ਕੁਲਵੰਤ ਕੋਟਲੀ/ਮੋਹਾਲੀ। ਆਪਣੀਆਂ ਦੁਕਾਨਾਂ, ਘਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਰੋਕਣ ਦੇ ਲਈ ਹੁਣ ਲੋਕ ਸਾਵਧਾਨ ਹੋ ਜਾਣ ਹੁਣ ਘਰਾਂ ਤੇ ਢਾਬਿਆਂ ਤੋਂ ਪਿਆਜ ਵੀ ਚੋਰੀ ਹੋਣ ਲੱਗੇ ਹਨ। ਅਜਿਹੀ ਹੀ ਇਕ ਘਟਨਾ ਮੋਹਾਲੀ ਵਿਚ ਸਾਹਮਣੇ ਆਏ ਜਿੱਥੇ ਇੱਕ ਮਣ ਪਿਆਜ ਚੋਰੀ ਹੋ ਗਏ।
ਸਥਾਨਕ ਫੇਜ 7 ਵਿੱਚ ਮਸ਼ਹੂਰ ਦੁਕਾਨ ਪਾਪਾ ਜੀ ਢਾਬਾ ਤੋਂ 40 ਕਿੱਲੋ ਪਿਆਜ ਚੋਰੀ ਹੋ ਗਏ। ਪਿਆਜਾਂ ਦੀ ਚੋਰੀ ਦੀ ਇਹ ਘਟਨਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੁਕਾਨ ਦੇ ਮਾਲਕ ਰਾਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਨਾਂ ਵਲੋਂ ਅੱਜ ਸਵੇਰੇ ਰੋਜਾਨਾ ਦੀ ਤਰਾਂ ਮੰਡੀ ਤੋਂ ਸਬਜੀਆਂ ਅਤੇ ਪਿਆਜ ਮੰਗਵਾਇਆ ਗਿਆ ਸੀ ਅਤੇ ਮੰਡੀ ਦੇ ਦੁਕਾਨਦਾਰ ਦੀ ਗੱਡੀ ਵਾਲਾ ਰੋਜ਼ਾਨਾ ਦੀ ਤਰਾਂ ਦੁਕਾਨ ਦੇ ਪਿਛਲੇ ਪਾਸੇ ਸਬਜੀਆਂ ਅਤੇ ਪਿਆਜ ਲਾਹ ਕੇ ਗਿਆ ਸੀ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦਾ ਕਰਮਚਾਰੀ ਪਿਆਜ ਲੈਣ ਲਈ ਪਿਛਲੇ ਪਾਸੇ ਗਿਆ ਤਾਂ ਉੱਥੇ ਬਾਕੀ ਦਾ ਸਾਰਾ ਸਾਮਾਨ ਪਿਆ ਸੀ।
ਪਰੰਤੂ ਪਿਆਜ ਨਹੀਂ ਸੀ, ਜਿਸ ਤੇ ਉਹਨਾਂ ਦੇ ਕਰਮਚਾਰੀ ਨੇ ਉਹਨਾਂ ਨੂੰ ਪਿਆਜ ਨਾ ਆਉਣ ਦੀ ਸ਼ਿਕਾਇਤ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੇ ਮੰਡੀ ਦੇ ਦੁਕਾਨਦਾਰ ਨੂੰ ਫੋਨ ਕੀਤਾ ਕਿ ਅੱਜ ਪਿਆਜ ਨਹੀਂ ਭਿਜਵਾਏ ਜਿਸਤੇ ਮੰਡੀ ਵਾਲੇ ਨੇ ਕਿਹਾ ਕਿ ਪਿਆਜ ਦੇ ਤਿੰਨ ਪੈਕੇਟ ਗਏ ਹਨ ਜਿਹੜੇ ਗੱਡੀ ਵਾਲਾ ਉੱਥੇ ਛੱਡ ਕੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੇ ਪਿਛਲੇ ਪਾਸੇ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵੇਖੀ ਜਿਸ ਵਿੱਚ ਦੋ ਔਰਤਾਂ ਉਹਨਾਂ ਦੀ ਦੁਕਾਨ ਦੇ ਪਿਛਲੇ ਪਾਸੇ ਤੋਂ ਪਿਆਜ ਲੈ ਕੇ ਜਾ ਰਹੀਆਂ ਦਿਖਾਈ ਦੇ ਰਹੀਆਂ ਸਨ।
ਦੁਕਾਨਦਾਰੀ ਕਰਨੀ ਮੁਸ਼ਕਲ ਹੋ ਰਹੀ ਹੈ
ਉਨ੍ਹਾਂ ਕਿਹਾ ਕਿ ਜਿਸ ਤਰਾਂ ਪਿਆਜ ਦੀ ਕੀਮਤ ਵੱਧ ਰਹੀ ਹੈ ਉਸ ਕਾਰਨ ਦੁਕਾਨਦਾਰੀ ਕਰਨੀ ਮੁਸ਼ਕਲ ਹੋ ਰਹੀ ਹੈ। ਅਜਿਹੇ ਵਿੱਚ ਪਿਆਜ ਚੋਰੀ ਹੋ ਜਾਣ ਨਾਲ ਉਨ੍ਹਾਂ ਕਰੀਬ 4 ਹਜਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸੀ ਸੀ ਟੀ ਵੀ ਵਿੱਚ ਦਿਖੀਆਂ ਔਰਤਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਵਿੱਚ ਸ਼ਿਕਾਇਤ ਦਿੱਤੇ ਜਾਣ ਬਾਰੇ ਉਹਨਾਂ ਕਿਹਾ ਕਿ ਇਸ ਚੋਰੀ ਦੀ ਕੀ ਰਿਪੋਰਟ ਲਿਖਵਾਈਏ, ਉਹਨਾਂ ਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।