ਆਪਣੇ-ਆਪ ਨੂੰ ਬਦਲੋ ਤਾਂ ਦੁਨੀਆਂ ਬਦਲਦੀ ਨਜ਼ਰ ਆਵੇਗੀ

How to Change Yourself

ਆਪਣੇ-ਆਪ ਨੂੰ ਬਦਲੋ ਤਾਂ ਦੁਨੀਆਂ ਬਦਲਦੀ ਨਜ਼ਰ ਆਵੇਗੀ (How to Change Yourself)

ਅੱਜ ਦੇ ਵਿਗਿਆਨਕ ਯੁੱਗ ਵਿੱਚ ਅਸੀਂ ਅਸਮਾਨ ਤੱਕ ਪਹੁੰਚ ਗਏ ਪਰ ਅਸੀਂ ਆਪਣੀ ਜਿੰਦਗੀ ਵਿਚ ਜੋ ਬਦਲਣਾ ਚਾਹੁੰਦੇ ਸੀ ਉਹ ਨਹੀਂ ਬਦਲੇ। ਪਹਿਲਾਂ ਖੁਦ ਨੂੰ ਬਦਲੋ ਫਿਰ ਹੋਰ ਕਿਸੇ ਨੂੰ ਬਦਲ ਸਕਦੇ ਹਾਂ। ਜ਼ਿੰਦਗੀ ਬਦਲਣ ਲਈ ਹੈ ਨਾ ਕਿ ਬਰਬਾਦ ਕਰਨ ਲਈ (How to Change Yourself) । ਦੋਸਤੋ ਜਿੰਦਗੀ ਬਹੁਤ ਹੀ ਖੂਬਸੂਰਤ ਹੈ। ਅਸੀਂ ਆਪਣੀ ਜਿੰਦਗੀ ਨੂੰ ਬਦਲਣ ਲਈ ਕਿਸੇ ਦੂਸਰੇ ਵਿਅਕਤੀ ਦੇ ਸਹਾਰੇ ਨਾ ਰਹੀਏ ਸਗੋਂ ਉਸ ਵਿਅਕਤੀ ਦੇ ਚੰਗੇ ਵਿਚਾਰਾਂ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰੀਏ ਅਤੇ ਉਨ੍ਹਾਂ ਵਿਚਾਰਾਂ ਨਾਲ ਅਸੀਂ ਆਪਣੇ ਜੀਵਨ ਨੂੰ ਬਦਲਣਾ ਸ਼ੁਰੂ ਕਰੀਏ।

ਸਾਡੇ ਜੀਵਨ ਵਿਚ ਉਦੋਂ ਤੱਕ ਕੁਝ ਨਹੀਂ ਬਦਲੇਗਾ ਜਦ ਤੱਕ ਅਸੀਂ ਖੁਦ ਨਹੀਂ ਬਦਲਦੇ। ਜਿਸ ਤਰ੍ਹਾਂ ਮੌਸਮ ਸਾਡੇ ਹੱਥ ਵਿਚ ਨਹੀਂ ਹੁੰਦਾ, ਉਸੇ ਤਰ੍ਹਾਂ ਪ੍ਰਸਥਿਤੀਆਂ ਵੀ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ। ਪਰ ਸਾਨੂੰ ਸਾਡੀਆਂ ਪ੍ਰਸਥਿਤੀਆਂ ਦੇ ਅਨੁਸਾਰ ਢਲ ਜਾਣਾ ਚਾਹੀਦਾ ਹੈ ਨਾ ਕਿ ਘਬਰਾਉਣਾ ਚਾਹੀਦਾ ਹੈ। ਬੱਸ ਫਰਕ ਸਿਰਫ ਇੱਥੇ ਹੀ ਹੈ ਕਿ ਨਜ਼ਰ ਬਦਲੀ ਗਈ ਤਾਂ ਸਮਝੋ ਦੁਨੀਆਂ ਬਦਲ ਗਈ। ਅਸੀਂ ਬਦਲ ਗਏ ਤਾਂ ਜਿੰਦਗੀ ਬਦਲ ਗਈ ਤੇ ਜਿੰਦਗੀ ਦੇ ਸਿਤਾਰੇ ਬਦਲ ਗਏ।

ਨਸ਼ਾ ਕਰਨਾ ਬਹੁਤ ਹੀ ਬੁਰੀ ਬਿਮਾਰੀ ਹੈ

ਕਹਿੰਦੇ ਨੇ ਨਜ਼ਰ ਦਾ ਆਪ੍ਰੇਸ਼ਨ ਤਾਂ ਹੋ ਸਕਦਾ ਹੈ ਪਰ ਨਜ਼ਰੀਏ ਦਾ ਕਦੇ ਵੀ ਨਹੀਂ।ਆਪਣੇ ਬੱਚਿਆਂ ਨੂੰ ਬਦਲਣ ਲਈ ਅਸੀਂ ਕਿਸੇ ਦੀ ਉਦਾਹਾਰਨ ਦਿੰਦੇ ਹਾਂ। ਜਿਵੇਂ ਕੋਈ ਆਦਮੀ ਖੁਦ ਨਸ਼ਾ ਕਰਦਾ ਹੈ ਪਰ ਬੱਚਿਆਂ ਨੂੰ ਕਹਿੰਦਾ ਕਿ ਨਸ਼ਾ ਕਰਨਾ ਬਹੁਤ ਹੀ ਬੁਰੀ ਬਿਮਾਰੀ ਹੈ ਅਤੇ ਸਿਹਤ ਲਈ ਹਾਨੀਕਾਰਕ ਹੈ। ਨਸ਼ੇ ਦੀ ਇਸ ਆਦਤ ਨੇ ਲੋਕਾਂ ਦੇ ਅਨੇਕਾਂ ਘਰਾਂ ਉਜਾੜ ਦਿੱਤੇ, ਇਸ ਤਰ੍ਹਾਂ ਕਰਦੇ ਹੋਏ ਬੱਚਿਆਂ ਨੂੰ ਸਮਝਾਉਂਦੇ ਹਾਂ। ਜੇਕਰ ਉਹ ਵਿਅਕਤੀ ਨਸ਼ਾ ਨਾ ਹੀ ਕਰੇ ਤਾਂ ਬੱਚੇ ਨੂੰ ਨਸ਼ੇ ਬਾਰੇ ਜਾਣਕਾਰੀ ਹੋ ਹੀ ਨਹੀਂ ਸਕਦੀ। ਇਸ ਕਰਕੇ ਪਹਿਲਾਂ ਅਸੀਂ ਖੁਦ ਬਦਲੀਏ ਫਿਰ ਬੱਚਿਆਂ ਜਾਂ ਦੂਜੇ ਵਿਅਕਤੀ ਨੂੰ ਬਦਲਣ ਲਈ ਕਹਿ ਸਕਦੇ ਹਾਂ।

ਜਿਸ ਤਰ੍ਹਾਂ ਕਰੋੜ ਰੁਪਏ ਦੇ ਚੈੱਕ ’ਤੇ ਸਾਈਨ ਕਰਨ ਲਈ ਬਹੁਤ ਮਹਿੰਗੇ ਪੈੱਨ ਦੀ ਜਰੂਰਤ ਨਹੀਂ ਪੈਂਦੀ ਬੱਸ ਪੈੱਨ ਦਾ ਚੱਲਣਾ ਜਰੂਰੀ ਹੁੰਦਾ ਹੈ, ਉਸੇ ਤਰ੍ਹਾਂ ਬਦਲਾਓ ਲਈ ਜਿਆਦਾ ਕੁਝ ਬਦਲਣ ਦੀ ਜ਼ਰੂਰਤ ਨਹੀਂ ਪਹਿਲਾਂ ਖੁਦ ਵਿਚ ਬਦਲਾਅ ਲਿਆਉਣਾ ਜ਼ਰੂਰੀ ਹੈ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਵਿਅਕਤੀ ਰੱਬ ਨੂੰ ਉਲਾਂਭਾ ਦੇਣ ਲੱਗਾ ਕਿ ਰੱਬਾ ਤੂੰ ਮੈਨੂੰ ਪੈਰਾਂ ਵਿਚ ਪਾਉਣ ਲਈ ਬੂਟ ਜਾਂ ਚੱਪਲ ਨਹੀਂ ਦਿੱਤੇ, ਇਸ ਤਰ੍ਹਾਂ ਉਹ ਰੱਬ ਨਾਲ ਗਿਲਾ-ਸ਼ਿਕਵਾ ਕਰਦਾ ਹੋਇਆ ਪੈਦਲ ਤੁਰਿਆ ਜਾ ਰਿਹਾ ਸੀ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕਰ ਰਿਹਾ। ਜਦੋਂਕਿ ਮੇਰੇ ਦੋਸਤ-ਮਿੱਤਰ ਬਹੁਤ ਅਮੀਰ ਨੇ।

