ਪੁਲਿਸ ਸੁਰੱਖਿਆ ਰਾਹੀਂ ਮੇਲੇ ਤੋਂ ਨਿਕਲਣਾ ਪਿਆ ਬਾਹਰ
ਪਟਿਆਲਾ, ਸੱਚ ਕਹੂੰ ਨਿਊਜ਼
ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੂੰ ਯੰਗ ਫਾਰਮਜ਼ ਰੱਖੜਾ ਕਿਸਾਨ ਮੇਲੇ ‘ਤੇ ਬਿਜਲੀ ਮੁਲਾਜ਼ਮਾਂ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ। ਮੁਲਾਜ਼ਮਾਂ ਵੱਲੋਂ ਚੇਅਰਮੈਨ ਦਾ ਘਿਰਾਓ ਕਰਕੇ ਨਾਅਰੇਬਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਪਾਵਰਕੌਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦਾ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ ਦੇ ਮੈਂਬਰ ਰਣਧੀਰ ਸਿੰਘ ਨਲੀਨਾ ਤੇ ਜੁਆਇੰਟ ਫੋਰਮ ਨਾਭਾ ਮੰਡਲ ਦੇ ਕੁਲਵੰਤ ਸਿੰਘ ਅੱਟਵਾਲ ਆਦਿ ਆਗੂਆਂ ਦੀ ਅਗਵਾਈ ‘ਚ ਘਿਰਾਓ ਕੀਤਾ ਗਿਆ।
ਇਸ ਮੌਕੇ ਰਣਧੀਰ ਸਿੰਘ ਨਲੀਨਾ ਨੇ ਦੱਸਿਆ ਕਿ ਜਦੋਂ ਚੇਅਰਮੈਨ ਇੰਜ਼. ਬਲਦੇਵ ਸਿੰਘ ਸਰਾਂ ਕਿਸਾਨ ਮੇਲੇ ‘ਚੋਂ ਵਾਪਸ ਆਏ ਤਾਂ ਗੁੱਸੇ ‘ਚ ਆਏ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਤੇ ਚੇਅਰਮੈਨ ਨੂੰ ਪੁਲਿਸ ਸੁਰੱਖਿਆ ਰਾਹੀਂ ਮੇਲੇ ਤੋਂ ਬਾਹਰ ਨਿਕਲਣਾ ਪਿਆ। ਨਲੀਨਾ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਪੈਂ-ਬੈਂਡ 1 ਦਸੰਬਰ 2011 ਤੋਂ ਲਾਗੂ ਕਰਨਾ, 23 ਸਾਲਾ ਬਿਨਾਂ ਸ਼ਰਤ ਲਾਗੂ ਕਰਨਾ, ਵਰਕਚਾਰਜ ਤੇ ਆਰਟੀਐੱਮ ਦੀ ਪ੍ਰਮੋਸ਼ਨ ਕਰਨਾ ਤੇ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਜੁਆਇੰਟ ਫੋਰਮ ਹੋਰ ਵੀ ਤਿੱਖਾ ਸੰਘਰਸ਼ ਕਰੇਗਾ, ਜਿਸਦੀ ਜਿੰਮੇਵਾਰੀ ਪਾਵਰ ਕਾਰਪੋਰੇਸ਼ਨ ਦੀ ਹੋਵੇਗੀ।
ਜੁਆਇੰਟ ਫੋਰਮ ਦੇ ਪ੍ਰੋਗਰਾਮ ਅਨੁਸਾਰ 21 ਸਤੰਬਰ ਨੂੰ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦੇ ਪਿੰਡ ਕਾਂਗੜ ਵਿਖੇ ਪੰਜਾਬ ਪੱਧਰ ਦਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਤੇ ਮਿਤੀ 26 ਸਤੰਬਰ ਨੂੰ ਇੱਕ ਰੋਜਾ ਹੜਤਾਲ ਕਰਕੇ ਪਾਵਰਕੌਮ ਤੇ ਟਰਾਂਸਕੋ ਦਾ ਕੰਮਕਾਜ ਠੱਪ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਪ੍ਰੀਤਮ ਸਿੰਘ, ਕ੍ਰਿਸ਼ਨ ਕੁਮਾਰ, ਨਰਿੰਦਰ ਸਿੰਘ, ਦਰਬਾਰਾ ਸਿੰਘ, ਗੁਰਜੀਤ ਸਿੰਘ, ਨਿਰਮਲ ਕੁਮਾਰ, ਗੁਰਚਰਨ ਸਿੰਘ, ਭਜਨ ਸਿੰਘ ਅਤੇ ਰਜਿੰਦਰ ਠਾਕੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਜੋ ਕਿ ਕੇਂਦਰ ਸਰਕਾਰ ਦੇ ਚੁੱਕੀ ਹੈ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।