ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਚੰਡੀਗੜ੍ਹ ਕਿਸੇ ਕਾਰਨ ਵਸ ਮੇਰਾ ਜਾਣਾ ਹੋ ਗਿਆ। ਮੈਂ ਆਪਣੇ ਵਿਭਾਗੀ ਰੁਝੇਂਵੇ ਕਾਰਨ ਸਵੇਰੇ 9 ਵਜੇ ਮੁਹਾਲੀ ਦਫਤਰ ਪਹੁੰਚਣਾ ਸੀ। ਮੈਂ ਸਵੇਰੇ ਤਿੰਨ ਵਜੇ ਉੱਠਿਆ, ਤਿਆਰ ਹੋਇਆ ਤੇ ਨਾਸ਼ਤਾ ਕਰਕੇ ਪਹਿਲੀ ਬੱਸ ਫੜੀ। ਤਕਰੀਬਨ ਮੈਂ ਸਾਢੇ ਅੱਠ ਵਜੇ ਚੰਡੀਗੜ੍ਹ ਦੇ 43 ਸੈਕਟਰ ਪਹੁੰਚ ਗਿਆ। ਮੈਨੂੰ ਮੁਹਾਲੀ ਸਿੱਖਿਆ ਬੋਰਡ ਪਹੁੰਚਣ ਦੀ ਜਲਦੀ ਸੀ। ਮੈਂ ਬੱਸ ਦਾ ਪਤਾ ਕੀਤਾ ਤਾਂ ਅਜੇ ਬੱਸ ਆਉਣ ਵਿੱਚ ਥੋੜ੍ਹਾ ਸਮਾਂ ਸੀ। ਮੈਂ ਝੱਟਪਟ ਇੱਕ ਕੈਬ ਵਾਲੇ ਨੂੰ ਪੁੱਛ ਲਿਆ, ਮੈਂ ਕਿਹਾ ਬਾਈ ਜੀ, ਮੁਹਾਲੀ ਸਿੱਖਿਆ ਬੋਰਡ ਚੱਲੋਗੇ ? ਤਾਂ ਉਸਨੇ ਕਿਹਾ, ਕਿਉਂ ਨਹੀਂ ਜੀ, ਹਮਨੇ ਜਾਣੇ ਲਈ ਹੀ ਕੈਬ ਪਾਈ ਹੈ। ਮੈਂ ਕਾਹਲੀ ਪੈਰੀਂ ਅੱਗੇ ਹੋਇਆ ਤੇ ਕੈਬ ਵਿੱਚ ਬੈਠ ਗਿਆ। ਡਰਾਈਵਰ ਆਪਣੀ ਦਿੱਖ ਤੋਂ ਗੁਰਸਿੱਖ ਲੱਗ ਰਿਹਾ ਸੀ। (carefree life)
ਸਿਰ ’ਤੇ ਪੱਗ ਤੇ ਖੁੱਲੀ ਦਾੜ੍ਹੀ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਂ ਉਸ ਨੂੰ ਪੁੱਛ ਬੈਠਾ, ਬਾਈ ਜੀ, ਤੁਸੀਂ ਕੇਸ ਦਾੜ੍ਹੀ ਤੋਂ ਤਾਂ ਸਰਦਾਰ ਲੱਗਦੇ ਹੋ ਪਰ ਬੋਲੀ ਤੁਹਾਡੀ ਹਿੰਦੀ, ਪੰਜਾਬੀ ਮਿਕਸ ਜਿਹੀ ਹੈ ਇਹ ਕੀ ਚੱਕਰ ਹੈ ? ਉਹ ਹੱਸਦੇ ਹੋਏ ਕਹਿਣ ਲੱਗਿਆ, ਹਾਂ ਜੀ, ਸਹੀ ਪਹਿਚਾਣਿਆ। ਮੈਂ ਉਂਜ ਤਾਂ ਸਰਦਾਰ ਹੀ ਹਾਂ ਪਰ ਜੰਮਪਲ ਹਰਿਆਣੇ ਦਾ ਹਾਂ। ਅਸਲ ਵਿੱਚ ਮੇਰਾ ਜੋ ਪਿੰਡ ਹੈ ਉਹ ਹਰਿਆਣੇ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਹੈ। ਉਸਦੇ ਐਨਾ ਕਹਿਣ ’ਤੇ ਮੈਂ ਸੋਚਣ ਲੱਗ ਪਿਆ ਕਿ ਯਮੁਨਾਨਗਰ ਦਾ ਰਹਿਣ ਵਾਲਾ ਚੰਡੀਗੜ੍ਹ ਵਿੱਚ ਕੈਬ ਕਿਉਂ ਚਲਾਉਣ ਲੱਗਿਆ। ਇਸੇ ਉਧੇੜ- ਬੁਣ ਵਿੱਚ ਮੈਂ ਸਹਿ ਸੁਭਾਅ ਹੀ ਉਸਨੂੰ ਪੁੱਛ ਲਿਆ।
Also Read : ਆਮ ਆਦਮੀ ਪਾਰਟੀ ਵੱਲੋਂ ਮੌੜ ਮੰਡੀ ’ਚ ਵਿਕਾਸ ਰੈਲੀ ਕੱਲ੍ਹ
ਸਰਦਾਰ ਜੀ, ਗੁਸਤਾਖੀ ਮੁਆਫ, ਇਹ ਹੈ ਤਾਂ ਤੁਹਾਡੀ ਜ਼ਿੰਦਗੀ ਪ੍ਰਤੀ ਮੇਰਾ ਇੱਕ ਨਿੱਜੀ ਸਵਾਲ ਪਰ ਫਿਰ ਵੀ ਮੇਰੇ ਮਨ ਵਿੱਚ ਵਾਰ-ਵਾਰ ਇਸ ਸਵਾਲ ਆ ਰਿਹਾ ਹੈ ਕਿ ਤੁਸੀਂ ਯਮੁਨਾਨਗਰ ਦੇ ਰਹਿਣ ਵਾਲੇ ਇੱਥੇ ਚੰਡੀਗੜ੍ਹ ਕੈਬ ਕਿਉਂ ਚਲਾਉਣ ਲੱਗ ਪਏ ? ਉਸ ਕੈਬ ਡਰਾਈਵਰ ਨੇ ਥੋੜ੍ਹਾ ਜਿਹਾ ਮੁਸਕਰਾਉਂਦੇ ਹੋਏ ਬੋਲਣਾ ਸ਼ੁਰੂ ਕੀਤਾ। ਦਰਅਸਲ ਕੋਈ ਖਾਸ ਵੱਡੀ ਗੱਲ ਨਹੀਂ। ਅਸੀਂ ਆਪਣੇ ਮਾਂ-ਪਿਓ ਦੇ ਤਿੰਨ ਭੈਣ-ਭਰਾ ਸਾਂ। ਮੇਰਾ ਪਿਤਾ ਦਿਹਾੜੀਦਾਰ ਮਜ਼ਦੂਰ ਸੀ।
ਅਸੀਂ ਸਾਰੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ। ਔਖੇ-ਸੌਖੇ ਮੈਂ ਬਾਰਾਂ ਪਾਸ ਕਰ ਲਈਆਂ ਪਰ ਮੈਂ ਕੋਈ ਐਨਾ ਹੁਸ਼ਿਆਰ ਨਹੀਂ ਸੀ ਕਿ ਜ਼ਿਆਦਾ ਪੜ੍ਹ ਕੇ ਨੌਕਰੀ ਮਿਲਣ ਦੇ ਅਸਾਰ ਹੋਣ ਤੇ ਨਾ ਹੀ ਸਾਡੇ ਕੋਲ ਕੋਈ ਅਜਿਹੇ ਵਸੀਲੇ ਸਨ, ਜਿਨ੍ਹਾਂ ਨਾਲ ਆਉਣ ਵਾਲੀ ਜ਼ਿਦਗੀ ਨੂੰ ਸੁਖਾਲਾ ਬਣਾਇਆ ਜਾ ਸਕੇ। ਮੈਨੂੰ ਗੱਡੀ ਡਰਾਈਵ ਕਰਨ ਦਾ ਬਹੁਤ ਸ਼ੌਂਕ ਸੀ। ਮੇਰੇ ਪਿਤਾ ਜੀ ਜਿਹੜੇ ਭੱਠੇ ’ਤੇ ਕੰਮ ਕਰਦੇ ਸਨ, ਉਸਦੇ ਮਾਲਕ ਕੋਲ ਕਈ ਗੱਡੀਆਂ ਸਨ। ਮੈਂ ਅਕਸਰ ਉੱਥੇ ਚਲਾ ਜਾਂਦਾ ਤੇ ਜਦ ਵੀ ਵਿਹਲ ਮਿਲਦੀ ਮੈਂ ਗੱਡੀ ਚਲਾਉਣ ਦਾ ਕੋਈ ਵੀ ਮੌਕਾ ਨਾ ਜਾਣ ਦਿੰਦਾ। ਹੌਲੀ-ਹੌਲੀ ਮੈਂ ਕਾਰ ਚਲਾਉਣੀ ਸਿੱਖ ਗਿਆ। ਇੱਕ ਦਿਨ ਮੈਂ ਤੇ ਮੇਰੇ ਕੁਝ ਦੋਸਤਾਂ ਨੇ ਚੰਡੀਗੜ੍ਹ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ। ਮਿਥੇ ਪ੍ਰੋਗਰਾਮ ਅਨੁਸਾਰ ਅਸੀਂ ਸਾਰੇ ਚੰਡੀਗੜ੍ਹ ਪਹੁੰਚ ਗਏ।
Also Read : ਡਰਾਇਵਿੰਗ ਲਾਇਸੰਸ ਤੇ ਵਾਹਨਾਂ ਦੀ ਆਰਸੀ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ!
ਚੰਡੀਗੜ੍ਹ ਸਹਿਰ ਵੇਖ ਕੇ ਮੈਂ ਕਾਫੀ ਹੈਰਾਨ ਸੀ। ਇੱਕ ਛੋਟੇ ਜਿਹੇ ਪਿੰਡ ਅਤੇ ਛੋਟੇ ਜਿਹੇ ਘਰ ਵਿੱਚ ਰਹਿਣ ਵਾਲੇ ਲੜਕੇ ਲਈ ਐਨਾ ਵੱਡਾ ਤੇ ਸੋਹਣਾ ਸ਼ਹਿਰ ਦੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਸੀ। ਮੈਂ ਐਨੇ ਸੋਹਣੇ ਘਰ, ਸਾਫ-ਸਫਾਈ, ਸਾਫ ਸੜਕਾਂ, ਤੇ ਵੱਡੇ-ਵੱਡੇ ਮਾਲ ਕਦੇ ਨਹੀਂ ਸਨ ਵੇਖੇ। ਬਸ ਮੈਂ ਇੱਕੋ ਨਜ਼ਰ ਵਿੱਚ ਇਥੋਂ ਦਾ ਹੋ ਕੇ ਰਹਿ ਗਿਆ। ਅਸੀਂ ਤਿੰਨ ਦਿਨ ਇਥੇ ਰਹੇ। ਇਥੇ ਇੱਕ ਸਾਡਾ ਜਾਣਕਾਰ ਲੜਕਾ ਡਰਾਈਵਰੀ ਕਰਦਾ ਸੀ। ਜਦ ਸਾਨੂੰ ਤਿੰਨ ਦਿਨ ਹੋ ਗਏ ਤਾਂ ਸਾਰਿਆਂ ਨੇ ਇਥੋਂ ਜਾਣ ਦੀ ਤਿਆਰੀ ਵੱਟ ਲਈ ਤੇ ਮੈਂ ਇੱਥੇ ਹੀ ਰਹਿਣ ਦਾ ਮਨ ਬਣਾ ਲਿਆ। ਬਾਕੀ ਸਾਰੇ ਆਵਦੇ ਆਵਦੇ ਪਿੰਡ ਚਲੇ ਗਏ ਤੇ ਮੈਂ ਇੱਥੇ ਹੀ ਰਹਿ ਗਿਆ। ਜਿਸ ਲੜਕੇ ਕੋਲ ਮੈਂ ਰਿਹਾ ਸੀ ਉਸਨੇ ਇੱਕ ਜਾਣ ਪਛਾਣ ਵਾਲੇ ਘਰੇ ਮੈਨੂੰ ਕਾਰ ਦਾ ਡਰਾਈਵਰ ਲਗਵਾ ਦਿੱਤਾ।
ਬਸ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਮੈਂ ਆਪਣੀ ਕੈਬ ਖਰੀਦ ਲਈ। ਕੁਝ ਪੈਸੇ ਜੁੜੇ ਆਪਣਾ ਮਕਾਨ ਲੈ ਲਿਆ। ਪਿੰਡ ਭੈਣਾਂ ਦੇ ਵਿਆਹ ਕੀਤੇ ਤੇ ਫਿਰ ਆਪਣਾ ਵਿਆਹ ਵੀ ਕਰਵਾ ਕੇ ਇੱਥੇ ਹੀ ਸੈਟਲ ਹੋ ਗਿਆ। ਹੁਣ ਬੱਚੇ ਇਥੇ ਸਕੂਲ ਵਿੱਚ ਪੜ੍ਹਦੇ ਹਨ। ਰੱਬ ਦੀ ਕਿਰਪਾ ਨਾਲ ਮੇਰੇ ਕੋਲ ਤਿੰਨ ਕਾਰਾਂ ਹਨ। ਇਕ ਮੈਂ ਆਪ ਚਲਾਉਂਦਾ ਹਾਂ ਤੇ ਬਾਕੀ ਦੋਵਾਂ ਤੇ ਡਰਾਈਵਰ ਰੱਖੇ ਹੋਏ ਹਨ। ਬਸ ਇਹ ਹੈ ਮੇਰੀ ਜਿੰਦਗੀ ਦੀ ਨਿੱਕੀ ਜਿਹੀ ਕਹਾਣੀ। ਮੈਨੂੰ ਉਸ ਦੀਆਂ ਇਨ੍ਹਾਂ ਗੱਲਾਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕਈ ਲੋਕ ਕਿੰਨੇ ਬੇਫਿਕਰ ਹੁੰਦੇ ਹਨ। ਆਪਣੀ ਜ਼ਿੰਦਗੀ ਦੇ ਫੈਸਲੇ ਕਿੰਨੇ ਜਲਦੀ ਕਰ ਲੈਂਦੇ ਹਨ। ਪਰ ਨਾਲ ਹੀ ਮੈਨੂੰ ਇਹ ਅਹਿਸਾਸ ਵੀ ਹੋ ਗਿਆ ਕਿ ਕੁਝ ਨਾ ਖੋਹਣ ਦਾ ਡਰ ਵੀ ਬੰਦੇ ਨੂੰ ਬੇਫਿਕਰਾ ਬਣਾ ਹੀ ਦਿੰਦਾ ਹੈ।
ਜਸਵਿੰਦਰ ਪਾਲ ਸ਼ਰਮਾ ਸਸ ਮਾਸਟਰ , ਸਸਸਸ ਹਾਕੂਵਾਲਾ ਸ੍ਰੀ ਮੁਕਤਸਰ ਸਾਹਿਬ
ਮੋ :-79860-27454