ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨ ਖ਼ਵਾਹ ਦੀ ਰਾਜਧਾਨੀ ਪੇਸ਼ਾਵਰ ਦੀ ਤਹਿਸੀਲ ਗੋਰਖਤਰੀ ਵਿਚਲਾ ਪ੍ਰਾਚੀਨ ਗੋਰਖਤਰੀ ਮੰਦਰ, ਜਿਸ ਨੂੰ ਕਈਆਂ ਨੇ ‘ਗੋਰਖਟੜੀ’ ਤੇ ਕਈਆਂ ਨੇ ‘ਡੇਰਾ ਘੋਰ ਖੱਤਰੀ’ ਵੀ ਲਿਖਿਆ ਹੈ, ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਤੀਰਥ ਰਿਹਾ ਹੈ ਜਿੱਥੇ ਜ਼ਿਆਦਾਤਰ ਹਿੰਦੂ ਸ਼ਰਧਾਲੂ ਮੁੰਨਣ ਸੰਸਕਾਰ ਕਰਵਾਉਣ ਤੇ ਆਪਣੇ ਬਜ਼ੁਰਗਾਂ ਲਈ ਪ੍ਰਾਰਥਨਾ ਕਰਨ ਆਉਂਦੇ ਸਨ ਮੌਜੂਦਾ ਸਮੇਂ ਪੁਰਾਣੀ ਮੁਗ਼ਲਸ਼ਾਹੀ ਸੜਕ ਤੋਂ ਥੋੜ੍ਹਾ ਜਿਹਾ ਹੇਠਾਂ ਉੱਤਰਨ ‘ਤੇ ਮੁਗਲ ਕਾਲ ਦੀ ਕਾਰਵਾਂ ਸਰਾਂ ਦਾ ਮੁੱਖ ਦਰਵਾਜ਼ਾ ਵਿਖਾਈ ਦੇ ਜਾਂਦਾ ਹੈ ਅਤੇ ਉਸ ਦੇ ਅੱਧ ਵਿਚਕਾਰ ਇਹ ਪ੍ਰਾਚੀਨ ਸਾਈਟ ਮੌਜੂਦ ਹੈ
ਇਸ ਜਗ੍ਹਾ ‘ਤੇ ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੁਆਰਾ ਵੀ ਹਾਜ਼ਰੀ ਭਰਨ ਦੀ ਜਾਣਕਾਰੀ ਮਿਲਦੀ ਹੈ ਮੁਗ਼ਲ ਬਾਦਸ਼ਾਹ ਬਾਬਰ ਆਪਣੀ ਕਿਤਾਬ ‘ਬਾਬਰਨਾਮਾ’ ‘ਚ ਇਸ ਅਸਥਾਨ ਦਾ ਜ਼ਿਕਰ ਇਸ ਪ੍ਰਕਾਰ ਕਰਦਾ ਹੈ, ‘ਮੈਂ ਸ਼ੁੱਕਰਵਾਰ 17 ਨਵੰਬਰ 1525 ਨੂੰ ਪੇਸ਼ਾਵਰ ਵਿੱਚ ਉਸ ਥਾਂ ‘ਤੇ ਗਿਆ, ਜਿਸ ਨੂੰ ਲੋਕ ਗੋਰਖਤਰੀ ਕਹਿੰਦੇ ਹਨ ਇੱਥੇ ਜਿਹੜੀਆਂ ਤੰਗ ਤੇ ਹਨ੍ਹੇਰੀਆਂ ਗੁਫ਼ਾਵਾਂ ਮੈਂ ਵੇਖੀਆਂ, ਉਹ ਪਹਿਲਾਂ ਕਦੇ ਵੀ ਨਹੀਂ ਵੇਖੀਆਂ ਸਨ
ਮੁੱਖ ਦਰਵਾਜ਼ੇ ਦੇ ਅੰਦਰ ਵੜਨ ਤੋਂ ਬਾਦ ਦੋ-ਤਿੰਨ ਪੌੜੀਆਂ ਹੇਠਾਂ ਉੱਤਰਨ ‘ਤੇ ਰੇਂਗ ਕੇ ਰਸਤਾ ਪਾਰ ਕਰਨਾ ਪੈਂਦਾ ਹੈ ਤੁਸੀਂ ਰੋਸ਼ਨੀ ਦੇ ਬਗੈਰ ਅੰਦਰ ਨਹੀਂ ਜਾ ਸਕਦੇ ਜਦੋਂ ਮੈਂ ਇਸ ਦੇ ਤਹਿਖ਼ਾਨੇ ‘ਚ ਉੱਤਰਿਆ ਤਾਂ ਉੱਥੇ ਵਾਲਾਂ ਦੇ ਢੇਰ ਲੱਗੇ ਹੋਏ ਸਨ ਇੱਥੇ ਮੰਨਤ ਪੂਰੀ ਕਰਨ ਲਈ ਹਿੰਦੂ ਸ਼ਰਧਾਲੂ ਦਾੜ੍ਹੀ ਤੇ ਸਿਰ ਦੇ ਵਾਲ ਕਟਵਾਉਂਦੇ ਹਨ ਉਥੇ ਕੁੱਝ ਕੋਠੜੀਆਂ ਸਾਧੂ ਸੰਤਾਂ ਦੇ ਏਕਾਂਤ ‘ਚ ਧਿਆਨ ਲਾਉਣ ਲਈ ਬਣੀਆਂ ਹੋਈਆਂ ਹਨ
