ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home Breaking News ਪਿੰਡਾਂ ਤੋਂ ਸ਼ਹ...

    ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ

    Lifestyle
    ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ

    Lifestyle: ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਹੈ। ਪੱਛੜੇ ਲੋਕਾਂ ਨੂੰ ਉਹ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਪਿੰਡਾਂ ਵਿੱਚ ਵੱਸਦੇ ਭਾਰਤ ਦੇ ਸੁਚੱਜੇ ਸ਼ਾਸਨ ਲਈ ਗਾਂਧੀ ਜੀ ਨੇ ਪੰਚਾਇਤੀ ਰਾਜ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਪਿੰਡਾਂ ਦਾ ਰਹਿਣ-ਸਹਿਣ ਸ਼ਹਿਰ ਦੀਆਂ ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੀ ਜ਼ਿੰਦਗੀ ਤੋਂ ਦੂਰ ਸਕੂਨ ਭਰਿਆ ਹੈ, ਜਿੱਥੇ ਰੂਹ ਨੂੰ ਖੁਸ਼ੀ ਅਤੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਪਿੰਡਾਂ ਵਿਚ ਆਪਣਿਆਂ ਦੀ ਸਾਂਝ ਹੈ, ਜਿੱਥੇ ਸਾਂਝੀਆਂ ਖੁਸ਼ੀਆਂ ਤੇ ਸਾਂਝੇ ਦੁੱਖ ਹਨ। ਜਿੱਥੇ ਦੂਜੇ ਦੀ ਧੀ ਨੂੰ ਵੀ ਆਪਣੀ ਧੀ ਸਮਝਿਆ ਜਾਂਦਾ ਹੈ।

    ਜਿੱਥੇ ਮਿੱਟੀ ਵਿੱਚ ਸੋਨਾ ਤੇ ਘਰਾਂ ਵਿੱਚ ਖੁਸ਼ਹਾਲੀ ਦੀ ਛਣਕਾਰ ਸੁਣਾਈ ਦਿੰਦੀ ਹੈ।ਸਮੇਂ ਦੇ ਪਹੀਏ ਦੀ ਚਾਲ ਬਦਲਣ ਨਾਲ ਕੰਮ ਦੀ ਭਾਲ ਤੇ ਭੌਤਿਕ ਵਸਤਾਂ ਦੀ ਪੂਰਤੀ ਕਰਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਣ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋਣਾ ਸ਼ੁਰੂ ਹੋਇਆ। ਇਸ ਪ੍ਰਵਾਸ ਨੇ ਮਨੁੱਖ ਦੀ ਜੀਵਨਸ਼ੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਬੋਲੀ, ਰਹਿਣ-ਸਹਿਣ ਅਤੇ ਸੱਭਿਆਚਾਰ ਵਿੱਚ ਵੀ ਪਰਿਵਰਤਨ ਲਿਆਂਦਾ ਹੈ। ਪਿੰਡਾਂ ਵਿੱਚ ਵੱਸਦੇ ਸਾਂਝੇ ਪਰਿਵਾਰ ਜਿੱਥੇ ਮਾਤਾ-ਪਿਤਾ, ਭੈਣ-ਭਰਾ, ਚਾਚੇ-ਤਾਏ ਅਤੇ ਦਾਦਾ-ਦਾਦੀ ਇੱਕ ਛੱਤ ਹੇਠ ਰਹਿ ਕੇ ਸਾਂਝੇ ਚੁੱਲ੍ਹੇ ਦੀ ਰੋਟੀ ਖਾਂਦੇ ਹਨ, ਉੱਥੇ ਸ਼ਹਿਰਾਂ ਵਿੱਚ ਛੋਟੇ ਪਰਿਵਾਰ ਜਿਸ ਵਿੱਚ ਕੇਵਲ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਹੀ ਰਹਿ ਗਏ ਹਨ। Lifestyle