ਵਿਅਕਤੀ ਬਹੁਤ ਜ਼ਿਆਦਾ ਖੁਸ਼ ਸੀ

ਇਸ ਤਰ੍ਹਾਂ ਰੱਬ ਨਾਲ ਗੱਲਾਂ ਕਰਦਾ-ਕਰਦਾ ਅੱਗੇ ਤੁਰਿਆ ਜਾ ਰਿਹਾ ਸੀ ਅਤੇ ਰੱਬ ਨਾਲ ਲੜੀ ਜਾਵੇ। ਉਹ ਅਜੇ ਥੋੜ੍ਹੀ ਹੀ ਦੂਰ ਗਿਆ ਸੀ ਕਿ ਉਸ ਨੇ ਇੱਕ ਅਜਿਹੇ ਵਿਅਕਤੀ ਨੂੰ ਦੇਖਿਆ ਜਿਸ ਦੇ ਪੈਰ ਨਹੀਂ ਸਨ ਪਰ ਫਿਰ ਵੀ ਉਹ ਵਿਅਕਤੀ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਿਹਾ ਸੀ। ਉਸ ਦੁਖੀ ਹੋਏ ਵਿਅਕਤੀ ਨੇ ਉਸ ਨਾਲ ਗੱਲ ਕੀਤੀ ਕਿ ਤੇਰੇ ਤਾਂ ਪੈਰ ਵੀ ਨਹੀਂ ਫਿਰ ਵੀ ਤੂੰ ਬਹੁਤ ਖੁਸ਼ ਕਿਵੇਂ ਹੈਂ? ਉਹ ਵਿਅਕਤੀ ਕਹਿਣ ਲੱਗਾ, ‘‘ਜੇ ਪੈਰ ਨਹੀਂ ਤਾਂ ਕੀ ਹੋਇਆ ਮੇਰੇ ਕੋਲ ਐਨੀ ਵਧੀਆਂ ਜਿੰਦਗੀ ਹੈ ਕਿ ਮੈ ਦੇਖ ਸਕਦਾਂ, ਸੁਣ ਸਕਦਾਂ, ਸਾਹ ਲੈ ਸਕਦਾਂ, ਖਾ-ਪੀ ਸਕਦਾਂ, ਸਰੀਰਕ ਪੱਖੋਂ ਤੰਦਰੁਸਤ ਹਾਂ, ਮੈਨੂੰ ਕੋਈ ਵੀ ਬਿਮਾਰੀ ਨਹੀਂ ਹੈ, ਮੈਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ, ਮੈਂ ਫਹੁੜੀਆਂ ਨਾਲ ਤੁਰ ਵੀ ਸਕਦਾ ਹਾਂ।

ਮੈਂ ਰੱਬ ਦਾ ਐਨੀ ਸੋਹਣੀ ਜਿੰਦਗੀ ਦੇਣ ਲਈ ਦਿਲੋਂ ਧੰਨਵਾਦ ਕਰਦਾ ਹਾਂ ਕਿ ਸ਼ੁਕਰ ਹੈ ਪਰਮਾਤਮਾ ਤੇਰਾ।’’ ਇਹ ਗੱਲਾਂ ਸੁਣ ਕੇ ਉਹ ਨੰਗੇ ਪੈਰਾਂ ਵਾਲੇ ਵਿਅਕਤੀ ਦੇ ਹੋਸ਼ ਉੱਡ ਗਏ ਕਿ ਮੇਰੇ ਕੋਲ ਤਾਂ ਸਿਰਫ ਬੂਟ/ਚੱਪਲ ਹੀ ਨਹੀਂ ਬਾਕੀ ਤਾਂ ਸਭ ਕੁਝ ਠੀਕ ਹੈ, ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ ਅਤੇ ਮੈਂ ਰੱਬ ਨੂੰ ਉਲਾਂਭਾ ਕਿਉਂ ਦੇਵਾਂ? ਉਸ ਦਿਨ ਤੋਂ ਉਹ ਵਿਅਕਤੀ ਐਨਾ ਬਦਲ ਗਿਆ ਕਿ ਹਰ ਗੱਲ ਵਿੱਚ ਰੱਬ ਦਾ ਸ਼ੁਕਰ ਕਰਦਾ ਤੇ ਉਸ ਨੇ ਆਪਣੀ ਜਿੰਦਗੀ ਨੂੰ ਐਨਾ ਬਦਲ ਲਿਆ ਕਿ ਹੋਰ ਲੋਕ ਵੀ ਉਸ ਵਿਅਕਤੀ ਨੂੰ ਦੇਖ ਕੇ ਹੈਰਾਨ ਹੋ ਜਾਂਦੇ। ਪਰਮਾਤਮਾ ਨੇ ਸਾਨੂੰ ਜਿੰਦਗੀ ਦੀਆਂ ਤਮਾਮ ਚੀਜਾਂ ਬਖਸ਼ ਦਿੱਤੀਆਂ। ਸਾਨੂੰ ਜੋ ਮਿਲਿਆ ਹੈ ਉਸ ਦਾ ਸ਼ੁਕਰ ਕਰੋ ਜੋ ਨਹੀਂ ਮਿਲਿਆ ਉਸ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰੋ ਤੇ ਉਹ ਵੀ ਮਿਲ ਜਾਵੇਗਾ।