ਮੰਨਿਆ ਜਾਂਦਾ ਹੈ ਕਿ ਨਾਥ ਜੋਗੀ ਗੁਰੂ ਗੋਰਖਨਾਥ ਨੇ ਵੀ ਇੱਥੇ ਲੰਮਾ ਸਮਾਂ ਗੁਜ਼ਾਰਿਆ ਇਸ ਜਗ੍ਹਾ ਦਾ ਜ਼ਿਕਰ ਮਸ਼ਹੂਰ ਚੀਨੀ ਬੋਧ ਯਾਤਰੀ ਫਾਹਯਾਨ ਨੇ ਵੀ ਕੀਤਾ ਹੈ ਪੇਸ਼ਾਵਰ ਪਾਸਟ ਐਂਡ ਪਰੈਜ਼ੰਟ ਵਿੱਚ ਇਤਿਹਾਸਕਾਰ ਐਫ਼.ਐਮ. ਜ਼ਫ਼ਰ ਲਿਖਦੇ ਹਨ ਕਿ ਇਸ ਸਥਾਨ ‘ਤੇ ਇੱਕ ਵਾਰ ਮਹਾਤਮਾ ਬੁੱਧ ਦਾ ਕਰਮੰਡਲ (ਭੀਖ ਮੰਗਣ ਵਾਲਾ ਕਟੋਰਾ) ਪ੍ਰਦਰਸ਼ਨੀ ਲਈ ਰੱਖਿਆ ਗਿਆ ਸੀ
ਪੁਰਾਤੱਤਵਾਦੀ ਸਰ ਅਲੈਗਜੈਂਡਰ ਕਨਿੰਘਮ ਨੇ ਇਸ ਸਥਾਨ ਦਾ ਸਰਵੇਖਣ ਕਰਕੇ ਇੱਥੇ ਸਮਰਾਟ ਕਨਿਸ਼ਕ ਦੁਆਰਾ ਉਸਾਰੇ ਬੋਧੀ ਸਤੂਪ ਹੋਣ ਦੀ ਪੁਸ਼ਟੀ ਕੀਤੀ ਹੈਇਹੋ ਪੁਸ਼ਟੀ ਯਾਤਰੂ ਹਿਊਨਸਾਂਗ ਨੇ ਵੀ ਕੀਤੀ ਸੀ
ਗੋਰਖਤਰੀ ਇਲਾਕੇ ਹਿੰਦੂਆਂ, ਬੋਧੀਆਂ, ਮੁਗਲਾਂ, ਸਿੱਖਾਂ ਤੇ ਅੰਗਰੇਜ਼ਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ 17ਵੀਂ ਸਦੀ ‘ਚ ਜਦੋਂ ਮੁਗਲਾਂ ਨੇ ਪੇਸ਼ਾਵਰ ਫ਼ਤਹਿ ਕੀਤਾ ਤਾਂ ਗੋਰਖਤਰੀ ‘ਚ ਸ਼ਾਹਜਹਾਂ ਦੀ ਪੁੱਤਰੀ ਜਹਾਂਆਰਾ ਨੇ ਇੱਕ ਖੂਬਸੂਰਤ ਸਰਾਂ, ਜਾਮਾ ਮਸਜਿਦ ਤੇ ਦੋ ਖੂਹ ਯਾਤਰੂਆਂ ਲਈ ਲਗਵਾਏ ਸਰਾਂ ਦਾ ਨਾਂਅ ਉਸ ਨੇ ‘ਸਰਾਂ-ਏ-ਜਹਾਨਾਬਾਦ’ ਰੱਖਿਆ
ਇਸ ਸਰਾਂ ਦੇ ਦੋ ਦਰਵਾਜ਼ੇ ਹਨ ਤੇ ਇਸ ਦੇ ਅੱਧ ਵਿਚਕਾਰ ਮੰਦਰ ਗੋਰਖਨਾਥ ਹੈ ਇਸ ਮੰਦਰ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਦੁਆਰਾ ਨਿਯੁਕਤ ਕੀਤੇ ਪੇਸ਼ਾਵਰ ਦੇ ਗਵਰਨਰ ਇਟਾਲੀਅਨ ਫੌਜੀ ਜਰਨੈਲ ਅਵਿਤਾਵੇਲ ਨੇ ਕਰਵਾਇਆ ਤੇ ਸਰਾਂ ਦੇ ਪੱਛਮੀ ਦਰਵਾਜ਼ੇ ਕੋਲ ਹੀ ਆਪਣੀ ਰਿਹਾਇਸ਼ ਤੇ ਦਫ਼ਤਰ ਲਈ ਕੋਠੀਨੁਮਾ ਮਹਿਲ ਦਾ ਨਿਰਮਾਣ ਕਰਵਾਇਆ, ਜੋ ਅੱਜ ਵੀ ਚੰਗੀ ਹਾਲਤ ‘ਚ ਮੌਜੂਦ ਹੈ
