ਮਾਂ-ਧੀ ਦੀਆਂ ਲਾਸਾਂ ਬਰਾਮਦ, ਬਾਕੀਆਂ ਦੀ ਭਾਲ ਜਾਰੀ
ਧਾਰਮਿਕ ਸਥਾਨ ਤੋਂ ਵਾਪਸ ਪਰਤ ਰਿਹਾ ਸੀ ਪਰਿਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਥੋੜ੍ਹੀ ਦੂਰ ਪਸਿਆਣਾ ਪੁਲਾਂ ’ਤੇ ਭਾਖੜਾ ਨਹਿਰ ਵਿੱਚ ਦੇਰ ਰਾਤ ਇੱਕ ਕਾਰ ਡਿੱਗਣ ਕਾਰਨ ਪੰਜ ਜਣੇ ਡੁੱਬ ਗਏ। ਇਹ ਸਾਰੇ ਜਣੇ ਇੱਕੋ ਹੀ ਪਰਿਵਾਰ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚੋਂ ਮਾਂ ਅਤੇ ਧੀ ਦੀਆਂ ਲਾਸਾਂ ਬਰਾਮਦ ਹੋ ਗਈਆਂ ਹਨ ਜਦਕਿ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਇੱਕ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਘਰ ਰਾਮਪੁਰਾ ਫੂਲ ਨੂੰ ਜਾ ਰਿਹਾ ਸੀ।
ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਜਸਵਿੰਦਰ ਕੁਮਾਰ, ਨੀਲਮ ਰਾਣੀ, ਬੇਟੀਆਂ ਸੁਮਿਤਾ ਗਰਗ, ਸਿਖਾ ਗਰਗ ਅਤੇ ਬੇਟਾ ਪੀਰੂ ਗਰਗ ਵਾਸੀ ਰਾਮਪੁਰਾ ਫੂਲ ਸਫ਼ਿਵਟ ਕਾਰ ਵਿੱਚ ਸਵਾਰ ਹੋਕੇ ਇੱਕ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਸਨ। ਜਦੋਂ ਇਨ੍ਹਾਂ ਦੀ ਕਾਰ ਪਟਿਆਲਾ ਦੇ ਪਸਿਆਣਾ ਵਿਖੇ ਪੁੱਜੀ ਤਾਂ ਭਾਖੜਾ ਨਹਿਰ ਵਿੱਚ ਡਿੱਗ ਗਈ। ਇਹ ਘਟਨਾ ਬੀਤੀ ਰਾਤ ਸਾਢੇ 12 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਜਦੋਂ ਕਿਸੇ ਰਾਹਗੀਰ ਵੱਲੋਂ ਪੁਲਿਸ ਕੋਲ ਸੂਚਨਾ ਦਿੱਤੀ ਗਈ ਕਿ ਨਹਿਰ ਵਿੱਚ ਲਾਇਟਾਂ ਲੱਗੀਆਂ ਹੋਈਆਂ ਦਿਖ ਰਹੀਆਂ ਹਨ, ਜਿਵੇਂ ਕੋਈ ਵਾਹਨ ਡਿੱਗ ਗਿਆ ਹੋਵੇ। ਇਸ ਤੋਂ ਬਾਅਦ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਸੂਚਿਤ ਕੀਤਾ ਗਿਆ। ਰਾਤ ਨੂੰ ਹੀ ਗੋਤਾਖੋਰਾਂ ਵੱਲੋਂ ਨਹਿਰ ਅੰਦਰ ਭਾਲਣ ਦੀ ਕੋਸ਼ਿਸ ਕੀਤੀ ਗਈ, ਪਰ ਉਨ੍ਹਾਂ ਨੂੰ ਕੁਝ ਨਾ ਮਿਲਿਆ। ਇਸ ਤੋਂ ਬਾਅਦ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਮੁੜ ਭਾਲ ਸ਼ੁਰੂ ਕੀਤੀ ਗਈ, ਜਿਸ ਦੌਰਾਨ ਨਹਿਰ ਵਿੱਚ ਕਾਰ ਡਿੱਗੀ ਹੋਣ ਦੀ ਗੱਲ ਸਾਹਮਣੇ ਆਈ।
