ਧਰਮ ਦੇ ਨਾਂਅ ’ਤੇ ਨਫ਼ਰਤ ਫੈਲਾਉਣ ਵਾਲੇ ਕਿਰਤੀ ਜਮਾਤ ਦੇ ਦੁਸ਼ਮਣ : ਮੁਲਾਜ਼ਮ ਆਗੂ
- ਮਜ਼ਦੂਰ ਦਿਵਸ ਤੇ ਮਿਹਨਤਕਸ਼ ਲੋਕਾਂ ਨੂੰ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਦਿੱਤਾ ਸੱਦਾ
ਫਰੀਦਕੋਟ (ਸੁਭਾਸ਼ ਸ਼ਰਮਾ/ਗੁਰਪ੍ਰੀਤ ਪੱਕਾ)। ਟਰੇਡ ਯੂਨੀਅਨ ਕੌਂਸਲ (ਏਟਕ) ਫਰੀਦਕੋਟ ਦੇ ਸੱਦੇ ਤੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਬੱਸ ਸਟੈਂਡ ਤੇ ਕੌਮਾਂਤਰੀ ਮਜ਼ਦੂਰ ਦਿਹਾੜਾ (International Labor Day) ਮਨਾਇਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸਮਾਗਮ ਨੂੰ ਸੀਨੀਅਰ ਅਧਿਆਪਕ ਆਗੂ ਬਲਦੇਵ ਸਿੰਘ ਸਹਿਦੇਵ, ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਕਿਸਾਨ ਆਗੂ ਹਰਪਾਲ ਮਚਾਕੀ ਅਤੇ ਦਰਸ਼ਨ ਸਿੰਘ ਸਰਾਵਾਂ, ਬੈਂਕ ਮੁਲਾਜ਼ਮ ਆਗੂ ਸ਼ਵਿੰਦਰ ਸਿੰਘ ਸੰਧੂ, ਬਿਜਲੀ ਨਿਗਮ ਦੇ ਹਰਵਿੰਦਰ ਸ਼ਰਮਾ, ਨਰੇਗਾ ਮਜ਼ਦੂਰ ਆਗੂ ਵੀਰ ਸਿੰਘ ਕੰਮੇਆਣਾ, ਮਿਊਂਸਿਪਲ ਮੁਲਾਜ਼ਮ ਆਗੂ ਕੁਲਦੀਪ ਸ਼ਰਮਾ ਤੇ ਰਮੇਸ਼ ਨੀਨੂ, ਪੈਰਾ ਮੈਡੀਕਲ ਦੇ ਬਲਵਿੰਦਰ ਬਰਾੜ ਅਤੇ ਪ੍ਰਦੀਪ ਸਿੰਘ ਬਰਾੜ , ਨਰੇਗਾ ਮਜ਼ਦੂਰਾਂ ਦੇ ਆਗੂ ਗੋਰਾ ਸਿੰਘ ਤਿਤਲੀ , ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਭਾਣਾ , ਪੀ.ਆਰ.ਟੀ.ਸੀ ਦੇ ਸੁਖਦੇਵ ਸਿੰਘ ਮੱਲੀ ਨੇ ਸੰਬੋਧਨ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਕੱਚੇ ਅਤੇ ਠੇਕਾ ਮੁਲਾਜ਼ਮ ਪੱਕੇ ਕੀਤੇ ਜਾਣ, ਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਕੀਤੀ ਲੱਕ ਤੋੜ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ।
ਇੱਕ ਮਤੇ ਰਾਹੀਂ ਪਟਿਆਲਾ ਸਮੇਤ ਦੇਸ਼ ਦੇ ਅਨੇਕ ਥਾਵਾਂ ਤੇ ਧਾਰਮਿਕ ਨਫ਼ਰਤ ਫੈਲਾਉਣ ਦੀਆਂ ਘਟਨਾਵਾਂ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ ਇਸ ਨੂੰ ਕਿਰਤੀ ਵਰਗ ਦੇ ਸੰਘਰਸ਼ਾਂ ਨੂੰ ਲੀਹ ਤੋਂ ਲਾਹੁਣ ਦੀ ਕੋਝੀ ਸਾਜਿਸ਼ ਦੱਸਿਆ ਗਿਆ ਅਤੇ ਭਾਈਚਾਰਕ ਸਾਂਝ ਦੀ ਸੁਚੇਤ ਰਹਿ ਕੇ ਰਾਖੀ ਕਰਨ ਦਾ ਸੱਦਾ ਦਿੱਤਾ ਗਿਆ। ਸਮਾਗਮ ਨੂੰ ਹਲਕਾ ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ ਨੇ ਵੀ ਸੰਬੋਧਨ ਕਰਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਿਹਨਤਕਸ਼ ਅਵਾਮ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪੰਜਾਬ ਪੈਨਸ਼ਨਰਜ ਯੂਨੀਅਨ ਵੱਲੋਂ ਹਲਕਾ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ। ਸਮਾਗਮ ਦੌਰਾਨ ਵਿਛੜੇ ਸਾਥੀ ਗੋਪਾਲ ਸਿੰਘ ਸੰਧੂ- ਸਾਬਕਾ ਪ੍ਰਧਾਨ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲਾ ਫਰੀਦਕੋਟ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ , ਸੁਖਚੈਨ ਸਿੰਘ ਥਾਂਦੇਵਾਲਾ, ਸੋਮ ਨਾਥ ਅਰੋੜਾ , ਤਰਸੇਮ ਨਰੂਲਾ ਅਤੇ ਸੁਸ਼ੀਲ ਕੁਮਾਰ, ਪੀ.ਆਰ.ਟੀ.ਸੀ . ਦੇ ਪ੍ਰਧਾਨ ਹਰਮੀਤ ਸਿੰਘ ਅਤੇ ਚਮਕੌਰ ਸਿੰਘ, ਕਿਸਾਨ ਆਗੂ ਹਰਜਿੰਦਰ ਸਿੰਘ ਤੂੰਬੜਭੰਨ ਅਤੇ ਰੇਸ਼ਮ ਸਿੰਘ ਵਾਂਦਰ ਜਟਾਣਾ , ਰਮੇਸ਼ ਢੈਪਈ ਤੇ ਗੇਜ ਰਾਮ ਭੋਰਾ ਵੀ ਸ਼ਾਮਲ ਸਨ । ਇਸ ਤੋਂ ਪਹਿਲਾਂ ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ , ਨਹਿਰੀ ਕਲੋਨੀ , ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਪੀ ਆਰ ਟੀ ਸੀ ਦੇ ਗੇਟ ਸਾਹਮਣੇ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