧ ਸਕਦੀਆਂ ਹਨ ਛੁੱਟੀਆਂ, ਪੜ੍ਹੋ ਕੀ ਹੈ ਤਾ…
ਇਸ ਤੋਂ ਬਾਅਦ ਇੱਕ ਵਾਰ ਫਿਰ ਸਪੀਕਰ ਕੁਲਤਾਰ ਸੰਧਵਾਂ ਵਲੋਂ ਸੁਖਪਾਲ ਖਹਿਰਾ ਨੂੰ ਬੈਠਣ ਲਈ ਕਿਹਾ ਗਿਆ ਪਰ ਸੁਖਪਾਲ ਖਹਿਰਾ ਨੇ ਉਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸਪੀਕਰ ਨੇ ਸੁਖਪਾਲ ਖਹਿਰਾ ਨੂੰ ਸਦਨ ਦੀ ਕਾਰਵਾਈ ਵਿੱਚੋਂ ਮੁਅੱਤਲ ਕਰਦੇ ਹੋਏ ਸਦਨ ਤੋਂ ਬਾਹਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਤਾਂ ਸਦਨ ਵਿੱਚ ਤੈਨਾਤ ਮਾਰਸ਼ਲਾਂ ਵੱਲੋਂ ਸੁਖਪਾਲ ਖਹਿਰਾ ਨੂੰ ਸਦਨ ਤੋਂ ਬਾਹਰ ਕਰ ਦਿੱਤਾ।
ਇਸ ਦੌਰਾਨ ਵੀ ਕਾਂਗਰਸ ਦੇ ਬਾਕੀ ਵਿਧਾਇਕਾਂ ਵੱਲੋਂ ਹੰਗਾਮਾ ਕੀਤਾ ਗਿਆ ਕਿ ਸੁਖਪਾਲ ਖਹਿਰਾ ਨੂੰ ਬਾਹਰ ਨਾ ਕੀਤਾ ਜਾਵੇ ਤਾਂ ਸਪੀਕਰ ਕੁਲਤਾਰ ਸੰਧਵਾ ਨੇ ਸਾਫ਼ ਕਿਹਾ ਕਿ ਹੁਣ ਉਹ ਮੁਅੱਤਲ ਹੋ ਚੁੱਕੇ ਹਨ ਤਾਂ ਉਹ ਵਾਪਸ ਨਹੀਂ ਆਉਣਗੇ ਅਤੇ ਇਸ ਲਈ ਤੁਸੀਂ ਬੈਠ ਕੇ ਸਦਨ ਦੀ ਕਾਰਵਾਈ ਵਿੱਚ ਭਾਗ ਲਵੋ। ਇਸ ਤੋਂ ਪਹਿਲਾਂ ਵੀ ਸਦਨ ਵਿੱਚ ਕਈ ਵਾਰ ਇਹ ਅਜਿਹਾ ਮੌਕਾ ਆਇਆ ਜਦੋਂ ਸਦਨ ਵਿੱਚ ਬਹਿਸ ਵਿੱਚ ਸ਼ਾਮਲ ਸੱਤਾਧਿਰ ਦੇ ਵਿਧਾਇਕਾਂ ਵਲੋਂ ਬੋਲੇ ਗਏ ਸ਼ਬਦਾਂ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਧਾਇਕ ਵੱਲੋਂ ਇਤਰਾਜ਼ ਜ਼ਾਹਰ ਕਰਦੇ ਹੋਏ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੁਲਤਾਰ ਸੰਧਵਾ ਵੱਲੋਂ ਸਦਨ ਦੀ ਕਾਰਵਾਈ ਨੂੰ ਚਲਾ ਕੇ ਰੱਖਿਆ ਗਿਆ।













