ਜਾਤੀ ਮਰਦਮਸ਼ੁਮਾਰੀ ਬਨਾਮ ਰਾਜਨੀਤੀ

Politics

ਬਿਹਾਰ ਸਰਕਾਰ ਨੇ ਜਾਤੀ ਮਰਦਮਸ਼ੁਮਾਰੀ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਹ ਰਿਪੋਰਟ ਨਾ ਸਿਰਫ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ ਸਗੋਂ ਸਮਾਜਿਕ, ਧਾਰਮਿਕ ਮੰਚਾਂ ’ਤੇ ਵੀ ਇਸ ਦਾ ਜ਼ਿਕਰ ਹੋਣ ਦੇ ਆਸਾਰ ਹਨ। ਭਾਵੇਂ ਸਿੱਧੇ ਤੌਰ ’ਤੇ ਇਹ ਮਰਦਮਸ਼ੁਮਾਰੀ ਰਿਪੋਰਟ ਜਾਤੀਆਂ ਦੇ ਆਰਥਿਕ ਵਿਕਾਸ ਬਾਰੇ ਚੁੱਪ ਹੈ ਪਰ ਦੇਰ-ਸਵੇਰ ਆਰਥਿਕ ਵਿਕਾਸ, ਨੌਕਰੀਆਂ ’ਚ ਕਿਸ ਜਾਤੀ ਨੂੰ ਕਿੰਨੇ ਫੀਸਦੀ ਹਿੱਸਾ ਮਿਲਿਆ ਹੈ ਇਹ ਚੀਜਾਂ ਵੀ ਚਰਚਾ ’ਚ ਆਉਣਗੀਆਂ ਕਿਉਂਕਿ ਨੌਕਰੀਆਂ ’ਚ ਜਾਤ ਆਧਾਰਿਤ ਰਾਖਵਾਂਕਰਨ ਹੋਣ ਕਰਕੇ ਇਸ ਸੂਚਨਾ ਤੱਕ ਬੜੀ ਆਸਾਨੀ ਨਾਲ ਪੁੱਜਿਆ ਜਾ ਸਕਦਾ ਹੈ ਕਿ ਕਿਹੜੀ ਬਰਾਦਰੀ ਨੌਕਰੀਆਂ ’ਚ ਪਿੱਛੇ ਹੈ। (Politics)

ਇਹ ਵੀ ਪੜ੍ਹੋ : ਹਾਦਸਾਗ੍ਰਸਤ ਹੋਇਆ ਜਹਾਜ਼, ਚਾਰ ਦੀ ਮੌਤ

ਜੇਕਰ ਬਿਹਾਰ ’ਚ ਓਬੀਸੀ ਸਭ ਤੋਂ ਵੱਧ ਹਨ ਅਤੇ ਨੌਕਰੀਆਂ ’ਚ ਘੱਟ ਮਿਲਦੇ ਹਨ ਤਾਂ ਇਹ ਚੀਜ਼ਾਂ ਸਮਾਜ ’ਚ ਨਫਰਤ ਦੇ ਬੀਜ ਹੀ ਬੀਜਣਗੀਆਂ। ਰਾਖਵਾਂਕਰਨ ਦੀ ਮੰਗ ਵਧੇਗੀ, ਉੱਤੋਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਨਾਲ ਸਿਆਸੀ ਪਾਰਟੀਆਂ ’ਤੇ ਦਬਾਅ ਵਧੇਗਾ ਕਿ ਉਹ ਚੋਣਾਂ ’ਚ ਕਿਸੇ ਜਾਤੀ ਵਿਸ਼ੇਸ਼ ਨੂੰ ਰਾਖਵਾਂਕਰਨ ਨੂੰ ਆਪਣੇ ਚੋਣ ਮਨੋਰਥ ਪੱਤਰ ’ਚ ਸ਼ਾਮਲ ਕਰਨ। ਇਹ ਵੀ ਤੱਥ ਹਨ ਕਿ ਜਦੋਂ ਇੱਕ ਸੂਬੇ ’ਚ ਕੋਈ ਜਾਤੀ ਆਪਣੇ-ਆਪ ਨੂੰ ਪੱਛੜੀ ਹੋਈ ਮਹਿਸੂਸ ਕਰੇਗੀ ਤਾਂ ਦੂਜੇ ਰਾਜਾਂ ਅੰਦਰ ਵੀ ਜਾਤੀ ਆਧਾਰਿਤ ਜਨਗਣਨਾ ਕਰਵਾਉਣ ਦੀ ਮੰਗ ਉੱਠੇਗੀ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਮਰਦਮਸ਼ੁਮਾਰੀ ਰਾਹੀਂ ਜਾਤੀਆਂ ਦੇ ਆਰਥਿਕ ਵਿਕਾਸ ਤੱਕ ਪਹੁੰਚਣਾ ਬੜਾ ਆਸਾਨ ਹੈ। ਪਹਿਲਾਂ ਹੀ ਸਿਆਸੀ ਪਾਰਟੀਆਂ ਜਿਸ ਵੀ ਬਰਾਦਰੀ ਦਾ ਸਮਾਗਮ ਹੋਵੇ,ੳੱੁਥੇ ਬੜੇ ਧੜੱਲੇ ਨਾਲ ਉਸ ਜਾਤੀ ਨਾਲ ਵੱਡੇ-ਵੱਡੇ ਵਾਅਦੇ ਕਰਕੇ ਆਉਂਦੀਆਂ ਹਨ ਭਾਵੇਂ ਉਹ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਪਰ ਇਹ ਵਾਅਦੇ ਸਬੰਧਿਤ ਜਾਤੀ ’ਚ ਅੰਦੋਲਨ ਦੀ ਚੰਗਿਆੜੀ ਛੱਡ ਆਉਂਦੇ ਹਨ। ਜਾਤੀ ਆਧਾਰਿਤ ਰਾਖਵਾਂਕਰਨ ਦੇ ਮੁੱਦੇ ਦਾ ਭਿਆਨਕ ਚਿਹਰਾ ਮਣੀਪੁਰ ’ਚ ਸਭ ਵੇਖ ਚੁੱਕੇ ਹਨ। ਇਸ ਦੇ ਬਾਵਜ਼ੂਦ ਸਿਆਸੀ ਆਗੂ ਜਾਤੀਵਾਦ ਦੇ ਪੱਤੇ ਨੂੰ ਛੱਡਣ ਲਈ ਤਿਆਰ ਨਹੀਂ। ਅਸਲ ’ਚ ਸਿਆਸੀ ਆਗੂਆਂ ਨੂੰ ਜਾਤੀਆਂ ਦੇ ਵਿਕਾਸ ਦੀ ਫਿਕਰ ਘੱਟ ਤੇ ਵੋਟ ਦੀ ਫਿਕਰ ਵੱਧ ਹੈ।