ਦੇਸ਼ ਦੀ ਵੰਡ ਦੇ 10-15 ਵਰ੍ਹੇ ਬਾਦ ਗੋਰਖਤਰੀ ਦੇ ਉਪਰੋਕਤ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਤੇ ਵਕਫ਼ ਬੋਰਡ ਵੱਲੋਂ ਮੰਦਰ ਦੀ ਜਗ੍ਹਾ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਮਾਮਲਾ ਹਾਈਕੋਰਟ ਤੇ ਸਿਵਲ ਕੋਰਟ ‘ਚ ਪਹੁੰਚਣ ਪਿੱਛੋਂ ਪੇਸ਼ਾਵਰ ਹਾਈਕੋਰਟ ਨੇ ਸਤੰਬਰ 2011 ‘ਚ ਪੇਸ਼ਾਵਰ ਦੇ ਹਿੰਦੂਆਂ ਨੂੰ ਇਸ ਮੰਦਰ ਵਿੱਚ ਪੂਜਾ-ਪਾਠ ਕਰਨ ਦੀ ਮਨਜ਼ੂਰੀ ਦੇ ਦਿੱਤੀ, ਪਰ ਮੰਦਰ ਨੂੰ ਖੋਲ੍ਹਣ ਤੇ ਬੰਦ ਕਰਨ ਦਾ ਅਧਿਕਾਰ ਪੁਰਾਤੱਤਵ ਵਿਭਾਗ ਪਾਕਿਸਤਾਨ ਨੇ ਆਪਣੇ ਪਾਸ ਹੀ ਰੱਖਿਆ ਜਿਸ ਕਾਰਨ ਉਥੋਂ ਦੇ ਸਥਾਨਕ ਹਿੰਦੂਆਂ ‘ਚ ਸਰਕਾਰ ਦੇ ਇਸ ਫੈਸਲੇ ਪ੍ਰਤੀ ਬੇਹੱਦ ਨਰਾਜ਼ਗੀ ਹੈ
ਗੋਰਖਤਰੀ ਦੇ ਪਾਸ ਹੀ ਬੋਧ ਕਾਲ ਦੀ ਸਾਈਟ ਹੈ ਤੇ ਇਹ ਮੰਦਰ ਮੌਜੂਦਾ ਸਮੇਂ ਗੋਰਖਤਰੀ ਆਰਕੋਲੋਜੀ ਕੰਪਲੈਕਸ ਦੇ ਵਿਚਕਾਰ ਸਥਿੱਤ ਹੈ ਪਾਕਿਸਤਾਨ ਆਰਕੋਲੋਜੀ ਵਿਭਾਗ ਵੱਲੋਂ ਇਸ ਸਥਾਨ ਦੀ ਖੁਦਾਈ ਪਿਛਲੇ ਕਈ ਵਰ੍ਹਿਆਂ ਤੋਂ ਜਾਰੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮੰਦਰ ਦਾ ਕਬਜ਼ਾ ਪੂਰੀ ਤਰ੍ਹਾਂ ਹਿੰਦੂਆਂ ਨੂੰ ਨਹੀਂ ਦੇ ਸਕਦੇ ਉਨ੍ਹਾਂ ਨੂੰ ਇੱਥੋਂ ਕਰੀਬ ਦੋ ਹਜ਼ਾਰ ਪੁਰਾਤਨ ਬਰਤਨ, ਮੂਰਤੀਆਂ ਤੇ ਅੰਗਰੇਜ਼ੀ ਰਾਜ, ਸਿੱਖ, ਮੁਗਲ ਰਾਜ ਦੇ ਇਲਾਵਾ ਮੁਹੰਮਦ ਗ਼ਜ਼ਨਵੀ, ਹਿੰਦੂਸ਼ਾਹੀ, ਕੁਸ਼ਾਨ ਅਤੇ ਇੰਡੋਗ੍ਰੀਕ ਕਾਲ ਨਾਲ ਸੰਬੰਧਤ ਹਜ਼ਾਰਾਂ ਵਸਤੂਆਂ ਮਿਲ ਚੁੱਕੀਆਂ ਹਨ
ਸੁਰਿੰਦਰ ਕੋਛੜ, ਅੰਮ੍ਰਿਤਸਰ ਮੋ:93561-27771
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।