ਬਿਨਾ ਪ੍ਰਵਾਨਗੀ ਤੋਂ ਕੀਤੀ ਜਾ ਰਹੀ ਸਿਨਮਾ ਹਾਲ ‘ਚ ਗੀਤ ਦੀ ਸ਼ੂਟਿੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਬਿਨਾ ਪ੍ਰਵਾਨਗੀ ਤੋਂ ਗੀਤ ਦੀ ਸੂਟਿੰਗ ਕਰ ਰਹੇ ਗਾਇਕ ਗੁਰਨਾਮ ਭੁੱਲਰ, ਡਾਇਰੈਕਟਰਾਂ ਸਮੇਤ ਪਰਾਈਮ ਸਿਨੇਮਾ ਰਾਜਪੁਰਾ ਦੇ ਮਾਲਕ ਖਿਲਾਫ਼ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕਰਨ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਣਾ ਸਦਰ ਰਾਜਪੁਰਾ ਦੇ ਇੰਚਾਰਜ਼ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਇਸ ਸਾਰਾ ਮਾਮਲਾ ਬੇਪਰਦ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਾਇਕ ਗੁਰਨਾਮ ਭੁੱਲਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਰਾਜਪੁਰਾ ਦੇ ਪ੍ਰਾਈਮ ਹਾਲ ਵਿਖੇ ਬਿਨਾਂ ਕਿਸੇ ਪ੍ਰਵਾਨਗੀ ਤੋਂ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਅਤੇ ਇਸ ਸਮੇਂ 40 ਤੋਂ ਵੱਧ ਵਿਅਕਤੀ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਰਾਜਪੁਰਾ ਥਾਣਾ ਸਦਰ ਦੇ ਇੰਚਾਰਜ਼ ਵੱਲੋਂ ਰੇਡ ਮਾਰੀ ਗਈ ਤਾਂ ਉੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਜੋ ਕਿ ਬਿਨਾ ਪ੍ਰਵਾਨਗੀ ਦੇ ਸੀ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਨਿਯਮਾਂ ਨੂੰ ਉਕਤ ਟੀਮ ਵੱਲੋਂ ਟਿੱਚ ਜਾਣਿਆ ਗਿਆ ਹੈ, ਜਿਸ ਸਬੰਧੀ ਪੁਲਿਸ ਵੱਲੋਂ ਧਾਰਾ 188 ਆਈਪੀਸੀ, 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਗਾਇਕ ਗੁਰਨਾਮ ਭੁੱਲਰ, ਵੀਡੀਓ ਡਾਇਰੈਕਟਰ ਖੁਸ਼ਪਾਲ ਸਿੰਘ, ਸਤੀਸ ਅਹੂਜਾ, ਅਸ਼ਵਨੀ ਸੂਰੀ ਅਤੇ ਪ੍ਰਾਈਮ ਮਾਲ ਦੇ ਮਾਲਕ ਸਮੇਤ 40 ਹੋਰਨਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