- ਇੱਕ ਥੈਲੇ ਪਿੱਛੇ ਕੀਤਾ ਸਿੱਧਾ 700 ਰੁਪਏ ਦਾ ਵਾਧਾ, ਪਹਿਲਾਂ ਸੀ 1200 ਰੁਪਏ ਦਾ
ਸੂਬੇ ਦੇ ਕਿਸਾਨਾਂ ’ਤੇ ਪਵੇਗਾ 1100 ਕਰੋੜ ਦਾ ਵਾਧੂ ਬੋਝ, ਪਹਿਲੀ ਵਾਰ ਹੋਇਐ ਏਨਾ ਵੱਡਾ ਵਾਧਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਕੀਤੇ ਜਾ ਰਹੇ ਘੋਲ ਦੇ ਬਾਵਜਦੂ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟਾਂ ਵਿੱਚ ਭਾਰੀ ਵਾਧਾ ਕਰਕੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਡੀਏਪੀ ਖਾਦ ਦੇ ਇੱਕ ਥੈਲੇ ਪਿੱਛੇ ਸਿੱਧਾ 700 ਰੁਪਏ ਦਾ ਵਾਧਾ ਕਰ ਦਿੱਤਾ ਹੈ। ਉਂਜ ਭਾਵੇਂ ਕੁਝ ਸਮਾਂ ਪਹਿਲਾਂ ਜਦੋਂ ਡੀਏਪੀ ਖਾਦ ਦੇ ਵਾਧੇ ਨੂੰ ਲੈ ਕੇ ਖ਼ਬਰਾਂ ਨਸਰ ਹੋਈਆਂ ਸਨ ਤਾਂ ਕੇਂਦਰ ਸਰਕਾਰ ਵੱਲੋਂ ਸਬੰਧਿਤ ਵਿਭਾਗ ਨੂੰ ਤਾੜਨਾ ਕਰਦਿਆਂ ਡੀਏਪੀ ਦੇ ਭਾਅ ’ਚ ਅਜਿਹੇ ਵਾਧੇ ਕਰਨ ਨੂੰ ਵਰਜਿਆ ਸੀ। ਪਰ ਇਸਦੇ ਬਾਵਜੂਦ ਹੁਣ ਚੁੱਪ ਚਪੀਤੇ ਸਰਕਾਰ ਵੱਲੋਂ ਵਧਾਏ ਰੇਟਾਂ ਵਾਲੇ ਡੀਏਪੀ ਖਾਦ ਦੇ ਥੈਲੇ ਬਜ਼ਾਰ ’ਚ ਪੁੱਜ ਚੁੱਕੇ ਹਨ।
ਡੀਏਪੀ ਖਾਦ ਦੇ ਥੈਲੇ ਦੀ ਕੀਮਤ 1900 ਰੁਪਏ ਕਰ ਦਿੱਤੀ
ਜਾਣਕਾਰੀ ਅਨੁਸਾਰ ਪਿਛਲੇ ਸਾਲ ਡੀਏਪੀ ਖਾਦ ਦੇ ਥੈਲੇ ਦੀ ਕੀਮਤ 1200 ਰੁਪਏ ਸੀ। ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ ਦੇ ਭਾਅ ਵਿੱਚ 100-200 ਦੀ ਥਾਂ ਸਿੱਧਾ 700 ਰੁਪਏ ਦਾ ਵਾਧਾ ਕਰਦਿਆਂ ਹੁਣ ਥੈਲੇ ਦੀ ਕੀਮਤ 1900 ਰੁਪਏ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਲਗਭਗ 8 ਲੱਖ ਟਨ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨਾਂ ’ਤੇ ਸਿੱਧਾ 1100 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਪੰਜਾਬ ਅੰਦਰ ਕਿਸਾਨਾਂ ਵੱਲੋਂ ਡੀਏਪੀ ਖਾਦ ਦੀ ਵਰਤੋਂ ਕਣਕ ਦੀ ਫਸਲ ਮੌਕੇ ਜਿਆਦਾ ਹੁੰਦੀ ਹੈ, ਪਰ ਸ਼ਬਜੀਆਂ ਸਮੇਤ ਹੋਰ ਫਸਲਾਂ ਵਿੱਚ ਵੀ ਇਸ ਖਾਦ ਦੀ ਵਰਤੋਂ ਹੁੰਦੀ ਰਹਿੰਦੀ ਹੈ। ਫਰਟੀਲਾਈਜ਼ਰ ਦੀਆਂ ਦੁਕਾਨਾਂ ਉਪਰ ਵਧੇ ਭਾਅ ਵਾਲੇ ਡੀਏਪੀ ਖਾਦ ਦੇ ਥੈਲੇ ਪੁੱਜ ਚੁੱਕੇ ਹਨ, ਜਿਨ੍ਹਾਂ ਉਪਰ ਸਾਫ਼-ਸਾਫ਼ 1900 ਰੁਪਏ ਮੁੱਲ ਦਰਸਾਇਆ ਗਿਆ ਹੈ।
ਫਰਟੀਲਾਈਜ਼ਰ ਦੀ ਇੱਕ ਦੁਕਾਨ ਦੇ ਪਿਆ ਡੀਏਵੀ ਖਾਦ ਦੇ ਵਧੇ ਭਾਅ ਵਾਲਾ ਥੈਲਾ