ਜਾਤੀਵਾਦ ਭਾਰਤ ਦੀ ਉਸ ਵਿਚਾਰਧਾਰਾ ਦੇ ਹੀ ਉਲਟ ਹੈ ਜੋ ਸਾਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੀ ਹੈ। ਪੱਛੜੇ ਹੋਏ ਦੀ ਜਾਤ ਨਹੀਂ ਪੁੱਛਣੀ ਚਾਹੀਦੀ ਸਗੋਂ ਪੱਛੜਿਆ ਤਾਂ ਪੱਛੜਿਆ ਹੈ ਜਿਸ ਨੂੰ ਬਰਾਬਰ ਕਰਨ ਲਈ ਮੌਕੇ ਦੇਣ ਦੀ ਲੋੜ ਹੈ। ਸਾਰਿਆਂ ਦੇ ਵਿਕਾਸ ਲਈ ਬਰਾਬਰ ਸਹੂਲਤਾਂ ਪੈਦਾ ਕੀਤੀਆਂ ਜਾਣ। ਸਮਾਜ ਆਪਣੇ-ਆਪ ’ਚ ਇਨਸਾਨੀਅਤ ਦੇ ਸੰਕਲਪ ਨਾਲ ਜੁੜਿਆ ਹੈ। ਮਨੁੱਖਾਂ ਦਾ ਸਮੂਹ ਸਮਾਜ ਬਣਾਉਂਦਾ ਹੈ। ਪੂਰੇ ਸਮਾਜ ਦੀ ਬਿਹਤਰੀ ਲਈ ਕਦਮ ਚੁੱਕੇ ਜਾਣ। ਸ਼ਹਿਰਾਂ ’ਚ ਜਾਤੀਆਂ ਦੇ ਨਾਂਅ ’ਤੇ ਮੁਹੱਲੇ ਹਨ, ਅਜਿਹਾ ਹੀ ਪਿੰਡਾਂ ਅੰਦਰ ਵੀ ਹੈ ਪਰ ਸੰਵਿਧਾਨ ਸਾਰਿਆਂ ਦੇ ਵਿਕਾਸ ਦੀ ਗੱਲ ਕਰਦਾ ਹੈ। ਚੰਗੀ ਗਲੀ, ਪੀਣ ਵਾਲੇ ਪਾਣੀ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਕਿਸੇ ਵੀ ਜਾਤੀ ਦੇ ਆਧਾਰ ’ਤੇ ਨਹੀਂ ਦਿੱਤਾ ਜਾਂਦਾ, ਫਿਰ ਜਾਤੀ ਮਰਦਮਸ਼ੁਮਾਰੀ ਦੀ ਲੋੜ ਕਿਉਂ?