    Read This : ਬੰਗਲਾਦੇਸ਼ ਲਈ ਵੱਡੀ ਚੁਣੌਤੀ

    ਸਾਂਝੇ ਪਰਿਵਾਰਾਂ ਵਿੱਚ ਰਹਿ ਕੇ ਬੱਚੇ ਅਨੁਸ਼ਾਸਨ ਅਤੇ ਜ਼ਿੰਦਗੀ ਜਿਉਣ ਦਾ ਸਲੀਕਾ ਸਿੱਖਦੇ ਹਨ, ਉੱਥੇ ਸ਼ਹਿਰਾਂ ਵਿੱਚ ਪਲ ਰਹੇ ਬੱਚੇ ਸਾਂਝੇ ਪਰਿਵਾਰਾਂ ਦੇ ਮੋਹ ਤੋਂ ਦੂਰ ਰਹਿੰਦੇ ਹਨ ਜਿਸ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਉਨ੍ਹਾਂ ਵਿੱਚ ਆਪਸੀ ਸਾਂਝ, ਰਿਸ਼ਤਿਆਂ ਦਾ ਮੋਹ ਤੇ ਇੱਕ ਚੰਗਾ ਇਨਸਾਨ ਬਣਨ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਸ਼ਹਿਰਾਂ ਵਿੱਚ ਜਿੱਥੇ ਸਾਰੇ ਵਿਅਕਤੀ ਮਸ਼ੀਨਾਂ ਦਾ ਰੂਪ ਧਾਰਨ ਕਰ ਚੁੱਕੇ ਹੁੰਦੇ ਹਨ, ਜਿੱਥੇ ਬੱਚਿਆਂ ਕੋਲ ਮਾਪਿਆਂ ਲਈ ਸਮਾਂ ਨਹੀਂ ਹੁੰਦਾ, ਗੁਆਂਢੀ ਇੱਕ-ਦੂਜੇ ਤੋਂ ਅਣਜਾਣ ਹੁੰਦੇ ਹਨ, ਉੱਥੇ ਪਿੰਡ ਸਾਰਿਆਂ ਦਾ ਸਾਂਝਾ ਹੁੰਦਾ ਹੈ ਚਾਹੇ ਸ਼ਹਿਰੀਕਰਨ ਕਰਕੇ ਪਿੰਡਾਂ ਉੱਤੇ ਵੀ ਸ਼ਹਿਰਾਂ ਦਾ ਪ੍ਰਭਾਵ ਪਿਆ ਹੈ। Lifestyle

    ਪਰੰਤੂ ਅਜੇ ਵੀ ਪਿੰਡਾਂ ਦੀ ਸਵੇਰ ਅਤੇ ਸਰੋ੍ਹਂ ਦੇ ਸਾਗ ਨਾਲ ਮੱਕੀ ਦੀ ਰੋਟੀ ਦਾ ਆਪਣਾ ਹੀ ਅਨੰਦ ਹੁੰਦਾ ਹੈ। ਪੀਜੇ, ਬਰਗਰ, ਨੂਡਲਜ ਤੇ ਹੋਰ ਜੰਕ ਫੂਡ ਪਿੰਡਾਂ ਦੀਆਂ ਤਾਜੀਆਂ ਸਬਜੀਆਂ ਦੀ ਰੀਸ ਨਹੀਂ ਕਰ ਸਕਦੇ। ਪਿੰਡਾਂ ਵਿੱਚ ਰੱਖੇ ਜਾਂਦੇ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਹੋਣਾ ਵਾਲਾ ਤਾਜਾ ਦੁੱਧ ਪੈਕਟਾਂ ਵਾਲੇ ਦੁੱਧ ਤੋਂ ਕਿਤੇ ਵਧੀਆ ਹੈ। ਇਸ ਪਿੰਡਾਂ ਤੋਂ ਸ਼ਹਿਰਾਂ ਵੱਲ ਦੀ ਦੌੜ ਨੇ ਸਾਨੂੰ ਆਧੁਨਿਕਤਾ ਦਾ ਲਾਲਚ ਦੇ ਕੇ ਸਾਥੋਂ ਬਹੁਤ ਕੁਝ ਖੋਹ ਲਿਆ ਹੈ। ਬਦਲਾਅ ਹਮੇਸ਼ਾ ਸਾਰਥਕ ਨਹੀਂ ਹੁੰਦਾ, ਇਸ ਦੇ ਕਈ ਵਾਰ ਭਿਆਨਕ ਨਤੀਜੇ ਵੀ ਝੱਲਣੇ ਪੈਂਦੇ ਹਨ। ਅਜਿਹਾ ਹੀ ਪੰਜਾਬੀ ਸੱਭਿਆਚਾਰਕ ਨਾਲ ਵਾਪਰ ਰਿਹਾ ਹੈ। Lifestyle

    ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਲੋਕਾਂ ’ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਕਿਉਂਕਿ ਕੋਈ ਵੀ ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਸ਼ਹਿਰਾਂ ਨੂੰ ਮਾਰ ਕਰਦੀ ਹੈ। ਜਿਵੇਂ ਪਹਿਲਾਂ ਕਦੇ ਅਲਟ੍ਰਾਸਾਊਂਡ ਦਾ ਨਾਂਅ ਨਹੀਂ ਸੀ ਸੁਣਿਆ ਪਰੰਤੂ ਹੁਣ ਬੱਚਾ ਵੀ ਅਲਟ੍ਰਾਸਾਊਂਡ ਦੇ ਨਾਂਅ ਤੋਂ ਜਾਣੂ ਹੈ। ਪਾਟੀਆਂ ਪੈਂਟਾਂ ਆਧੁਨਿਕਤਾ ਦੀ ਨਿਸ਼ਾਨੀ ਹਨ। ਇਹ ਸਾਡੀ ਪੜ੍ਹੀ-ਲਿਖੀ ਪੀੜ੍ਹੀ ਦੀ ਸੋਚ ਹੈ। ਨਵੀਂ ਪੀੜ੍ਹੀ ਦੀ ਸੋਚ ਮੁਤਾਬਿਕ ਕੁੜਤੇ ਪਜਾਮੇ ਵਾਲਾ ਵਿਅਕਤੀ ਅਨਪੜ੍ਹ, ਤੇ ਪੈਦਲ ਜਾ ਰਿਹਾ ਵਿਅਕਤੀ ਗੁਰਬਤ ਦੀ ਨਿਸ਼ਾਨੀ ਹੈ। ਜਿਹੜੇ ਪੰਜਾਬੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਰਹੇ ਹਨ ਉਹ ਵਿਦੇਸ਼ੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਕਿਵੇਂ ਸਿੱਖ ਸਕਣਗੇ। ਟੁੱਟੀ-ਭੱਜੀ ਅੰਗਰੇਜੀ ਘੋਟਣ ਵਾਲੇ ਮਾਂ-ਬੋਲੀ ਤੋਂ ਵੀ ਕੋਹਾਂ ਦੂਰ ਜਾ ਰਹੇ ਹਨ। Lifestyle

    Read This : Kisan Mela: ਪੈਸਟੀਸਾਈਡ ਦੀ ਪ੍ਰਸਿੱਧ ਕੰਪਨੀ ਬੈਸਟ ਐਗਰੋ ਲਾਈਫ ਵੱਲੋਂ ਕਿਸਾਨ ਮੇਲਾ ਕਰਵਾਇਆ 

    ਪਿੰਡਾਂ ’ਤੇ ਸ਼ਹਿਰਾਂ ਦੀ ਪਾਣ ਚੜ੍ਹ ਚੁੱਕੀ ਹੈ। ਸ਼ਹਿਰਾਂ ਵਿੱਚ ਸਿੱਖਿਆ, ਸਿਹਤ ਅਤੇ ਰੁਜਗਾਰ ਦੇ ਜ਼ਿਆਦਾ ਮੌਕੇ ਦਿਖਾਈ ਦਿੰਦੇ ਹਨ। ਇਹ ਸਹੀ ਹੈ ਪਰੰਤੂ ਇਸਦਾ ਮਤਲਬ ਇਹ ਨਹੀਂ ਕਿ ਪਿੰਡ ਪੱਛੜੇ ਹੋਏ ਹਨ। ਪਿੰਡਾਂ ਦੇ ਬੱਚੇ ਵੀ ਮਿਹਨਤ, ਮੁਸ਼ੱਕਤ ਅਤੇ ਸੰਘਰਸ਼ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਅੱਜ ਵੀ ਪਿੰਡ ਆਪਣਾ ਵਿਰਸਾ, ਆਪਣਾ ਇਤਿਹਾਸ ਅਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਸਮੇਂ ਦੇ ਹਾਕਮਾਂ ਦਾ ਪਿੰਡਾਂ ਵਿੱਚ ਜ਼ਿਆਦਾ ਗੇੜਾ ਵੋਟਾਂ ਵੇਲੇ ਹੀ ਲੱਗਦਾ ਹੈ ਉਹ ਪਿੰਡਾਂ ਨੂੰ ਸਿਰਫ਼ ਵੋਟ ਬੈਂਕ ਹੀ ਸਮਝਦੇ ਹਨ। ਅਜਾਦੀ ਦੇ ਪੌਣੇ ਦਹਾਕੇ ਤੋਂ ਵੱਧ ਸਮਾਂ ਬੀਤਣ ਬਾਅਦ ਵੀ ਦੇਸ਼ ਦੇ ਹਾਕਮਾਂ ਨੇ ਪਿੰਡਾਂ ਨੂੰ ਪੱਕੀਆਂ ਸੜਕਾਂ ਤੇ ਪੱਕੀਆਂ ਗਲੀਆਂ ਨਾਲੀਆਂ ਦੇ ਮੁੱਦਿਆਂ ਵਿੱਚ ਉਲਝਾ ਕੇ ਰੱਖ ਦਿੱਤਾ। Lifestyle

