ਰਿਸ਼ਵਤ ਲੈਣ ਦੇ ਦੋਸ਼ ‘ਚ ਦੋ ਥਾਣੇਦਾਰਾਂ ਵਿਰੁੱਧ ਕੇਸ ਦਰਜ

15000 ਦੀ ਰਿਸ਼ਵਤ ਲੈਂਦਾ ਇੱਕ ਥਾਣੇਦਾਰ ਰੰਗੇ ਹੱਥੀਂ ਕਾਬੂ, ਦੂਜੇ ਦੀ ਗ੍ਰਿਫਤਾਰੀ ਬਾਕੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ ਬਿਊਰੋਂ ਵੱਲੋਂ 15000 ਹਜ਼ਾਰ ਦੀ ਰਿਸਵਤ ਲੈਣ ਦੇ ਦੋਸ਼ ਵਿੱਚ ਦੋ ਥਾਣੇਦਾਰਾਂ ਵਿਰੁੱਧ ਕੇਸ ਦਰਜ ਕਰਕੇ ਇਕ ਥਾਣੇਦਾਰ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਦੂਜੇ ਥਾਣੇਦਾਰ ਦੀ ਗ੍ਰਿਫਤਾਰੀ ਬਾਕੀ ਹੈ। ਵਿਜੀਲੈਂਸ ਬਿਊਰੋ ਕੋਲ ਗੁਰਜੀਤ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਮੇਰਾ ਜਮੀਨ ਸਬੰਧੀ ਅਮਰ ਸਿੰਘ ਨਾਲ ਝਗੜਾ ਚਲਦਾ ਸੀ। ਇਸ ਸਬੰਧ ਵਿਚ ਮੈਂ ਥਾਣਾ ਸਿਟੀ 2 ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਥਾਣੇਦਾਰ ਮਨੋਹਰ ਸਿੰਘ ਅਤੇ ਹਾਕਮ ਸਿੰਘ ਉਲਟਾ ਮੇਰਾ ਟਰੈਕਟਰ ਹੀ ਥਾਣੇ ਵਿਚ ਲੈ ਆਏ।

ਇਸ ਤੋਂ ਪਹਿਲਾਂ ਮੇਰਾ ਰਿਵਾਲਵਰ ਵੀ ਥਾਣੇ ਵਿਚ ਜਮ੍ਹਾ ਸੀ। ਇਹ ਦੋਵੇਂ ਚੀਜ਼ਾਂ ਛੱਡਣ ਦੇ ਬਦਲੇ ਵਿੱਚ ਉਨ੍ਹਾਂ ਨੇ ਮੇਰੇ ਕੋਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੌਦਾ 25000 ਵਿਚ ਤੈਅ ਹੋ ਗਿਆ। ਅੱਜ ਵਿਜੀਲੈਂਸ ਟੀਮ ਨੇ ਥਾਣੇਦਾਰ ਮਨੋਹਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਦੋਂਕਿ ਦੂਜੇ ਥਾਣੇਦਾਰ ਹਾਕਮ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਥਾਣੇਦਾਰ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.