ਇਹ ਪਹਿਲੀ ਵਾਰ ਹੈ ਜਦੋਂ ਡੀਏਪੀ ਖਾਦ ਦੇ ਇੱਕ ਥੈਲੇ ਪਿੱਛੇ ਸਿੱਧਾ 700 ਰੁਪਏ ਦਾ ਵਾਧਾ ਕੀਤਾ ਹੋਵੇ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਿੱਚ ਨਿਗੂਣਾ ਵਾਧਾ ਕੀਤਾ ਜਾਂਦਾ ਹੈ, ਜਦਕਿ ਖਾਦਾਂ ਅਤੇ ਡੀਜ਼ਲ ਦੇ ਭਾਅ ਵਿੱਚ ਰੋਜਾਨਾਂ ਹੀ ਵਾਧਾ ਹੋ ਰਿਹਾ ਹੈ। ਲਾਕਡਾਊਨ ਅਤੇ ਕੋਰੋਨਾ ਦੇ ਚੱਲਦਿਆਂ ਸਰਾਕਰ ਵੱਲੋਂ ਕਣਕ ਦੇ ਭਾਅ ਵਿੱਚ ਸਿਰਫ਼ 50 ਰੁਪਏ ਵਾਧਾ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਜਦੋਂ ਡੀਏਪੀ ਖਾਦ ਦੇ ਵਾਧੇ ਦੀ ਗੱਲ ਸਾਹਮਣੇ ਆਈ ਸੀ ਤਾਂ 8 ਅਪਰੈਲ ਨੂੰ ਰਸਾਇਣ ਤੇ ਫਰਟੀਲਾਈਜਰ ਬਾਰੇ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਬਿਆਨ ਦਿੱਤਾ ਸੀ ਕਿ ਸਰਕਾਰ ਨੇ ਇੱਕ ਉੱਚ ਪੱਧਰੀ ਮੀਟਿੰਗ ਸੱਦ ਕੇ ਫਰਟੀਲਾਈਜਰ ਕੰਪਨੀਆਂ ਨੂੰ ਡੀਏਪੀ ਦੇ ਭਾਅ ਨਾ ਵਧਾਉਣ ਦੀ ਹਦਾਇਤ ਕੀਤੀ ਹੈ ਅਤੇ ਕੰਪਨੀਆਂ ਨੇ ਇਸ ’ਤੇ ਸਹਿਮਤੀ ਵੀ ਦਿੱਤੀ ਹੈ। ਪਰ ਹੁਣ ਡੀਏਪੀ ਖਾਦ ਦੇ ਵਧੇ ਭਾਅ ਵਾਲੇ ਥੈਲੇ ਦੁਕਾਨਾਂ ’ਤੇ ਪੁੱਜ ਚੁੱਕੇ ਹਨ। ਇਸ ਤੋਂ ਸਾਬਤ ਹੋ ਰਿਹਾ ਹੈ ਕਿ ਸਰਕਾਰ ਵੱਲੋਂ ਉਸ ਸਮੇਂ ਸਿਰਫ਼ ਲਿੱਪਾਪੋਚੀ ਵਾਲਾ ਬਿਆਨ ਦਿੱਤਾ ਗਿਆ ਸੀ।
ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ : ਕਿਸਾਨ ਆਗੂ
ਇੱਧਰ ਕਿਸਾਨ ਜਥੇਦੀਆਂ ਵੱਲੋਂ ਡੀਏਪੀ ਖਾਦ ਦੇ ਭਾਰੀ ਵਾਧੇ ਨੂੰ ਕਾਰਪੋਰੇਟ ਘਰਾਣਿਆਂ ਦੀ ਹੀ ਲੁੱਟ ਗਰਦਾਨਿਆਂ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਜਗਮੋਹਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦਾ ਕਹਿਣਾ ਸੀ ਕਿ ਮੋਦੀ ਸਰਕਾਰ ’ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਹੀਨਾ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਡੀਏਪੀ ਖਾਦ ਵਿੱਚ ਵਾਧਾ ਨਹੀਂ ਹੋਵੇਗਾ ਜਦਕਿ ਹੁਣ ਵਧੇ ਭਾਅ ਵਾਲੇ ਥੈਲੇ ਪੁੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਾਣ ਵਾਲੇ ਦੰਦ ਹੋਰ ਹਨ ਅਤੇ ਦਿਖਾਉਣ ਵਾਲੇ ਹੋਰ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਡੀਏਪੀ ਖਾਦ ਦੇ ਭਾਅ ਖਿਲਾਫ਼ ਆਪਣਾ ਸੰਘਰਸ਼ ਲੜਨਗੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕੀ ਬਣ ਕੇ ਰਹਿ ਗਈ ਹੈ ਅਤੇ ਆਮ ਲੋਕਾਂ ਦੀ ਇਸ ਨੂੰ ਕੋਈ ਪ੍ਰਵਾਹ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।