    ਅੱਜ ਵੀ ਅਜਿਹੇ ਪਿੰਡ ਬਹੁਤ ਹਨ ਜਿੱਥੇ ਦਰਿਆ ਦੇ ਉੱਤੇ ਪੁਲ ਨਹੀਂ ਹਨ ਬੱਚੇ ਕਿਸ਼ਤੀ ਨਾਲ ਦਰਿਆ ਪਾਰ ਕਰਕੇ ਸਕੂਲ ਜਾਂਦੇ ਹਨ ਪਰ ਪਿੰਡਾਂ ਵਿੱਚ ਅੱਜ ਵੀ ਖੁਸ਼ਹਾਲੀ ਹੈ, ਸ਼ਹਿਰ ਦੀ ਭੱਜ-ਦੌੜ ਤੋਂ ਦੂਰ ਸ਼ਾਂਤਮਈ ਪਰੰਤੂ ਇਹ ਹੋਂਦ ਖਤਰੇ ਵਿੱਚ ਹੈ। ਸ਼ਹਿਰ ਦਿਨੋਂ-ਦਿਨ ਵਧ ਰਹੇ ਹਨ। ਜਿਸ ਤਰ੍ਹਾਂ ਚੰਡੀਗੜ੍ਹ ਨੇ ਪੰਜਾਬ ਦੇ ਕਈ ਪਿੰਡ ਖਾ ਲਏ ਉਸ ਤਰ੍ਹਾਂ ਸ਼ਹਿਰਾਂ ਦਾ ਖੇਤਰਫਲ ਵਧਣ ਕਰਕੇ ਪਿੰਡਾਂ ਤੇ ਸ਼ਹਿਰਾਂ ਵਿਚਲੀ ਦੂਰੀ ਘਟ ਰਹੀ ਹੈ। ਪਿੰਡਾਂ ਨੂੰ ਉਜਾੜਨ ਲਈ ਜ਼ਮੀਨਾਂ ਦੇ ਦੁੱਗਣੇ ਭਾਅ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪਿੰਡਾਂ ਦੀ ਹੋਂਦ ਖਤਮ ਕਰਨ ਲਈ ਅਖੌਤੀ ਵਿਕਾਸ ਦਾ ਨਾਅਰਾ ਦਿੱਤਾ ਜਾ ਰਿਹਾ ਹੈ। Lifestyle

    ਜਿਸ ਨੇ ਜੰਗਲ-ਬੇਲੇ ਉਜਾੜ ਕੇ ਧਰਤੀ ਦੀ ਹੋਂਦ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਪਿੰਡਾਂ ਵਿੱਚ ਤਾਂ ਕਿਤੇ ਨਿੰਮ ਦੀ ਛਾਂ ਲੱਭ ਵੀ ਜਾਂਦੀ ਹੈ ਪਰ ਸ਼ਹਿਰਾਂ ਵਿੱਚ ਤਾਂ ਚਾਦਰਾਂ ਦਾ ਸ਼ੈੱਡ ਪਾ ਕੇ ਨਿੰਮ ਦੀ ਛਾਂ ਦੀ ਪੂਰਤੀ ਕੀਤੀ ਜਾਂਦੀ ਹੈ ਪਰੰਤੂ ਇਹ ਯਾਦ ਰੱਖਣਾ ਹੋਵੇਗਾ ਕਿ ਨਿੰਮ ਛਾਂ ਦੇ ਨਾਲ-ਨਾਲ ਆਕਸੀਜ਼ਨ ਵੀ ਦੇਵੇਗਾ ਜਦਕਿ ਚਾਦਰਾਂ ਦਾ ਸ਼ੈੱਡ ਕੇਵਲ ਛਾਂ ਦੇਵੇਗਾ ਆਕਸੀਜਨ ਨਹੀਂ। ਅਖੌਤੀ ਵਿਕਾਸ ਦੇ ਨਾਂਅ ’ਤੇ ਕੀਤੇ ਜਾ ਰਹੇ ਕੁਦਰਤ ਨਾਲ ਖਿਲਵਾੜ ਨੂੰ ਰੋਕਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਧਰਤੀ ’ਤੇ ਰਹਿਣਾ ਤਾਂ ਹਰ ਕੋਈ ਚਾਹੁੰਦਾ ਹੈ ਪਰੰਤੂ ਇਸ ਨੂੰ ਬਚਾਉਣ ਦਾ ਉੱਦਮ ਕੋਈ ਨਹੀਂ ਕਰਨਾ ਚਾਹੁੰਦਾ। ਪਿੰਡਾਂ ਦੇ ਨਾਲ-ਨਾਲ ਵਾਤਾਵਰਨ ਦੀ ਹੋਂਦ ਬਚਾਉਣ ਲਈ ਵੀ ਅੱਗੇ ਆਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ। Lifestyle

    ਮੋ. 70873-67969
    ਰਜਵਿੰਦਰ ਪਾਲ ਸ਼ਰਮਾ

    LEAVE A REPLY

    Please enter your comment!
    Please enter your name here