ਵਿਅਕਤੀ ਨਾਲ ਬਹੁਤ ਹੀ ਵਧੀਆ ਵਿਹਾਰ ਕਰਾਂਗਾ

ਅੱਜ ਅਸੀਂ ਕਹਿੰਦੇ ਹਾਂ ਕਿ ਦੁਨੀਆਂ ਮਾੜੀ ਹੈ ਪਰ ਦੁਨੀਆਂ ਮਾੜੀ ਨਹੀਂ ਹੁੰਦੀ, ਸਾਡਾ ਨਜ਼ਰੀਆ ਹੀ ਚੰਗਾ ਨਹੀਂ ਹੈ। ਜਿੱਥੇ ਅਸੀਂ ਦੁਨੀਆਂ ਮਾੜੀ ਕਹਿੰਦੇ ਹਾਂ ਅਸੀਂ ਵੀ ਉਸ ਦੁਨੀਆਂ ਦਾ ਇੱਕ ਹਿੱਸਾ ਹੁੰਦੇ ਹਾਂ। ਅਸੀਂ ਆਪਣੀ ਵਿਚਾਰਧਾਰਾ ਨੂੰ ਬਦਲਦੇ ਹੋਏ ਇਹ ਆਖਣ ਲੱਗੀਏ ਕਿ ਦੁਨੀਆਂ ਬਹੁਤ ਚੰਗੀ ਹੈ। ਮੈਨੂੰ ਜੋ ਵਿਅਕਤੀ ਮਿਲੇਗਾ ਉਹ ਮੇਰੇ ਨਾਲ ਬਹੁਤ ਹੀ ਵਧੀਆ ਵਿਹਾਰ ਕਰੇਗਾ ਅਤੇ ਮੈਂ ਵੀ ਉਸ ਵਿਅਕਤੀ ਨਾਲ ਬਹੁਤ ਹੀ ਵਧੀਆ ਵਿਹਾਰ ਕਰਾਂਗਾ। ਫਿਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਤਜ਼ਰਬੇ ਤੋਂ ਬਹੁਤ ਕੁਝ ਮਿਲ ਸਕਦਾ ਹੈ। ਆਪਣੇ-ਆਪ ਨੂੰ ਬਦਲਣ ਨਾਲ ਹੀ ਦੁਨੀਆਂ ਨੂੰ ਬਦਲਿਆ ਜਾ ਸਕਦਾ ਹੈ। ਕਿਸੇ ਨੂੰ ਬੇਕਾਰ ਨਾ ਸਮਝੋ ਕਿਉਂਕਿ ਬੰਦ ਪਈ ਹੋਈ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਟਾਇਮ ਦੱਸਦੀ ਹੈ।

ਸੋ ਇਸ ਤਰ੍ਹਾਂ ਸਾਨੂੰ ਆਪਣੇ-ਆਪ ਨੂੰ ਬਦਲਣ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਬੱਸ ਸਮੇਂ ਦੇ ਨਾਲ- ਨਾਲ ਆਪਣੇ ਕੰਮ ਤੇ ਆਪਣੀਆਂ ਆਦਤਾਂ ਨੂੰ ਬਦਲ ਲਈਏ ਤਾਂ ਹਰ ਪਾਸਾ ਬਦਲਿਆ ਨਜ਼ਰ ਆਵੇਗਾ। ਆਪਣੀਆਂ ਕਮੀਆਂ ਨੂੰ ਲੱਭ ਕੇ ਉਨ੍ਹਾਂ ਵਿੱਚ ਸੁਧਾਰ ਕਰੀਏ ਅਤੇ ਪਹਿਲਾਂ ਖੁਦ ਬਦਲੀਏ, ਫਿਰ ਅਸੀਂ ਕਿਸੇ ਦੂਸਰੇ ਨੂੰ ਬਦਲ ਸਕਦੇ ਹਾਂ।
ਸਿੱਖ ਲੈ ਰਹਿਣਾ ਰੱਬ ਦੇ ਰੰਗ ’ਚ,
ਨਾ ਕਰ ਤੂੰ ਚਤੁਰਾਈਆਂ
ਸਾਰੀ ਦੁਨੀਆਂ ਤੇਰੀ ਹੈ ਜੇ,
ਮਨ ਵਿੱਚ ਨੇ ਚੰਗਿਆਈਆਂ।

ਰਵਿੰਦਰ ਭਾਰਦਵਾਜ
ਖੇੜੀ ਨਗਾਈਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