ਪੁਲਿਸ ਵੱਲੋਂ ਕਰੇਨ ਦੀ ਮੱਦਦ ਨਾਲ ਸਫ਼ਿਵਟ ਕਾਰ ਨੂੰ ਬਾਹਰ ਕੱਢਿਆ ਗਿਆ, ਜਿਸ ਵਿੱਚੋਂ ਦੋ ਲਾਸਾਂ ਬਰਾਮਦ ਹੋਈਆਂ। ਇਨ੍ਹਾਂ ਦੀ ਪਹਿਚਾਣ 45 ਸਾਲਾ ਨੀਲਮ ਰਾਣੀ, 22 ਸਾਲਾ ਲੜਕੀ ਸੁਮਿਤਾ ਗਰਗ ਵਜੋਂ ਹੋਈ ਹੈ। ਥਾਣਾ ਪਸਿਆਣਾ ਦੇ ਐਸਐਚਓ ਅਕੁਰਦੀਪ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਪੰਜ ਜਣੇ ਸਵਾਰ ਸਨ। ਜਿਨ੍ਹਾਂ ਵਿੱਚੋਂ ਮਾਂ ਅਤੇ ਇੱਕ ਧੀ ਦੀ ਲਾਸ਼ ਬਰਾਮਦ ਹੋ ਗਈ ਹੈ, ਪਰ ਜਸਵਿੰਦਰ ਕੁਮਾਰ, ਸਿਖਾ ਗਰਗ ਅਤੇ 9 ਸਾਲਾ ਪੀਰੂ ਗਰਗ ਦੀਆਂ ਲਾਸ਼ਾਂ ਅਜੇ ਬਰਾਮਦ ਨਹੀਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਰਾਮਪੁਰਾ ਫੂਲ ਦੀ ਅਗਰਵਾਲ ਕਲੌਨੀ ਨਾਲ ਸਬੰਧਿਤ ਹੈ, ਜੋ ਕਿ ਧਾਰਮਿਕ ਸਥਾਨ ਤੋਂ ਵਾਪਸ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਗੋਤਾਖੋਰਾਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ।
ਭਾਖੜਾ ਤੋਂ ਲੰਘਦੇ ਮੁੱਖ ਮਾਰਗ ’ਤੇ ਸੀਸੀਟੀਵੀ ਹੀ ਨਹੀਂ
ਇੱਧਰ ਭਾਖੜਾ ਦੇ ਬਿਲਕੁੱਲ ਨਾਲ ਲੱਗਦਾ ਥਾਣਾ ਪਸਿਆਣਾ ਹੈ, ਪਰ ਵੱਡੀ ਗੱਲ ਇਹ ਹੈ ਕਿ ਥਾਣਾ ਹੋਣ ਦੇ ਬਾਵਜੂਦ ਭਾਖੜਾ ਨਹਿਰ ਦੇ ਨੇੜੇ ਤੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਮੁੱਖ ਮਾਰਗ ਹੋਣ ਕਾਰਨ ਨਹਿਰ ਦੇ ਨੇੜੇ ਸੀਸੀਟੀਵੀ ਕੈਮਰੇ ਲੱਗਣੇ ਜ਼ਰੂਰੀ ਹਨ ਤਾਂ ਜੋ ਅਜਿਹੇ ਹਾਦਸਿਆਂ ਬਾਰੇ ਤੁਰੰਤ ਪਤਾ ਲੱਗ ਸਕੇ। ਐਸਐਚਓ ਅਕੁਰਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਇੱਥੇ ਕੈਮਰੇ ਲਗਾਉਣ ਲਈ ਇੱਕ ਟੀਮ ਵੱਲੋਂ ਦੌਰਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਥੇ ਕੈਮਰੇ ਬਹੁਤ ਜ਼ਰੂਰੀ ਹਨ ਤਾਂ ਜੋ ਭਾਖੜਾ ਨਹਿਰ ਨੇੜੇ ਹਰੇਕ ਹਲਚਲ ਬਾਰੇ ਸੂਚਨਾ ਮਿਲਦੀ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