4 ਵਾਰ ਗਿਣਤੀ ‘ਚ ਹਰ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਅਕਾਲੀ ਉਮੀਦਵਾਰ ਨੂੰ ਸਵੇਰੇ ਮਿਲੀ ਹਾਰ
ਸੁਨੀਲ ਚਾਵਲਾ, ਸਮਾਣਾ
ਸਰਪੰਚੀ ਦੀ ਚੋਣ ‘ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਾਰੀ ਰਾਤ ਜਸ਼ਨ ਮਨਾਉਣ ਵਾਲੇ ਉਮੀਦਵਾਰ ਨੂੰ ਸਵੇਰ ਹੁੰਦੇ ਤੱਕ ਹਾਰਿਆ ਹੋਇਆ ਐਲਾਨ ਕਰ ਦਿੱਤਾ ਗਿਆ। ਜਿੱਤ ਦਾ ਸਰਟੀਫਿਕੇਟ ਮਿਲਣ ਦੀ ਬਜਾਇ ਹਾਰ ਦੇ ਕਾਗ਼ਜ਼ਾਤ ਹੱਥ ‘ਚ ਆਉਣ ਤੋਂ ਬਾਅਦ ਨਾ ਸਿਰਫ਼ ਉਮੀਦਵਾਰ, ਸਗੋਂ ਉਨ੍ਹਾਂ ਦੇ ਸਾਥੀਆਂ ਨੇ ਸਮਾਣਾ ਦੇ ਐੱਸਡੀਐੱਮ ਦਫ਼ਤਰ ਦੇ ਬਾਹਰ ਜੰਮ ਕੇ ਹੰਗਾਮਾ ਕਰਦੇ ਹੋਏ ਮੌਕੇ ‘ਤੇ ਹੀ ਧਰਨਾ ਲਾ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਲੈ ਕੇ ਸੋਮਵਾਰ ਨੂੰ ਦੇਰ ਸ਼ਾਮ ਤੱਕ ਸਮਾਣਾ-ਪਟਿਆਲਾ ਮੁੱਖ ਸੜਕ ‘ਤੇ ਧਰਨਾ ਜਾਰੀ ਸੀ ਤਾਂ ਸਮਾਣਾ ਦੇ ਐੱਸਡੀਐੱਮ ਅਰਵਿੰਦ ਗੁਪਤਾ ਇਸ ਸਬੰਧੀ ਏਡੀਸੀ ਪਟਿਆਲਾ ਨਾਲ ਗੱਲਬਾਤ ਕਹਿ ਕੇ ਪਿੰਡ ਵਾਲਿਆਂ ਤੋਂ ਆਪਣਾ ਪਿੱਛਾ ਛੁਡਵਾ ਲਿਆ।
ਜਾਣਕਾਰੀ ਅਨੁਸਾਰ ਬੀਤੇ ਐਤਵਾਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਗੋਬਿੰਦਨਗਰ ਕੁਲਾਰਾਂ ਦੇ ਸਰਪੰਚ ਉਮੀਦਵਾਰ ਵਜੋਂ ਦਰਸ਼ਨ ਸਿੰਘ ਨੇ ਚੋਣ ਲੜੀ ਸੀ, ਜਿਸ ਨੂੰ ਕਿ ਐਤਵਾਰ ਨੂੰ 4 ਵਾਰ ਗਿਣਤੀ ਕਰਨ ਤੋਂ ਬਾਅਦ ਹਰ ਵਾਰ ਜੇਤੂ ਕਰਾਰ ਦਿੱਤਾ ਗਿਆ। ਦਰਸ਼ਨ ਸਿੰਘ ਪਹਿਲਾਂ 70 ਵੋਟਾਂ, ਫਿਰ 46 ਵੋਟਾਂ, ਤੀਜਾ ਵਾਰ 24 ਵੋਟਾਂ ਤੇ ਆਖ਼ਰੀ ਵਾਰ ਦਰਸ਼ਨ ਸਿੰਘ ਕੁਲ 16 ਵੋਟਾਂ ‘ਤੇ ਜੇਤੂ ਕਰਾਰ ਦੇ ਦਿੱਤਾ ਗਿਆ ਸੀ। ਰਾਤ ਨੂੰ ਦਰਸ਼ਨ ਸਿੰਘ ਨੂੰ ਇਹ ਕਹਿ ਕੇ ਘਰ ਭੇਜ ਦਿੱਤਾ ਗਿਆ ਕਿ ਵਿਰੋਧੀ ਉਮੀਦਵਾਰ ਹਰਦੀਪ ਸਿੰਘ ਨੇ ਦਸਤਖ਼ਤ ਨਹੀਂ ਕੀਤੇ ਹਨ ਤੇ ਸਵੇਰੇ ਉਸ ਨੂੰ ਐੱਸਡੀਐੱਮ ਦਫ਼ਤਰ ਤੋਂ ਜੇਤੂ ਸਰਟੀਫਿਕੇਟ ਦੇ ਦਿੱਤਾ ਜਾਏਗਾ, ਜਿਸ ਤੋਂ ਬਾਅਦ ਦਰਸ਼ਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਾਥੀਆਂ ਨਾਲ ਸਾਰੀ ਰਾਤ ਜਸ਼ਨ ਮਨਾਉਂਦੇ ਰਹੇ।
ਜਿਸ ਤੋਂ ਬਾਅਦ ਸੋਮਵਾਰ ਸਵੇਰੇ ਉਹ ਐੱਸਡੀਐੱਮ ਦਫ਼ਤਰ ਵਿੱਚ ਜੇਤੂ ਸਰਟੀਫਿਕੇਟ ਲੈਣ ਲਈ ਪੁੱਜੇ ਤਾਂ ਐੱਸਡੀਐੱਮ ਅਰਵਿੰਦ ਗੁਪਤਾ ਨੇ ਉਨ੍ਹਾਂ ਨੂੰ 12 ਵੋਟਾਂ ਹਾਰਿਆਂ ਹੋਇਆ ਐਲਾਨ ਕਰਦੇ ਹੋਏ ਰਾਤ ਨੂੰ 4 ਵਾਰ ਹਾਰੇ ਉਮੀਦਵਾਰ ਹਰਦੀਪ ਸਿੰਘ ਨੂੰ 12 ਵੋਟਾਂ ‘ਤੇ ਜੇਤੂ ਕਰਾਰ ਦੇ ਦਿੱਤਾ। ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਸ਼ੁਤਰਾਣਾ ਹਲਕੇ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਦੇ ਸਮਰਥਕ ਹਰਦੀਪ ਸਿੰਘ ਦੀ ਹਾਰ ਹੋਣ ਤੋਂ ਬਾਅਦ ਇਹ ਘਪਲੇਬਾਜ਼ੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਾਰਿਆਂ ਹੋਇਆ ਐਲਾਨ ਕੀਤਾ ਗਿਆ ਹੈ, ਜਦੋਂ ਕਿ ਉਹ ਪਹਿਲੀ ਵਾਰ 70 ਵੋਟਾਂ ਤੇ ਚੌਥੀ ਵਾਰ ਚੈਕਿੰਗ ਦੌਰਾਨ ਕਈ ਵੋਟਾਂ ਕੱਟਦੇ ਹੋਏ 16 ਵੋਟਾਂ ‘ਤੇ ਜੇਤੂ ਐਲਾਨ ਕੀਤੇ ਗਏ ਸਨ ਪਰ ਸਵੇਰੇ ਉਨ੍ਹਾਂ ਨੂੰ ਹਾਰ ਹੋਣ ਬਾਰੇ ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਚੁੱਪ ਰਹਿ ਕੇ ਬੈਠਣ ਵਾਲੇ ਨਹੀਂ ਹਨ। ਇਸ ਸਬੰਧੀ ਸਮਾਣਾ ਦੇ ਐੱਸਡੀਐੱਮ ਕੰਮ ਰਿਟਰਨਿੰਗ ਅਧਿਕਾਰੀ ਅਰਵਿੰਦ ਗੁਪਤਾ ਨੇ ਕਿਹਾ ਕਿ ਜਿਹੜਾ ਰਿਕਾਰਡ ਉਨ੍ਹਾਂ ਨੂੰ ਪੋਲਿੰਗ ਅਧਿਕਾਰੀਆਂ ਵੱਲੋਂ ਭੇਜਿਆ ਗਿਆ ਸੀ, ਉਸ ਰਿਕਾਰਡ ਅਨੁਸਾਰ ਹਰਦੀਪ ਸਿੰਘ ਨੂੰ ਜਿੱਤ ਤੇ ਦਰਸ਼ਨ ਸਿੰਘ ਨੂੰ ਹਾਰ ਮਿਲੀ ਹੈ। ਇਸ ਸਬੰਧੀ ਉਹ ਜਿਆਦਾ ਕੁਝ ਨਹੀਂ ਕਰ ਸਕਦੇ ਹਨ। ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਏਡੀਸੀ ਪਟਿਆਲਾ ਕੋਲ ਪਹੁੰਚ ਕਰਦੇ ਹੋਏ ਅਪੀਲ ਤੇ ਸ਼ਿਕਾਇਤ ਕਰ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।