ਮਾਮਲਾ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦਾ
ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ ਹੇਠ ਨਗਰ ਨਿਗਮ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਪੀਪੀਸੀਬੀ ਨੇ ਇਸ ਮਾਮਲੇ ਵਿੱਚ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਤੇ ਕਮਿਸ਼ਨਰ ਕਮਲਜੀਤ ਕੌਰ ਬਰਾੜ ਸਮੇਤ 9 ਉੱਚ ਅਧਿਕਾਰੀਆਂ ਤੇ ਕ੍ਰਿਮੀਨਲ ਕੇਸ ਦਰਜ ਕਰਵਾਇਆ ਹੈ। ਅੱਜ ਕੋਰਟ ਵਿੱਚ ਪੇਸ਼ ਹੋ ਕੇ ਮੇਅਰ ਬਲਕਾਰ ਸਿੰਘ ਸੰਧੂ, ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਜਮਾਨਤ ਕਰਵਾਈ। ਪ੍ਰਦੂਸ਼ਣ ਬੋਰਡ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਬਣਾਏ ਮਾਸਟਰ ਪਲਾਨ ਮੁਤਾਬਿਕ ਕੰਮ ਨਹੀਂ ਕੀਤਾ।
ਪ੍ਰਾਪਤ ਜਾਣਕਾਰੀ ਮੁਤਾਬਕ ਪੀਪੀਸੀਬੀ ਨੇ ਡਾਇੰਗ ਯੂਨਿਟਾਂ (ਕੱਪੜਾ ਰੰਗਣ ਵਾਲੀਆਂ ਇਕਾਈਆਂ) ਵੱਲੋਂ ਬੁੱਢੇ ਦਰਿਆ ‘ਚ ਤੇਜ਼ਾਬੀ ਪਾਣੀ ਸੁੱਟਣ ਤੋਂ ਨਗਰ ਨਿਗਮ ਵੱਲੋਂ ਨਾ ਰੋਕਣ ਤੇ 14-6-2019 ਨੂੰ ਇੱਕ ਦਰਖਾਸਤ ਗ੍ਰੀਨ ਟ੍ਰਿਬਿਊਨਲ ਦੇ ਸੀਜੇਐਮ ਪ੍ਰਭਜੋਤ ਸਿੰਘ ਕਾਲੇਕੇ ਦੀ ਕੋਰਟ ਵਿੱਚ ਦਿੱਤੀ ਸੀ। ਦਰਖਾਸਤ ਵਿੱਚ ਪੀਪੀਸੀਬੀ ਨੇ ਦੋਸ਼ ਲਾਇਆ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਨਗਰ ਨਿਗਮ ਵੱਲੋਂ ਬਣਾਏ ਮਾਸਟਰ ਪਲਾਨ ‘ਤੇ ਅਮਲ ਨਹੀਂ ਕੀਤਾ ਤੇ ਨਗਰ ਨਿਗਮ ਦੀ ਮਿਲੀਭੁਗਤ ਨਾਲ ਡਾਇੰਗ ਯੂਨਿਟਾਂ ਬੁੱਢੇ ਦਰਿਆ ਵਿੱਚ ਤੇਜ਼ਾਬੀ ਪਾਣੀ ਸੁੱਟ ਕੇ ਪ੍ਰਦੂਸ਼ਣ ਫੈਲਾ ਰਹੀਆਂ ਹਨ। ਕੋਰਟ ਨੇ ਸੁਣਵਾਈ ਤੋਂ ਬਾਦ ਪੁਲਿਸ ਨੂੰ ਮੇਅਰ ਬਲਕਾਰ ਸੰਧੂ, ਕਮਿਸ਼ਨਰ ਕਮਲਜੀਤ ਕੌਰ ਬਰਾੜ, ਅਡੀਸ਼ਨਲ ਕਮਿਸ਼ਨਰ ਸਮੇਤ 9 ਅਧਿਕਾਰੀਆਂ ਕ੍ਰਿਮੀਨਲ ਕੇਸ ਦਰਜ ਕਰਨ ਦੇ ਹੁਕਮ ਸੁਣਾਏ ਸਨ। ਕੇਸ ਦਰਜ਼ ਹੋਣ ਤੋਂ ਬਾਦ ਉਕਤ ਅਧਿਕਾਰੀਆਂ ਨੇ ਅੱਜ ਕੋਰਟ ਵਿੱਚ ਪੇਸ਼ ਹੋ ਕੇ ਜਮਾਨਤ ਲੈ ਲਈ। ਕੋਰਟ ਨੇ ਅਗਲੀ ਸੁਣਵਾਈ ਲਈ 5 ਅਕਤੂਬਰ ਦੀ ਤਰੀਕ ਨੀਯਤ ਕੀਤੀ ਹੈ।